ਦੁਆਬੇ ਦਾ ਕੇਂਦਰੀ ਨਗਰ ‘ਜਲੰਧਰ’, ਜਾਣੋ ਕਿਵੇਂ ਪਿਆ ਇਹ ਨਾਂ

Monday, Jun 01, 2020 - 03:03 PM (IST)

ਦੁਆਬੇ ਦਾ ਕੇਂਦਰੀ ਨਗਰ ‘ਜਲੰਧਰ’, ਜਾਣੋ ਕਿਵੇਂ ਪਿਆ ਇਹ ਨਾਂ

ਜਲੰਧਰ ਪੰਜਾਬ ਦਾ ਸਭ ਤੋਂ ਪ੍ਰਾਚੀਨ ਸ਼ਹਿਰ ਕਿਹਾ ਜਾ ਸਕਦਾ ਹੈ। ਭੂ-ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਨਗਰ ਵਾਲੀ ਥਾਂ ਸਮੁੰਦਰ ਸੀ। ਮੰਨਿਆ ਜਾਂਦਾ ਹੈ ਕਿ ਇੱਥੇ ਟੈਥੀਸ ਨਾਂ ਦਾ ਸਮੁੰਦਰ, ਜਲੰਧਰ ਦੁਆਬ ਅਤੇ ਹੁਸ਼ਿਆਰਪੁਰ ਦੇ ਨੇੜੇ ਸ਼ਿਵਾਲਿਕ ਪਹਾੜਾਂ ਤਕ ਫੈਲਿਆ ਹੋਇਆ ਸੀ। ਇਸ ਵਿਚੋਂ ਹੀ ਇਹ ਧਰਤੀ ਉੱਭਰੀ ਸੀ। ਮਹਾਨ ਕੋਸ਼ ਅਨੁਸਾਰ ਪਹਿਲਾਂ ਇਹ ਸਮੁੰਦਰ ਦੇ ਜਲ ਨਾਲ ਢਕਿਆ ਹੋਇਆ ਸੀ, ਜਿਸ ਤੋਂ ਜਲੰਧਰ ਸੰਗਿਆ ਹੋਈ।  

ਇਸ ਤਰ੍ਹਾਂ ਦੀ ਭੂਗੌਲਿਕ ਦਸ਼ਾ ਦਾ ਵਰਨਣ ਇੱਕ ਪੌਰਾਣਿਕ ਕਥਾ ਵਿੱਚ ਮਿਲ ਜਾਂਦਾ ਹੈ। ਪਦਮਪੁਰਾਣ ਵਿੱਚ ਲਿਖਿਆ ਹੈ ਕਿ ਸ਼ਿਵ ਦੀ ਕ੍ਰੋਧਅਗਨਿ ਤੋਂ ਸਮੁੰਦਰ ਵਿੱਚੋਂ ਇੱਕ ਦੈਂਤ ਉਪਜਿਆ ਸੀ, ਜਿਸਦਾ ਨਾਂ ਭਾਮ ਬ੍ਰਹਮਾ ਨੇ ਜਲੰਧਰ ਰੱਖਿਆ। (ਕਿਹਾ ਜਾਂਦਾ ਹੈ ਇਸ ਦੈਂਤ ਬਾਲ ਨੂੰ ਬ੍ਰਹਮਾ ਨੇ ਜਦ ਗੋਦੀ ਵਿੱਚ ਚੁੱਕ ਕੇ ਵਿਰਾਇਆ, ਤਦ ਉਸ ਦੀ ਦਾੜ੍ਹੀ ਇੰਨੇ ਜ਼ੋਰ ਨਾਲ ਖਿੱਚੀ ਕਿ ਬ੍ਰਹਮਾ ਦੀ ਅੱਖਾਂ ਤੋਂ ਜਲ ਵਗ ਪਿਆ, ਇਸ ਕਾਰਣ ਨਾਮ ਜਲੰਧਰ ਰੱਖਿਆ) ਜਦੋਂ ਜਲੰਧਰ ਜਵਾਨ ਹੋ ਗਿਆ ਤਾਂ ਦੈਂਤਾਂ ਦੇ ਗੁਰੂ ਸ਼ੁਕਰਾਚਾਰਿਆ ਜਲੰਧਰ ਦੇ ਪਿਤਾ ਸਮੁੰਦਰ ਕੋਲ ਹਾਜ਼ਰ ਹੋਇਆ ਅਤੇ ਉਸ ਨੂੰ ਪਵਿੱਤਰ ਆਦਮੀਆਂ ਦੀ ਪਵਿੱਤਰ ਥਾਂ ਜੰਬੂ ਦਵੀਪ ਤੋਂ ਪਿਛਾਂਹ ਹਟਣ ਲਈ ਅਤੇ ਜਲੰਧਰ ਦੀ ਰਿਹਾਇਸ਼ ਲਈ ਕਾਫ਼ੀ ਸਾਰੀ ਥਾਂ ਛੱਡਣ ਲਈ ਬੇਨਤੀ ਕੀਤੀ। ਸਮੁੰਦਰ ਨੇ ਆਪਣੀਆਂ ਲਹਿਰਾਂ ਪਿੱਛੇ ਮੋੜ ਲਈਆਂ ਅਤੇ 300 ਯੋਜਨ ਦੀ ਲੰਬਾਈ ਵਿਚ ਫੈਲਿਆ ਇਕ ਇਲਾਕਾ ਪੈਦਾ ਕਰ ਦਿੱਤਾ ਪਰ ਅਸਲ ਵਿੱਚ ਇਹੀ ਇਲਾਕਾ ਜਲ ਅਰਥਾਤ ਸਮੁੰਦਰ ਦੇ ਅੰਦਰ ਤੋਂ ਨਿਕਲਿਆ, ਇਸ ਲਈ ਨਾਮ ਜਲੰਧਰ ਪਿਆ।

