ਮਹੰਤ ਨਰਿੰਦਰ ਗਿਰੀ ਨੇ ਆਖਰੀ ਵਸੀਅਤ ਬਲਵੀਰ ਗਿਰੀ ਦੇ ਨਾਮ ਲਿਖੀ ਸੀ: ਵਕੀਲ ਦਿਵੇਦੀ

Saturday, Sep 25, 2021 - 12:43 AM (IST)

ਪ੍ਰਯਾਗਰਾਜ - ਵਕੀਲ ਰਿਸ਼ੀਸ਼ੰਕਰ ਦਿਵੇਦੀ ਨੇ ਦਾਅਵਾ ਕੀਤਾ ਹੈ ਕਿ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਮਹੰਤ ਸਵਰਗੀ ਨਰਿੰਦਰ ਗਿਰੀ ਨੇ ਮਰਨ ਤੋਂ ਪਹਿਲਾਂ ਆਪਣੇ ਮੱਠ ਦੀ ਆਖਰੀ ਵਸੀਅਤ ਬਲਵੀਰ ਗਿਰੀ ਦੇ ਨਾਮ ਲਿਖੀ ਸੀ। ਮਹੰਤ ਗਿਰੀ ਦੇ ਕਥਿਤ ਸੁਸਾਈਡ ਨੋਟ ਅਤੇ ਉਸ ਵਿੱਚ ਉਨ੍ਹਾਂ ਦੇ ਵਾਰਿਸ ਦੀ ਕਥਿਤ ਘੋਸ਼ਣਾ ਤੋਂ ਬਾਅਦ ਇਸ ਮਾਮਲੇ ਵਿੱਚ ਇਹ ਇੱਕ ਨਵਾਂ ਦਾਅਵਾ ਸਾਹਮਣੇ ਆਇਆ ਹੈ। ਮਹੰਤ ਨਰਿੰਦਰ ਗਿਰੀ ਦਾ ਵਕੀਲ ਹੋਣ ਦਾ ਦਾਅਵਾ ਕਰਦੇ ਹੋਏ ਦਿਵੇਦੀ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਮਹੰਤ ਵੱਲੋਂ ਤਿੰਨ ਵਸੀਅਤਾਂ ਲਿਖੀਆਂ ਗਈਆਂ ਸਨ। ਆਖਰੀ ਵਸੀਅਤ 4 ਜੂਨ, 2020 ਨੂੰ ਬਲਵੀਰ ਗਿਰੀ ਦੇ ਨਾਮ ਲਿਖੀ ਗਈ ਸੀ ਅਤੇ ਉਹੀ ਜਾਇਜ਼ ਹੈ।

ਇਹ ਵੀ ਪੜ੍ਹੋ - ਰੋਹਿਣੀ ਅਦਾਲਤ ਗੋਲੀਬਾਰੀ ਮਾਮਲਾ: ਵਕੀਲਾਂ ਵੱਲੋਂ ਜਾਂਚ ਦੀ ਮੰਗ, ਕੰਮ ਦੇ ਬਾਈਕਾਟ ਦਾ ਕੀਤਾ ਐਲਾਨ

