ਜਾਣੋ ਕਿਵੇਂ ਹੁੰਦੀ ਹੈ ਨਵੀਆਂ ਕਿਸਮਾਂ ਦੀ ਪਰਖ ਅਤੇ ਬੀਜ ਉਤਪਾਦਨ
Sunday, May 31, 2020 - 11:10 AM (IST)

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਮਿਆਰੀ ਬੀਜ ਨੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ’ਤੇ ਖੇਤੀਬਾੜੀ ਦੀ ਤਰੱਕੀ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਪੰਜਾਬ ਦੇ ਕਿਸਾਨ ਦੀ ਨਵੀਆਂ ਕਿਸਮਾਂ ਦੇ ਬੀਜ ਪ੍ਰਤੀ ਮਿਸਾਲੀ ਉਤਸੁਕਤਾ ਅਤੇ ਪਹਿਲਕਦਮੀ ਹੈ। ਹਾਲ ਹੀ ਵਿੱਚ ਪਰਮਲ ਝੋਨੇ ਦੀਆਂ ਨਵੀਆਂ ਕਿਸਮਾਂ ਦੇ ਬੀਜ ਨੇ ਮੀਡੀਆ ਦਾ ਧਿਆਨ ਖਿੱਚਿਆ ਹੈ। ਵੱਖ-ਵੱਖ ਸਰੋਤਾਂ ਤੋਂ ਕਿਸਾਨਾਂ ਦੁਆਰਾ ਖਰੀਦੇ ਗਏ ਬੀਜ ਦੀ ਪ੍ਰਮਾਣਿਕਤਾ ਬਾਰੇ ਕੁਝ ਪ੍ਰਸ਼ਨ ਉੱਭਰੇ ਹਨ। ਇਸ ਮਸਲੇ ਨੂੰ ਸਮਝਣ ਲਈ ਨਵੀਆਂ ਕਿਸਮਾਂ ਦੀ ਤਜਰਬਿਆਂ ਵਿੱਚ ਪਰਖ, ਕਾਸ਼ਤ ਲਈ ਸਿਫਾਰਸ਼ ਅਤੇ ਬੀਜ ਉਤਪਾਦਨ ਨਾਲ ਸਬੰਧਤ ਪ੍ਰਣਾਲੀ ਦੀ ਜਾਣਕਾਰੀ ਜ਼ਰੂਰੀ ਹੈ ਕਿ ਕਿਵੇਂ ਇੱਕ ਨਵੀਂ ਕਿਸਮ ਨੂੰ ਤਿਆਰ ਕਰਨ ਲਈ 10 ਤੋਂ 12 ਸਾਲ ਲੱਗ ਜਾਂਦੇ ਹਨ ਅਤੇ ਕਿਵੇਂ ਬੀਜ ਉਤਪਾਦਨ ਸ਼ੁਰੂ ਹੁੰਦਾ ਹੈ। ਇਸ ਪ੍ਰਣਾਲੀ ਦੇ ਮੁੱਖ ਪੜਾਅ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ ਬਲਦੇਵ ਸਿੰਘ ਢਿੱਲੋਂ ਨੇ ਸੰਖੇਪ ਵਿੱਚ ਦੱਸੇ
1. ਕਿਸੇ ਵੀ ਫ਼ਸਲ ਵਿਚ ਨਵੀਂ ਕਿਸਮ ਤਿਆਰ ਕਰਨ ਦੀ ਪ੍ਰਕਿਰਿਆ ਦੋ ਜਾਂ ਵਧੇਰੇ ਮਾਪਿਆਂ ਦੇ ਚੰਗੇ ਗੁਣਾਂ ਨੂੰ ਪਰ-ਪ੍ਰਾਗਣ ਰਾਹੀਂ ਸੁਮੇਲ ਕਰਨ ਨਾਲ ਸ਼ੁਰੂ ਹੁੰਦੀ ਹੈ।