ਜਲੰਧਰ ਨੇ ਐਸੀ ਤਪਸਿਆ ਸਾਧੀ ਕਿ ਸਭ ਉੱਤੇ ਭਾਰੂ ਹੋ ਗਿਆ। ਵੱਡਾ ਹੋਣ ’ਤੇ ਜਲੰਧਰ ਨੇ ਇੰਦ੍ਰਲੋਕ ਜਿੱਤ ਲਿਆ ਅਤੇ ਦੇਵਤੇ ਦੁਖੀ ਕਰ ਦਿੱਤੇ। ਇੰਦ੍ਰ ਦੀ ਸਹਾਇਤਾ ਵਾਸਤੇ ਸ਼ਿਵ ਜੀ ਜਲੰਧਰ ਨਾਲ ਲੜਨ ਗਏ। ਜਲੰਧਰ ਦੀ ਇਸਤ੍ਰੀ ਵ੍ਰਿੰਦਾ ( ਜੋ ਕਾਲਨੇਮਿ ਦੀ ਕਨ੍ਯਾ ਸੀ ) ਪਤੀ ਦੀ ਜੀਤ ਲਈ ਬ੍ਰਹਮਾ ਦੀ ਪੂਜਾ ਕਰਨ ਬੈਠੀ। ਪੂਜਾ ਵਿੱਚ ਵਿਘਨ ਪੈਦਾ ਕਰਨ ਲਈ ਵਿਸ਼ਨੂੰ ਜਲੰਧਰ ਦਾ ਰੂਪ ਧਾਰਕੇ ਵ੍ਰਿੰਦਾ ਪਾਸ ਗਏ, ਪਤੀ ਨੂੰ ਦੇਖਕੇ ਵ੍ਰਿੰਦਾ ਪੂਜਾ ਛੱਡਕੇ ਉਠ ਖੜ੍ਹੀ ਹੋਈ ਅਰ ਜਲੰਧਰ ਉਸੇ ਸਮੇਂ ਮਾਰਿਆ ਗਿਆ। ਅੰਤ ਸ਼ਿਵ ਜੀ ਮਹਾਰਾਜ ਨੇ ਉਸ ਉੱਤੇ ਕਾਬੂ ਪਾ ਲਿਆ ਅਤੇ ਜੋਗਿਨੀਆਂ ਨੇ ਉਸ ਦਾ ਸਰੀਰ ਭੱਛ ਲਿਆ। ਪਦਮ ਪੁਰਾਣ ਅਨੁਸਾਰ ਸ਼ਿਵ ਜੀ ਮਹਾਰਾਜ ਨੇ ਪਹਾੜ ਠੇਲ੍ਹ ਕੇ ਉਸ ਨੂੰ ਹੇਠ ਚੁਫਾਲ ਦੱਬ ਦਿੱਤਾ। ਜੁਆਲਾਮੁਖੀ ਕੋਲ ਉਸ ਦੇ ਮੂੰਹ ਵਿਚੋਂ ਅੱਗ ਦੀਆਂ ਲਾਟਾਂ ਨਿਕਲੀਆਂ। ਉਸ ਦੀ ਪਿੱਠ ਦੁਆਬੇ ਵਿਚ ਜਲੰਧਰ ਸੀ ਅਤੇ ਉਸ ਦੇ ਪੈਰ ਮੁਲਤਾਨ ਕੋਲ ਸਨ। ਪਦਮਪੁਰਾਣ ਵਿੱਚ ਇਹ ਕਥਾ ਭੀ ਹੈ ਕਿ ਵ੍ਰਿੰਦਾ ਪਤੀ ਨਾਲ ਸਤੀ ਹੋਈ ਅਤੇ ਵਿਸ਼ਨੂੰ ਦੇ ਵਰ ਨਾਲ ਵ੍ਰਿੰਦਾ ਦੀ ਭਸਮ ਤੋਂ ਤੁਲਸੀ, ਆਉਲਾ, ਪਲਾਸ਼ ਅਤੇ ਪਿੱਪਲ ਚਾਰ ਬਿਰਛ ਪੈਦਾ ਹੋਏ। ਹੁਣ ਵੀ ਜਲੰਧਰ ਵਿੱਚ ਵ੍ਰਿੰਦਾ ਦਾ ਮੰਦਰ ਅਤੇ ਇਸ ਦੇ ਨੇੜੇ ਹੀ ਬ੍ਰਹਮਕੁੰਡ ਅਤੇ ਸ਼ਿਵ ਜੀ ਨੂੰ ਸਮਰਪਿਤ ਮੰਦਰ ਹਨ।