ਉਨ੍ਹਾਂ ਦੱਸਿਆ, “ਮਹੰਤ ਨਰਿੰਦਰ ਗਿਰੀ ਨੇ ਸਭ ਤੋਂ ਪਹਿਲਾਂ 7 ਜਨਵਰੀ, 2010 ਨੂੰ ਬਲਵੀਰ ਗਿਰੀ ਦੇ ਨਾਮ ਵਸੀਅਤ ਕੀਤੀ ਸੀ, ਜਿਸ ਨੂੰ ਬਾਅਦ ਵਿੱਚ ਮੁਅੱਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਮਹੰਤ ਨੇ 29 ਅਗਸਤ, 2011 ਨੂੰ ਆਨੰਦ ਗਿਰੀ ਦੇ ਨਾਮ ਵਸੀਅਤ ਕੀਤੀ। ਆਨੰਦ ਗਿਰੀ ਵੀ ਜਦੋਂ ਸੁਤੰਤਰ ਰੂਪ ਨਾਲ ਕੰਮ ਕਰਨ ਲੱਗੇ, ਮੱਠ ਦੇ ਹਿੱਤ ਖ਼ਿਲਾਫ਼ ਕੰਮ ਕਰਨ ਲੱਗੇ ਤਾਂ ਮਹੰਤ ਜੀ ਨੇ 4 ਜੂਨ, 2020 ਨੂੰ ਆਪਣੀ ਆਖਰੀ ਵਸੀਅਤ ਕੀਤੀ ਜਿਸ ਵਿੱਚ ਉਨ੍ਹਾਂ ਨੇ ਬਲਵੀਰ ਗਿਰੀ ਨੂੰ ਆਪਣਾ ਇਕਲੌਤਾ ਵਾਰਿਸ ਬਣਾਇਆ।” ਵਾਰਿਸ ਦੇ ਫ਼ੈਸਲੇ ਵਿੱਚ ਅਖਾੜਾ ਦੀ ਭੂਮਿਕਾ 'ਤੇ ਉਨ੍ਹਾਂ ਕਿਹਾ, “ਇਸ ਮੱਠ (ਬਾਘੰਬਰੀ ਗੱਦੀ) ਦਾ ਇਤਿਹਾਸ ਅਤੇ ਮੱਠ ਦੇ ਸੰਵਿਧਾਨ ਮੁਤਾਬਕ, ਵਸੀਅਤ ਨਾਲ ਬਣਨ ਵਾਲਾ ਵਾਰਿਸ ਹੀ ਜਾਇਜ਼ ਹੋਵੇਗਾ। ਮਹੰਤ ਜੀ ਦੇ ਕੋਲ ਅਸਲ ਕਾਗਜ਼ਾਤ ਸਨ ਅਤੇ ਬਾਕੀ ਮੇਰੇ ਕੋਲ ਜੋ ਹੈ, ਉਸ ਨੂੰ ਮੈਂ ਉਪਲੱਬਧ ਕਰਾ ਸਕਦਾ ਹਾਂ।”

ਇਹ ਵੀ ਪੜ੍ਹੋ - ਕਿਸਾਨਾਂ ਨੇ ਖੂਨ ਨਾਲ ਪੱਤਰ ਲਿਖ ਕੇ ਰਾਸ਼ਟਰਪਤੀ ਤੋਂ ਮੰਗੀ ਇੱਛਾ ਮੌਤ

ਦਿਵੇਦੀ ਨੇ ਦੱਸਿਆ ਕਿ ਇਸ ਮੱਠ ਵਿੱਚ ਜੋ ਵਿਅਕਤੀ ਵਾਰਿਸ ਹੁੰਦਾ ਹੈ, ਉਸ ਨੂੰ ਮਾਲਕੀ ਦਾ ਅਧਿਕਾਰ ਹੁੰਦਾ ਹੈ। ਉਸ ਨੂੰ ਜ਼ਮੀਨ ਸਮੇਤ ਹੋਰ ਚੀਜ਼ਾਂ ਖਰੀਦਣ ਵੇਚਣ ਦਾ ਅਧਿਕਾਰ ਹੁੰਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸੋਮਵਾਰ ਨੂੰ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਮਹੰਤ ਨਰਿੰਦਰ ਗਿਰੀ ਆਪਣੇ ਸ਼੍ਰੀਮੱਠ ਬਾਘੰਬਰੀ ਗੱਦੀ ਵਿੱਚ ਆਪਣੇ ਕਮਰੇ ਵਿੱਚ ਮ੍ਰਿਤਕ ਪਾਏ ਗਏ ਸਨ। ਪੁਲਸ ਮੁਤਾਬਕ, ਉਨ੍ਹਾਂ ਨੇ ਕਥਿਤ ਤੌਰ 'ਤੇ ਫ਼ਾਂਸੀ ਲਗਾਈ ਸੀ। ਘਟਨਾ ਸਥਾਨ 'ਤੇ ਮਿਲੇ ਕਥਿਤ ਸੁਸਾਈਡ ਨੋਟ ਵਿੱਚ ਬਲਵੀਰ ਗਿਰੀ ਨੂੰ ਮੱਠ ਦਾ ਵਾਰਿਸ ਐਲਾਨ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News