‘ਜੰਡ ਦਾ ਦਰੱਖਤ’ : ਕਿਸਾਨ ਦੇ ਪੁੱਤ ਵਾਂਗੂ ਦਰੱਖਤ ਖੇਤ ਦੇ ਰਾਖੇ ਹੁੰਦੇ ਨੇ

6/2/2020 12:48:18 PM

ਹਰਮੰਦਰ ਕੰਗ (ਮੈਲਬਰਨ) ਆਸਟਰੇਲੀਆ

ਤਸਵੀਰ ਵਿੱਚ ਦਿਸਦਾ ਦਰੱਖਤ ਜੰਡ ਦਾ ਦਰੱਖਤ ਹੈ, ਜਿਹੜਾ ਸਾਡੇ ਖੇਤ ਵਿੱਚ ਮੇਰੀ ਸੁਰਤ ਤੋਂ ਪਹਿਲਾਂ ਦਾ ਮੌਲ ਰਿਹਾ ਹੈ। ਪਤਾ ਨਹੀਂ ਕਿਸਨੇ ਜੜ ਲਗਾਈ ਹੋਊ ਇਸਦੀ ਪਰ ਮੈਨੂੰ ਲੱਗਦੈ ਹੁਣ ਇਹ ਸਾਡੀ ਪਿੰਡ ਦੀ ਜੂਹ ਵਿੱਚ ਇਕੱਲਾਂ ਕਹਿਰਾ ਹੀ ਰਹਿ ਗਿਆ ਹੈ। ਸਾਡੇ ਖੇਤ ਅਜੇ ਵੀ ਤੂਤ, ਡੇਕਾਂ, ਟਾਹਲੀ, ਜਾਂਮਣ, ਅਮਰੂਦ ਅਤੇ ਇਹ ਜੰਡ ਲੱਗੇ ਹੋਏ ਹਨ। ਸਾਡੀ ਜ਼ਮੀਨ ਠੇਕੇ ’ਤੇ ਲੈਣ ਵਾਲਿਆਂ ਨੂੰ ਇਹ ਸਖਤ ਹਦਾਇਤ ਹੁੰਦੀ ਹੈ ਕਿ ਇਨ੍ਹਾਂ ਦਰੱਖਤਾ ਦੀ ਪੂਰੀ ਸਾਂਭ ਸੰਭਾਲ ਹੋਣੀ ਚਾਹੀਦੀ ਹੈ ਅਤੇ ਕਿਸੇ ਦਰੱਖਤ ਨੂੰ ਟੱਕ ਤੱਕ ਨਹੀਂ ਲਾਉਣਾਂ, ਵੱਢਣ ਦੀ ਗੱਲ ਤਾਂ ਬਹੁਤ ਦੂਰ ਦੀ ਹੈ। ਕਿਸਾਨ ਦੇ ਪੁੱਤ ਵਾਂਗੂ ਦਰੱਖਤ ਖੇਤ ਦੇ ਰਾਖੇ ਹੁੰਦੇ ਨੇ। ਹੁਣ ਜਾ ਕੇ ਇਨ੍ਹਾਂ ਦਰੱਖਤਾਂ ਨੂੰ ਮੈਂ ਜੱਫੀ ਪਾ ਲੈਂਦਾ ਹਾਂ ਅਤੇ ਜਾਂਮਣ ਨਾਲ ਗੱਲਾਂ ਕਰਨ ਦਾ ਬਹੁਤ ਸੁਆਦ ਆਉਂਦੈ। 