2. ਅਗਲੇ 6 ਤੋਂ 7 ਸਾਲਾਂ ਲਈ ਇਸ ਪ੍ਰ੍ਰਕਿਰਿਆ ਤੋਂ ਉਤਪੰਨ ਅੱਡ-ਅੱਡ ਲਾਈਨਾਂ ਨੂੰ ਪੀੜੀ ਦਰ ਪੀੜੀ ਲੋੜੀਂਦੇ ਗੁਣਾਂ ਦੇ ਅਧਾਰ ’ਤੇ ਚੁਣਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਸਥਿਰ ਬਣਾਇਆ ਜਾਂਦਾ ਹੈ।
3. ਉਪਰਲੀ ਪ੍ਰਕਿਰਿਆ ਤੋਂ ਚੋਣ ਕੀਤੀਆਂ ਹਜ਼ਾਰਾਂ ਸਥਿਰ ਲਾਈਨਾਂ ਨੂੰ ਛੋਟੇ ਪਲਾਟ ਵਿੱਚ ਪਰਖਿਆ ਜਾਂਦਾ ਹੈ। ਇਨ੍ਹਾਂ ਹਜ਼ਾਰਾਂ ਲਾਈਨਾਂ ਵਿੱਚੋਂ 1-5 ਫੀਸਦੀ ਹੀ ਅਗਲੇ ਪੜਾਅ ਲਈ ਚੁਣੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਤਜਰਬੇ ਹੇਠ ਕਿਸਮਾਂ ਕਿਹਾ ਜਾ ਸਕਦਾ ਹੈ।
ਪੜ੍ਹੋ ਇਹ ਵੀ ਖਬਰ - ਜਾਣੋ ਵਾਇਰਲ ਹੋ ਰਹੀ ਇਸ ਤਸਵੀਰ ਦੇ ਪਿੱਛੇ ਦਾ ਅਸਲੀ ਸੱਚ (ਵੀਡੀਓ)
4. ਚੁਣੀਆਂ ਤਜਰਬੇ ਹੇਠ ਕਿਸਮਾਂ ਨੂੰ ਖੋਜ ਫਾਰਮ ਤੇ ਦੁਹਰਾਏ ਤਜਰਬਿਆਂ ਵਿੱਚ ਪਰਖਿਆ ਜਾਂਦਾ ਹੈ। ਇਨ੍ਹਾਂ ਵਿੱਚੋਂ ਚੰਗੇ ਝਾੜ ਅਤੇ ਗੁਣਾਂ ਵਾਲੀਆਂ ਕੁਝ ਚੁਨਿੰਦਾ ਕਿਸਮਾਂ ਨੂੰ ਅਗਲੇ ਸਾਲ ਵੱਖ-ਵੱਖ ਖੋਜ ਕੇਂਦਰਾਂ ਉਤੇ ਅੱਗੇ ਪਰਖਿਆ ਜਾਂਦਾ ਹੈ। ਇਹ ਪ੍ਰਕਿਰਿਆ ਘੱਟ ਤੋਂ ਘੱਟ ਤਿੰਨ ਸਾਲਾਂ ਲਈ ਚਲਦੀ ਹੈ।
5. ਪੰਜਾਬ ਵਿੱਚ ਪਰਖਣ ਦੇ ਨਾਲ-ਨਾਲ ਇਹ ਤਜਰਬੇ ਹੇਠ ਕਿਸਮਾਂ ਆਈ. ਸੀ. ਏ. ਆਰ. ਦੇ ਆਲ ਇੰਡੀਆ ਕੋਆਰਡੀਨੇਟਡ ਰਿਸਰਚ ਪ੍ਰਾਜੈਕਟਾਂ ਤਹਿਤ ਰਾਸ਼ਟਰੀ ਪੱਧਰ ਦੇ ਤਜਰਬਿਆਂ ਵਿੱਚ ਵੀ ਪਰਖ਼ੀਆਂ ਜਾਂਦੀਆਂ ਹਨ।