ਸਮੁੰਦਰ ਵਿੱਚੋਂ ਨਿਕਲੇ ਇਸ ਇਲਾਕੇ ਦੇ ਗਿਰਦ ਤਿੰਨ ਦਰਿਆਵਾਂ ਸਤਲੁਜ, ਬਿਆਸ ਅਤੇ ਰਾਵੀ ਨਾਲ ਘਿਰਿਆ ਸੀ, ਇਸ ਲਈ ਇਸ ਦਾ ਨਾਮ ਤ੍ਰਿਗਰਤ ਪੈ ਗਿਆ। ਤ੍ਰਿਗਰਤ ਦਾ ਜ਼ਿਕਰ ਮਹਾਭਾਰਤ ਵਿੱਚ ਵੀ ਮਿਲ ਜਾਂਦਾ ਹੈ। ਉਸ ਸਮੇਂ ਇੱਥੇ ਦਾ ਰਾਜਾ ਸੁਸ਼ਰਮਾ ਸੀ। ਉਸ ਨੇ ਮੁਲਤਾਨ ਤੋਂ ਹੱਟ ਕੇ ਜਲੰਧਰ ਵਸਾ ਲਿਆ। ਮਹਾਭਾਰਤ ਦੇ ਯੁੱਧ ਵਿੱਚ ਸੁਸ਼ਰਮਾ ਆਪਣੇ ਭਰਾਵਾਂ ਸਮੇਤ ਦੁਰਯੋਧਨ ਵੱਲੋਂ ਲੜਿਆ ਸੀ। ਦੁਰਯੋਧਨ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਰਾਜਾ ਯੁਧਿਸ਼ਟਰ ਨੂੰ ਜਿਉਂਦਾ ਫੜ ਲਿਆ ਜਾਵੇ। ਉਸ ਨੇ ਆਪਣੀ ਇਹ ਇੱਛਾ ਗੁਰੂ ਦਰੋਣਾਚਾਰੀਆ ਅੱਗੇ ਪ੍ਰਗਟ ਕੀਤੀ। ਉਸ ਨੇ ਕਿਹਾ ਕਿ ਜਦ ਤਕ ਅਰਜਨ ਯੁੱਧ ਦੇ ਮੈਦਾਨ ਵਿਚ ਯੁਧਿਸ਼ਟਰ ਨਾਲ ਰਹੇਗਾ, ਤਦ ਤਕ ਕੋਈ ਵੀ ਵੀਰ ਯੁਧਿਸ਼ਟਰ ਨੂੰ ਨਹੀਂ ਫੜ ਸਕੇਗਾ। ਇਹ ਸੁਣ ਕੇ ਸੁਸ਼ਰਮਾ ਨੇ ਕਿਹਾ ਕਿ ਉਹ ਅਰਜਨ ਨੂੰ ਆਪਣੇ ਨਾਲ ਯੁੱਧ ਕਰਨ ਲਈ ਲਲਕਾਰੇਗਾ ਅਤੇ ਜਦ ਅਰਜਨ ਉਸ ਨਾਲ ਲੜਾਈ ਕਰਨ ਲੱਗੇਗਾ ਤਾਂ ਉਹ ਉਸ ਨੂੰ ਯੁੱਧ ਕਰਦਾ ਹੋਇਆ ਦੂਰ ਲੈ ਜਾਵੇਗਾ ਤੇ ਉਹ ਸਭ ਮਿਲ ਕੇ ਯੁਧਿਸ਼ਟਰ ਨੂੰ ਫੜ ਲੈਣ। ਇਸ ਯੋਜਨਾ ਅਨੁਸਾਰ ਸੁਸ਼ਰਮਾ ਨੇ ਅਰਜਨ ਨੂੰ ਆਪਣੇ ਨਾਲ ਯੁੱਧ ਲਈ ਵੰਗਾਰਿਆ ਤੇ ਅਰਜਨ ਇਸ ਨਾਲ ਲੜਦਾ ਲੜਦਾ ਯੁੱਧ ਦੇ ਮੈਦਾਨ ਤੋਂ ਕੁਝ ਪਰੇ ਹੋ ਗਿਆ। ਇਹ ਦੇਖ ਕੇ ਦਰੋਣਾਚਾਰੀਆ ਯੁਧਿਸ਼ਟਰ ਨੂੰ ਫੜਨ ਲਈ ਪਾਂਡਵਾਂ ਦੀ ਸੈਨਾ ਵਿਚ ਆ ਘੁਸਿਆ। ਇਧਰ ਅਰਜਨ ਤੇ ਸੁਸ਼ਰਮਾ ਨੂੰ ਯੁੱਧ ਵਿਚ ਹਰਾ ਕੇ ਮਾਰ ਦਿੱਤਾ।