ਜਾਂਮਣ ਨੇ ਤਾਅਨਾਂ ਮਾਰਨਾਂ ਹੁੰਦੈ ਕਿ ਉਦੋ ਕਿਉਂ ਨਹੀਂ ਆਉਂਦਾ ਹੁੰਦਾ, ਜਦੋ ਜੇਠ ਹਾੜ ਦੇ ਮਹੀਨੇ ਮੈਨੂੰ ਫਲ ਲੱਗਦੈ। ਕਿੰਨੇ ਸਾਲ ਬੀਤ ਗਏ ਜਾਮਣਾਂ ਖਾਧੀਆਂ ਨੂੰ। ਬਚਪਨ ਵਿੱਚ ਖੇਤ ਜਾਣਾਂ ਤਾਂ ਸਾਨੂੰ ਡਰਾ ਦਿੰਦੇ ਕਿ ਜੰਡ ਦੀ ਜੜ੍ਹ 'ਚ ਸੱਪ ਰਹਿੰਦੈ ਅਤੇ ਅਸੀਂ ਡਰਦੇ ਜਾਂਮਣ ਅਮਰੂਦ ਤੂਤ ਡੇਕਾਂ ’ਤੇ ਚੜ੍ਹ ਕੇ ਖੇਡਦੇ ਪਰ ਜੰਡ ਦੇ ਨੇੜੇ ਨਾਂ ਜਾਂਦੇ। ਜਾਂਮਣ ਤੋਂ ਖਾਧੀਆਂ ਜਾਂਮਣਾ, ਤੂਤ ਦੀਆਂ ਤੂਤੀਆਂ ਅਤੇ ਟਾਹਣੋ ਟਾਹਣੀ ਟਾਹਲੀ ਦੇ ਸਿਖਰ ਚੜਨਾਂ ਅਜੇ ਤੱਕ ਨਹੀਂ ਭੁੱਲਿਆ। ਘਰੇ ਵਾਹਣ ’ਚ ਅਗਲੇਰੀ ਫਸਲ ਬੀਜਣ ਵੇਲੇ ਅਜਿਹੀਆਂ ਗੱਲਾਂ ਹੁੰਦੀਆਂ ਸਨ' ਕਿ 'ਐਤਕੀ ਜੰਡ ਆਲੇ ਪਟੇ ’ਚ ਕਪਾਹ ਬੀਜਾਂਗੇ। ਤੂਤ ਆਲੇ ’ਚ ਐਤਕੀ ਰੂੜੀ ਦਾ ਰੇਹ ਪਾਉਣੈ। ਜਾਂਮਣ ਆਲਾ ਪਟਾ ਕੱਖ ਪੱਠੇ ਵਾਸਤੇ ਰੱਖਲੋ ਐਤਕੀ।"