6. ਰਾਜ ਅਤੇ ਰਾਸ਼ਟਰੀ ਤਜਰਬਿਆਂ ਦੇ ਆਧਾਰ ’ਤੇ ਚੁਣੀਆਂ ਗਈਆਂ ਉਤਮ ਦਰਜ਼ੇ ਦੀਆਂ ਤਜਰਬੇ ਹੇਠ ਕਿਸਮਾਂ ਨੂੰ ਯੂਨੀਵਰਸਿਟੀ ਦੀ ‘‘ਖੋਜ ਮੁਲਾਂਕਣ ਕਮੇਟੀ ਦੁਆਰਾ ਕਿਸਾਨਾਂ ਦੇ ਖੇਤਾਂ ਵਿੱਚ ਤਜਰਬੇ ਕਰਨ ਲਈ ਵਿਚਾਰਿਆ ਜਾਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਕਿਸਮਾਂ ਦੇ ਨਤੀਜਿਆਂ ਉੱਪਰ ਖੇਤੀਬਾੜੀ ਅਫਸਰਾਂ ਦੀ ਵਰਕਸ਼ਾਪ ਵਿੱਚ ਵੀ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ।
7. ਚੁਣੀਆਂ ਗਈਆਂ ਤਜਰਬੇ ਹੇਠ ਕਿਸਮਾਂ ਨੂੰ ਕਿਸਾਨਾਂ ਦੇ ਖੇਤਾਂ ਵਿੱਚ ਪਰਖ ਲਈ ਲਗਾਇਆ ਜਾਂਦਾ ਹੈ। ਮੁਲਾਂਕਣ ਦੇ ਇਸ ਹਿੱਸੇ ਵਿੱਚ ਕਿਸਮਾਂ ਨੂੰ ਵੱਖ-ਵੱਖ ਜ਼ਿਲਿਆਂ ਦੀਆਂ ਖੇਤਰੀ ਸਥਿਤੀਆਂ ਅਤੇ ਕਿਸਾਨਾਂ ਵੱਲੋਂ ਵੱਖਰੀ ਦੇਖਭਾਲ ਵਿੱਚ ਪਰਖਿਆ ਜਾਂਦਾ ਹੈ। ਇਸ ਨਾਲ ਨਵੀਆਂ ਕਿਸਮਾਂ ਦੀ ਮੌਜੂਦਾ ਕਿਸਮਾਂ ਨਾਲ ਤੁਲਨਾ ਹੋਰ ਸਪੱਸ਼ਟ ਹੋ ਜਾਂਦੀ ਹੈ। ਇਨ੍ਹਾਂ ਤਜਰਬਿਆਂ ਦਾ ਨਿਯੰਤਰਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਸਾਰ ਮਾਹਿਰ ਅਤੇ ਪੰਜਾਬ ਖੇਤੀਬਾੜੀ ਵਿਭਾਗ ਦੇ ਖੇਤੀਬਾੜੀ ਅਫ਼ਸਰ ਕਰਦੇ ਹਨ।
8. ਖੋਜ ਅਤੇ ਕਿਸਾਨਾਂ ਦੇ ਖੇਤਾਂ ਤੇ ਪਰਖ ਤਜਰਬਿਆਂ ਉਪਰੰਤ ਮਿਲੇ ਕੁਲ ਨਤੀਜਿਆਂ ਨੂੰ ‘‘ਸਟੇਟ ਵਰਾਇਟਲ ਅਪਰੂਵਲ ਕਮੇਟੀ ਦੇ ਸਨਮੁੱਖ ਰੱਖਿਆ ਜਾਂਦਾ ਹੈ, ਜਿਸ ਦੀ ਪ੍ਰਧਾਨਗੀ ਆਮ ਤੌਰ ’ਤੇ ਨਿਰਦੇਸ਼ਕ, ਖੇਤੀਬਾੜੀ ਪੰਜਾਬ ਕਰਦੇ ਹਨ, ਜੋ ਵਿਚਾਰ ਉਪਰੰਤ ਨਵੀਂ ਕਿਸਮ ਦੀ ਸਿਫਾਰਸ਼ ਕਰਦੀ ਹੈ.
9. ਇਸ ਉਪਰੰਤ ਨਵੀਂ ਕਿਸਮ ਦੀ ਤਜਵੀਜ਼ ਨੂੰ ‘‘ਕੇਂਦਰੀ ਸਬ ਕਮੇਟੀ" ਨੂੰ ਨੋਟੀਫਿਕੇਸ਼ਨ ਅਤੇ ਫਸਲਾਂ ਦੀਆਂ ਕਿਸਮਾਂ ਦੇ ਰਾਸ਼ਟਰੀ ਗਜ਼ਟ ਵਿੱਚ ਸ਼ਾਮਲ ਕਰਨ ਲਈ ਭੇਜਿਆ ਜਾਂਦਾ ਹੈ।
ਪੜ੍ਹੋ ਇਹ ਵੀ ਖਬਰ - ‘ਖੇਡ ਰਤਨ ਪੰਜਾਬ ਦੇ’ ਦੀਆਂ ਸਾਰੀਆਂ ਕਿਸ਼ਤਾਂ ਮੁੜ ਤੋਂ ਪੜ੍ਹਨ ਲਈ ਇਨ੍ਹਾਂ ਲਿੰਕ ’ਤੇ ਕਰੋ ਕਲਿੱਕ
ਪੜ੍ਹੋ ਇਹ ਵੀ ਖਬਰ - ਟਿੱਡੀ ਦਲ 1 ਦਿਨ 'ਚ 35 ਹਜ਼ਾਰ ਬੰਦਿਆਂ ਦੀ ਖਾ ਜਾਂਦਾ ਹੈ ਖੁਰਾਕ (ਵੀਡੀਓ)
10. ਇਸ ਤੋਂ ਬਾਅਦ ਬੀਜ ਦੀਆਂ ਵੱਖ-ਵੱਖ ਸ਼੍ਰੇਣੀਆਂ (ਬਰੀਡਰ/ਫਾਊਂਡੇਸ਼ਨ/ਸਰਟੀਫਾਈਡ ਬੀਜ) ਦੀ ਨਿਯਮਤ ਬੀਜ ਲੜੀ ਅਤੇ ਵੱਖ-ਵੱਖ ਮਾਪਦੰਡਾਂ ਅਨੁਸਾਰ ਉਤਪਾਦਨ ਸ਼ੁਰੂ ਹੁੰਦਾ ਹੈ ਜਿਸ ਅਨੁਸਾਰ ‘‘ਨੈਸ਼ਨਲ ਸੀਡਜ ਕਾਰਪੋਰੇਸ਼ਨ" ਅਤੇ ‘‘ਸਟੇਟ ਬੀਜ ਸਰਟੀਫਿਕੇਸ਼ਨ ਅਥਾਰਟੀ" ਖੇਤ ਵਿੱਚ ਗਰੇਡਿੰਗ ਅਤੇ ਪੈਕਿੰਗ ਸਮੇਂ ਨਿਰੀਖਣ ਕਰਦੀ ਹੈ।
ਕਿਸਮਾਂ ਦੇ ਵਿਕਾਸ ਅਤੇ ਪਰਖ ਦੀ ਕੁਲ ਪ੍ਰਕਿਰਿਆ ਦੇ ਦੌਰਾਨ ਨਵੀਆਂ ਕਿਸਮਾਂ ਦਾ ਬੀਜ ਰਾਸ਼ਟਰੀ ਤਜਰਬਿਆਂ ਅਤੇ ਕਿਸਾਨਾਂ ਦੇ ਖੇਤਾਂ ਤੇ ਤਜਰਬਿਆਂ ਦੌਰਾਨ ਯੂਨੀਵਰਸਿਟੀ ਤੋਂ ਬਾਹਰ ਜਾਂਦਾ ਹੈ। ਕਿਸਾਨਾਂ ਦੇ ਖੇਤਾਂ ਤੇ ਤਜਰਬੇ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਵਿੱਚ ਆਉਦੇ ਹਨ ਅਤੇ ਇਨ੍ਹਾਂ ਅਜ਼ਮਾਇਸ਼ਾਂ ਵਿੱਚ ਉਤਪਾਦ ਦੀ ਦੁਰਵਰਤੋਂ ਨਾ ਹੋਵੇ, ਇਸ ਲਈ ਹੇਠ ਲਿਖੇ ਫੈਸਲੇ ਮਈ 2020 ਵਿੱਚ ਕੀਤੇ ਗਏ ਹਨ :-
1. ਝੋਨੇ ਦੇ ਕਿਸਾਨਾਂ ਦੇ ਖੇਤਾਂ ਤੇ ਇੱਕ ਕਨਾਲ ਪਲਾਟ ਤੋਂ ਘਟਾ ਕੇ ਫਸਲਾਂ ਦੇ ਪਲਾਟ 4 ਮਰਲੇ ਦੇ ਹੋਣਗੇ।