ਫਿਰ ਇਹ ਇਲਾਕਾ ਕੁਸ਼ਾਨ ਰਾਜਾ ਕਨਿਸ਼ਕ ਦੇ ਅਧੀਨ ਆ ਗਿਆ। ਮੰਨਿਆ ਜਾਂਦਾ ਹੈ ਕਿ ਰਾਜਾ ਕਨਿਸ਼ਕ ਨੇ ਲਗਭਗ 100 ਈ. ਵਿੱਚ ਇਸ ਇਲਾਕੇ ਵਿੱਚ ਬੋਧੀ ਵਿਦਵਾਨਾਂ ਦੀ ਸਭਾ ਬੁਲਾਈ, ਜਿੱਥੇ ਉਸ ਨੇ ਬੁੱਧ ਧਰਮ ਦੀਆਂ ਪਵਿੱਤਰ ਲਿਖਤਾਂ ਨੂੰ ਇਕੱਠਾ ਕਰਨ ਅਤੇ ਬੁੱਧ ਧਰਮ ਦੇ ਵੱਖ-ਵੱਖ ਭਾਗਾਂ ਵਿਚ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ। 

ਸੱਤਵੀਂ ਸਦੀ ਵਿਚ ਜਦੋਂ ਚੀਨੀ ਯਾਤਰੀ ਹਿਊਨ ਸਾਂਗ ਰਾਜਾ ਹਰਸ਼ ਵਰਧਨ ਦੇ ਰਾਜ ਕਾਲ ਸਮੇਂ ਭਾਰਤ ਆਇਆ ਸੀ ਤਾਂ ਉਸ ਵੇਲੇ ਜਲੰਧਰ ਜਾਂ ਤ੍ਰਿਗਰਤ ਦਾ ਰਾਜਾ ਓਦੀਤੋ ਰਾਜੇ ਦੇ ਅਧੀਨ ਹੁੰਦਾ ਸੀ। ਅੱਠਵੀਂ ਤੇ ਨੌਵੀਂ ਸਦੀ ਦੌਰਾਨ ਜਲੰਧਰ ਨਾਥ ਪੰਜਾਬ ਦਾ ਪ੍ਰਸਿੱਧ ਨਾਥ ਸੀ। ਜਲੰਧਰ ਨਾਥ ਦਾ ਜਨਮ ਬ੍ਰਾਹਮਣ ਕੁਲ ਵਿਚ ਹੋਇਆ ਮੰਨਿਆ ਜਾਂਦਾ ਹੈ। ਪਹਿਲਾਂ ਇਹ ਬੋਧੀ ਭਿਖਸ਼ੂ ਸੀ ਪਰ ਬਾਅਦ ਵਿਚ ਪ੍ਰਸਿੱਧ ਸਿੱਧ ਘੰਟਾਪਾਦ ਦਾ ਚੇਲਾ ਬਣਿਆ। ਜਲੰਧਰ ਤੇ ਮਛੰਦਰ ਦੋਵੇਂ ਹੀ ਗੁਰ ਭਾਈ ਮੰਨੇ ਜਾਂਦੇ ਹਨ। ਬਹੁਤੇ ਵਿਦਵਾਨਾਂ ਦਾ ਵਿਚਾਰ ਹੈ ਕਿ ਜਲੰਧਰ ਨਾਥ ਪੰਜਾਬ ਦਾ ਵਸਨੀਕ ਸੀ ਅਤੇ ਮੌਜੂਦਾ ਜਲੰਧਰ ਸ਼ਹਿਰ ਇਸ ਦਾ ਨਿਵਾਸ ਸਥਾਨ ਸੀ। ਜਲੰਧਰ ਨਾਥ ਦੀ ਕਵਿਤਾ ਵਿਚ ਆਦਿ ਕਾਲ ਦੇ ਪੰਜਾਬੀ ਸਾਹਿਤ ਦਾ ਅੰਸ਼ ਵਧੇਰੇ ਦਿਸਦਾ ਹੈ। ਇਸ ਦੇ ਕੁੱਲ ਸੱਤ ਗ੍ਰੰਥ ਮੰਨੇ ਗਏ ਹਨ। ਇਕ ਰਵਾਇਤ ਅਨੁਸਾਰ ਜਿਸ ਥਾਂ ਤੇ ਯੋਗੀ ਜਲੰਧਰ ਨਾਥ ਦੀ ਸਮਾਧ ਸੀ, 15ਵੀਂ ਸਦੀ ਵਿਚ ਉਥੇ ਇਮਾਮ ਨਸੀਰ ਉਦ-ਦੀਨ ਚਿਸ਼ਤੀ ਦਾ ਮਕਬਰਾ ਬਣਾਇਆ ਗਿਆ।

12ਵੀਂ ਸਦੀ ਵਿਚ ਇਸ ਇਲਾਕੇ ਉੱਤੇ ਰਾਜਪੂਤ ਰਾਜਿਆਂ ਦਾ ਰਾਜ ਹੁੰਦਾ ਸੀ। ਬਾਦਸ਼ਾਹ ਮੁਹੰਮਦ ਗੌਰੀ ਨੇ ਪੰਜਾਬ ’ਤੇ ਹਮਲੇ ਕੀਤੇ ਅਤੇ ਬਹੁਤ ਲੋਕ ਮੁਸਲਮਾਨ ਬਣਾਏ। ਕਿਹਾ ਜਾਂਦਾ ਹੈ ਕਿ ਉਸ ਦੇ ਸਾਹਮਣੇ ਇੱਕ ਰਾਠੌਰ ਰਾਜਪੂਤ ਨੂੰ ਬੰਦੀ ਬਣਾ ਕੇ ਇੱਥੇ ਲਿਆਂਦਾ ਗਿਆ ਪਰ ਬਾਦਸ਼ਾਹ ਦੇ ਇੱਕ ਪੁੱਤਰ ਹੋਇਆ ਤਾਂ ਉਸ ਨੂੰ ਮਲਿਕ ਦਾ ਖਿਤਾਬ ਦੇ ਛੱਡ ਦਿੱਤਾ। ਇਹ ਵੀ ਦੱਸਿਆ ਜਾਂਦਾ ਹੈ ਕਿ ਕੁੱਝ ਸਹਿਗਲ ਵੀ ਮੁਸਲਮਾਨ ਹੋਏ।