ਲੋਕ ਜੰਡ ਦੁਆਲੇ ਲਾਲ ਕੱਪੜਾ ਵਲੇਟ ਦਿੰਦੇ ਸਨ, ਜੰਡ ਨੂੰ ਪੂਜਿਆ ਜਾਂਦਾ ਰਿਹਾ ਹੈ। ਵਿਆਹ ਵੇਲੇ ਜੰਡੀ ਵੱਢਣ ਦੀ ਰਸਮ ਮਾਲਵੇ ’ਚ ਹੁੰਦੀ ਰਹੀ ਹੈ। ਜੇਠ ਹਾੜ ਦੇ ਮਹੀਨੇ ਵੀ ਇਸਦੇ ਪੱਤੇ ਹਰੇ ਹੁੰਦੇ ਹਨ, ਜਦੋਂ ਸਾਰੇ ਦਰੱਖਤਾਂ ਨੂੰ ਗਰਮੀ ਲੂਹ ਲੈਂਦੀ ਹੈ। ਸ਼ਾਇਦ ਤਾਂਹੀ ਮਿਰਜ਼ਾ ਜੰਡ ਥੱਲੇ ਦੋ ਘੜੀਆਂ ਆਰਾਮ ਕਰਨ ਲਈ ਰੁਕਿਆ ਹੋਵੇਗਾ। ਮਿਰਜ਼ਾ ਅਤੇ ਜੰਡ ਇੱਕ ਦੂਜੇ ਦੇ ਪੂਰਕ ਬਣ ਗਏ। ਸਹਿਬਾਂ ਜੰਡ ਨੂੰ ਤਾਨਾਂ ਮਾਰਦੀ ਐ ਕਿ 'ਤੇਰੇ ਹੇਠ ਜੰਡੋਰਿਆ ਵੇ ਮੈਂ ਹੋ ਗਈ ਰੰਡੀ"(ਕਰਨੈਲ ਸਿੰਘ ਪਾਰਸ) ਜੰਡ ਹੇਠ ਮਿਰਜ਼ੇ ਦੀ ਮੌਤ ਨੇ ਲੋਕਧਾਰਾ ਵਿੱਚ ਜੰਡ ਨੂੰ ਅਣਗੌਲਿਆ ਬਣਾ ਦਿੱਤਾ। ਪੰਜਾਬੀ ਲੋਕ ਜੀਵਨ ਵਿੱਚ ਸੰਯੁਕਤ ਪਰਿਵਾਰਾਂ ਵਿੱਚ ਵੱਡੀਆਂ ਸਬਾਤਾਂ ਅਤੇ ਸੀਮਤ ਕਮਰਿਆਂ ਦਾ ਪ੍ਰਚਲਣ ਇਕਾਂਤ ਅਤੇ ਨਿੱਜਤਾ ਦੀ ਘਾਟ ਰੜਕਣ ’ਤੇ ਨਵੀ ਵਿਹਾਦੁੜ ਨੂੰ ਇਹ ਕਹਿਣ ਲਈ ਮਜਬੂਰ ਕਰਦਾ ਸੀ ਕਿ "ਰੋਹੀ ਵਾਲਾ ਜੰਡ ਵੱਢ ਕੇ ਵੇ ਮੈਨੂੰ 'ਕੱਲੀ ਨੂੰ ਚੁਬਾਰਾ ਪਾ ਦੇ"।

ਮੇਰੇ ਹਾਂਣ ਦੇ ਮੇਰੇ ਨਾਲ ਜੁਆਨ ਹੋਏ ਕਈ ਦਰੱਖਤ ਸਾਡੇ ਖੇਤ ਖੜੇ ਹਨ ਪਰ ਮੇਰੀ ਇੱਛਾ ਹੈ ਕਿ ਹੋਰ ਦਰੱਖਤ ਲਾਏ ਜਾਂਣ। ਪੁਰਾਣੇ ਖੂਹ ਦੇ ਨਾਲ ਪਾਏ ਕੱਚੇ ਕੋਠੇ ਦੀ ਕੰਧ ਨਾਲ ਲੱਗੀ ਦੁਸਾਂਗੜ ਡੇਕ ਰਾਹੀਂ ਅਸੀਂ ਕੱਚੇ ਕੋਠੇ ਦੀ ਛੱਤ ਰੱਖੇ ਮੰਜੇ ਉੱਤੇ ਜਾ ਸੌਂਦੇ। ਨਾਲ ਡੇਕ ’ਤੇ ਚਿੜੀਆਂ ਦੇ ਕਿੰਨੇ ਆਲਣੇ ਹੁੰਦੇ। ਓਹ ਸਮੇਂ ਸਨ, ਜਦ ਚਿੜੀਆਂ ਮਨੁੱਖਾਂ ਤੋਂ ਡਰਦੀਆਂ ਨਹੀਂ ਸਨ। ਕੋਠੇ ਦੇ ਪਈ ਬੱਠਲੀ ਵਿੱਚ ਰੋਜ ਪਾਣੀ ਪਾਉਣਾਂ ਤਾਂ ਕਿ ਕੋਈ ਜਾਨਵਰ ਤਿਰਹਾਇਆ ਨਾਂ ਮਰੇ। ਚਿੜੀਆਂ ਵੀ ਉੱਡ ਗਈਆਂ ਤੇ ਸਮਾਂ ਵੀ। ਇਹ ਕਿਤੇ ਭੁੱਲਣ ਵਾਲੀਆਂ ਗੱਲਾਂ ਥੋੜੀ ਨੇ।….. 

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

rajwinder kaur

Content Editor rajwinder kaur