2. ਕਿਸਾਨਾਂ ਦੇ ਖੇਤਾਂ ਵਿੱਚ ਕੀਤੇ ਜਾਣ ਵਾਲੀਆਂ ਅਜ਼ਮਾਇਸ਼ਾਂ ਵਾਸਤੇ ਉਨ੍ਹਾਂ ਦੇ ਆਧਾਰ ਕਾਰਡ ਦਾ ਵੇਰਵਾ ਲਿਆ ਜਾਵੇਗਾ।
3. ਕਿਸਾਨਾਂ ਦੇ ਖੇਤਾਂ ਤੇ ਅਜ਼ਮਾਇਸ਼ਾਂ ਦੇ ਸੰਚਾਲਨ ਲਈ ਲਿਖਤੀ ਰੂਪ ਵਿੱਚ ਇਕਰਾਰਨਾਮਾ ਲਿਆ ਜਾਏਗਾ ਕਿ ਉਹ ਨਾ ਤਾਂ ਬੀਜ ਵਿਕਰੀ ਦਾ ਕਾਰੋਬਾਰ ਕਰਦਾ ਹੈ ਅਤੇ ਨਾ ਹੀ ਉਤਪਾਦ ਨੂੰ ਬੀਜ ਵਜੋਂ ਵੇਚੇਗਾ।
4. ਨਿੱਜੀ ਬੀਜ ਉਤਪਾਦਕਾਂ ਦੇ ਖੇਤ ਵਿੱਚ ਕੋਈ ਵੀ ਅਜ਼ਮਾਇਸ਼ ਨਹੀਂ ਲਗਾਈ ਜਾਵੇਗੀ।
5. ਨਵੀਂ ਕਿਸਮ ਦਾ ਬੀਜ 2 ਜਾਂ 4 ਕਿਲੋ ਦੀ ਥੈਲੀਆਂ ਵਿੱਚ ਹੀ ਵੇਚਿਆ ਜਾਵੇਗਾ।
6. ਨਵੀਆਂ ਕਿਸਮਾਂ ਦੀ ਵਿਕਰੀ ਵੇਲੇ ਖਰੀਦਦਾਰ ਤੋਂ ਆਧਾਰ ਕਾਰਡ ਦਾ ਵੇਰਵਾ ਵੀ ਲਿਆ ਜਾਵੇਗਾ ਅਤੇ ਉਹ ਰਸੀਦ ਉਤੇ ਲਿਖਿਆ ਜਾਵੇਗਾ ਤਾਂ ਜੋ ਖਰੀਦਦਾਰ ਇੱਕ ਤੋਂ ਵੱਧ ਵਾਰ ਨਵੀਂ ਕਿਸਮ ਦਾ ਬੀਜ ਨਹੀਂ ਲੈ ਸਕੇਗਾ।
ਪੜ੍ਹੋ ਇਹ ਵੀ ਖਬਰ - ਕੀ ਅੱਜ ਦੇ ਲੋਕਾਂ ਦਾ ਦੁਖੀ ਰਹਿਣ ਦਾ ਕਾਰਨ, ਕਿਤੇ ਬੀਤਿਆ ਸਮਾਂ ਤਾਂ ਨਹੀਂ...
ਪੜ੍ਹੋ ਇਹ ਵੀ ਖਬਰ - ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ’ਚ ਮਦਦ ਕਰਦੇ ਹਨ ‘ਚਿੱਟੇ ਛੋਲੇ’, ਜਾਣੋ ਹੋਰ ਵੀ ਫਾਇਦੇ
ਸਰਕਾਰ ਦੁਆਰਾ ਹਰ ਤਰਾਂ ਦੇ ਨਕਲੀ ਬੀਜਾਂ ਦੀ ਵਿਕਰੀ ਬੰਦ ਕਰਨ ਲਈ 11 ਮਈ, 2020 ਨੂੰ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ, ਨਵੀਆਂ ਕਿਸਮਾਂ ਦਾ ਬੀਜ ਪਹਿਲੇ ਸਾਲ ਸਿਰਫ ਪੀ.ਏ.ਯੂ ਅਤੇ ਆਈ.ਸੀ.ਏ.ਆਰ ਹੀ ਪੈਦਾ ਕਰਨਗੇ ਅਤੇ ਨਿੱਜੀ ਬੀਜ ਉਤਪਾਦਕ ਇਸ ਤੋਂ ਬਾਅਦ।” ਇਹ ਨਿਰਦੇਸ਼ ਸਹੀ ਬੀਜ ਦੀ ਢੁੱਕਵੇਂ ਭਾਅ ਉੱਪਰ ਵਿਕਰੀ ਵਿੱਚ ਇੱਕ ਅਹਿਮ ਯੋਗਦਾਨ ਪਾਵੇਗਾ।