ਰਾਜਪੂਤਾਂ ਪਿੱਛੋਂ ਇਹ ਇਲਾਕਾ ਗ਼ਜ਼ਨੀ ਦੇ ਇਕ ਤੁਰਕੀ ਸਰਦਾਰ (ਇਬਰਾਹੀਮ ਸ਼ਾਹ) ਅਧੀਨ ਚਲਾ ਗਿਆ। ਮੁਇਜ਼ਦੀਨ ਬਹਿਰਾਮ ਸ਼ਾਹ (1240-42) ਵੇਲੇ ਇਹ ਇਲਾਕਾ ਦਿੱਲੀ ਸਲਤਨਤ ਦੀ ਇਕ ਜਾਗੀਰ ਹੁੰਦਾ ਸੀ। ਇਸ ਤਰ੍ਹਾਂ ਇਸ ਸ਼ਹਿਰ ਅਤੇ ਇਲਾਕੇ ਦੇ ਮੈਦਾਨੀ ਹਿੱਸੇ ਉੱਤੇ ਮੁਸਲਮਾਨਾਂ ਦਾ ਬੋਲਬਾਲਾ ਹੋ ਗਿਆ। ਇੱਕ ਰਿਵਾਇਤ ਅਨੁਸਾਰ 1343 ਵਿੱਚ ਆਏ ਹੜ੍ਹ ਨੇ ਇਸ ਸ਼ਹਿਰ ਨੂੰ ਬਰਬਾਦ ਕਰ ਦਿੱਤਾ ਸੀ। 

ਸੱਯਦ ਖ਼ਾਨਦਾਨ ਦੇ ਰਾਜ (1415-1450) ਵੇਲੇ ਇੱਥੇ ਆਸ਼ਾਂਤੀ ਹੀ ਰਹੀ ਅਤੇ ਬਗਾਵਤਾਂ ਹੁੰਦੀਆਂ ਰਹੀਆਂ। ਬਾਗੀ ਸਰਦਾਰਾਂ ਦਾ ਮੁੱਖ ਨਿਸ਼ਾਨਾ ਦਿੱਲੀ ਸਲਤਨਤ ਦੇ ਜਲੰਧਰ ਅਤੇ ਸਰਹਿੰਦ ਦੇ ਗਵਰਨਰ ਹੀ ਹੁੰਦੇ ਸਨ। ਮੁਗ਼ਲ ਹੱਲਿਆਂ ਨੇ ਦਿੱਲੀ ਸਲਤਨਤ ਨੂੰ ਹੋਰ ਵੀ ਕਮਜ਼ੋਰ ਕਰ ਦਿੱਤਾ ਅਤੇ ਆਖ਼ਿਰ 1450 ਵਿਚ ਸਰਹਿੰਦ ਦੇ ਗਵਰਨਰ ਬਹਿਲੋਲ ਖ਼ਾਂ ਲੋਧੀ ਨੇ ਦਿੱਲੀ ’ਤੇ ਆਪਣਾ ਅਧਿਕਾਰ ਜਮਾ ਲਿਆ। ਲੋਧੀ ਬੰਸ ਅਧੀਨ ਵੀ ਦੇਸ਼ ਦਾ ਕੋਈ ਬਹੁਤਾ ਸੁਧਾਰ ਨਾ ਹੋਇਆ। ਅਫ਼ਗਾਨ ਸਰਦਾਰ ਲੋਧੀ ਸਲਤਨਤ ਤੋਂ ਤਾਕਤ ਖੋਹਣ ਦੇ ਮਨਸੂਬੇ ਬਣਾਉਣ ਲੱਗ ਪਏ ਅਤੇ ਨਾਲ ਹੀ ਉਨ੍ਹਾਂ ਨੇ ਬਾਬਰ ਨੂੰ ਦਿੱਲੀ ’ਤੇ ਹਮਲਾ ਕਰਨ ਲਈ ਸੱਦ ਲਿਆ। ਬਾਬਰ ਨੇ ਦਿੱਲੀ ਉੱਤੇ ਹਮਲਾ ਕਰਦਿਆਂ ਸਾਰ ਸਾਰਾ ਚਾਰਜ ਆਪਣੇ ਅਧੀਨ ਕਰ ਲਿਆ ਅਤੇ ਮੁਗ਼ਲ ਰਾਜ ਸਥਾਪਿਤ ਕਰ ਦਿੱਤਾ।

ਬਾਦਸ਼ਾਹ ਅਕਬਰ ਨੇ ਕਾਂਗੜੇ ਨੂੰ ਅਧੀਨ ਕਰਨ ਉਪਰੰਤ ਕਾਫੀ ਸਮਾਂ ਜਲੰਧਰ ਹੀ ਰਿਹਾ। ਅਕਬਰ ਨੇ ਇੱਥੇ ਇੱਕ ਟਕਸਾਲ ਸਥਾਪਿਤ ਕੀਤੀ, ਜਿਥੇ ਤਾਂਬੇ ਦੇ ਸਿੱਕੇ ਢਾਲੇ ਜਾਂਦੇ ਸਨ। ਇੱਥੇ ਪਿੱਤਲ ਅਤੇ ਕਾਂਸੀ ਦੇ ਭਾਂਡੇ ਅਤੇ ਮਿੱਟੀ ਦੇ ਮਰਤਬਾਨ ਤਿਆਰ ਕੀਤੇ ਜਾਣ ਲੱਗੇ। ਊਨੀ ਤੇ ਸੂਤੀ ਕਪੜੇ ਤੋਂ ਇਲਾਵਾ ਹੱਥ ਖੱਡੀਆਂ ਨਾਲ ਰੇਸ਼ਮ ਦਾ ਹੋਣ ਲੱਗਾ। ਅਕਬਰ ਦੇ ਸਰਦਾਰ ਬੈਰਮ ਖ਼ਾਂ ਨੇ ਮੁਗ਼ਲ ਹਕੂਮਤ ਵਿਰੁੱਧ ਵਿਦਰੋਹ ਖੜ੍ਹਾ ਕਰ ਦਿੱਤਾ ਅਤੇ ਫ਼ੌਜਾਂ ਇਕੱਠੀਆਂ ਕਰਕੇ ਜਲੰਧਰ ਉੱਤੇ ਹਮਲੇ ਕਰਨ ਦੀ ਤਿਆਰੀ ਕਰਨ ਲਈ ਪਰ ਰਾਹੋਂ ਦੇ ਉੱਤਰ-ਪੱਛਮ ਵੱਲ ਗੁਣਾਚੌਰ ਦੇ ਸਥਾਨ ’ਤੇ ਉਸ ਨੂੰ ਕਰਾਰੀ ਹਾਰ ਹੋਈ। ਅਕਬਰ ਦੇ ਲਾਇਕ ਵਜ਼ੀਰ ਟੋਡਰ ਮੱਲ ਨੇ ਜਲੰਧਰ ਦੁਆਬ ਵਿਚ ਭੋਂ-ਮਾਲੀਏ ਦਾ ਬੰਦੋਬਸਤ ਕੀਤਾ। ਜਹਾਂਗੀਰ (1605-1627) ਸਮੇਂ ਕੁਰਮ ਤੋਂ ਆਏ ਸ਼ੇਖਾਂ ਨੇ 1606 ਵਿੱਚ ਬਸਤੀ ਦਾਨਿਸ਼ਮੰਦਾਂ, 1614 ਵਿੱਚ ਬਸਤੀ ਸ਼ੇਖ ਵਸਾਈ। 1620 ਵਿੱਚ ਪਠਾਣਾਂ ਦੀ ਇੱਕ ਸ਼ਾਖ ਬਾਬਾ ਖੇਲ ਨੇ ਬਸਤੀ ਬਾਬਾ ਖੇਲ ਵਸਾਈ।

ਸ਼ਾਹਜਹਾਂ (1627-58) ਵੇਲੇ ਜਲੰਧਰ ਸ਼ਹਿਰ ਵਿਚ ਕਈ ਬਸਤੀਆਂ ਬਣੀਆਂ। ਪਠਾਣਾਂ ਨੇ ਬਸਤੀ ਗੁਜ਼ਾਂ, ਬਸਤੀ ਸ਼ਾਹ ਕੁਲੀ, ਬਸਤੀ ਸ਼ਾਹ ਇਬਰਾਹੀਮ, ਬਸਤੀ ਮਿੱਠੂ ਸਾਹਿਬ ਵਸਾਈਆਂ। ਜਲੰਧਰ ਦੇ ਹਾਕਮ ਸ੍ਰੀ ਗੁਰੂ ਹਰਿਗੋਬਿੰਦ ਜੀ ਨਾਲ ਲੜਦੇ ਰਹੇ। ਸੰਨ 1634 ਵਿਚ ਸ੍ਰੀ ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲ ਫ਼ੌਜਾਂ ਵਿਚਕਾਰ ਕਰਤਾਰਪੁਰ ਵਿਖੇ ਲੜਾਈ ਹੋਈ, ਜਿਸ ਵਿਚ ਮੁਗ਼ਲਾਂ ਨੂੰ ਮੁਕੰਮਲ ਹਾਰ ਹੋਈ। ਇਸ ਜੰਗ ਤੋਂ ਬਾਅਦ ਕੀਰਤਪੁਰ ਜਾਂਦੇ ਹੋਏ ਸ਼ੇਖ ਦਰਵੇਸ਼ ਦੀ ਬੇਨਤੀ ਪ੍ਰਵਾਨ ਕਰ ਬਸਤੀ ਸ਼ੇਖ ਜਲੰਧਰ ਵਿਖੇ ਚਰਨ ਪਾਏ। ਜਿੱਥੇ ਹੁਣ ਗੁਰਦੁਆਰਾ ਪਾਤਸ਼ਾਹੀ ਛੇਵੀਂ ਵੀ ਬਣਿਆ ਹੋਇਆ ਹੈ। 

ਔਰੰਗਜ਼ੇਬ ਦੀ ਮੌਤ (1707) ਦੇ ਨਾਲ ਹੀ ਮੁਗ਼ਲ ਸਾਮਰਾਜ ਖੇਰੂੰ ਖੇਰੂੰ ਹੋਣਾ ਸ਼ੁਰੂ ਹੋ ਗਿਆ। ਸੰਨ 1708 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗ਼ਲਾਂ ਨਾਲ ਟੱਕਰ ਲੈਣ ਲਈ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ। ਬਾਬਾ ਬੰਦਾ ਸਿੰਘ ਬਹਾਦਰ ਸਰਹਿੰਦ ਜਿੱਤਣ ਉਪਰੰਤ ਜਲੰਧਰ ਵੱਲ ਆਇਆ ਤਾਂ ਇੱਥੇ ਦਾ ਫੌਜਦਾਰ ਸ਼ਮਸ਼ਉਦੀਨ ਪਹਾੜਾਂ ਵੱਲ ਭੱਜ ਗਿਆ। ਇਸ ਤੋਂ ਬਾਅਦ ਮੁਗ਼ਲ ਬਾਦਸ਼ਾਹ ਨੇ ਜਲੰਧਰ ਈਸੇ ਖਾਂ ਮੰਝ ਨੂੰ ਦੇ ਦਿੱਤਾ। 

ਫਿਰ ਪੰਜਾਬ ਦੇ ਸੂਬੇਦਾਰ ਜਕਰੀਆ ਖਾਨ ਨੇ ਜਲੰਧਰ ਦੁਆਬ ਦਾ ਫੌਜਦਾਰ ਅਦੀਨਾ ਬੇਗ ਨੂੰ ਲੱਗਾ ਦਿੱਤਾ। ਸੰਨ 1748 ਤੋਂ 1752 ਵਿਚਕਾਰ ਜਦੋਂ ਮੀਰ ਮਨੂੰ ਪੰਜਾਬ ਦਾ ਗਵਰਨਰ ਬਣਿਆ ਤਾਂ ਉਸ ਨੇ ਅਦੀਨਾ ਬੇਗ ਨੂੰ ਜਲੰਧਰ ਦੁਆਬ ਵਿਚ ਆਪਣਾ ਨਾਇਬ ਬਣਾਈ ਰੱਖਿਆ। ਇਸ ਤਰ੍ਹਾਂ ਮੁਗ਼ਲ ਬਾਦਸ਼ਾਹਾਂ ਦੇ ਰਾਜਕਾਲ ਸਮੇਂ ਜਲੰਧਰ ਸ਼ਹਿਰ ਦਾ ਕਾਫ਼ੀ ਮਹੱਤਵ ਸੀ। ਇੱਥੇ ਕਈ ਬਸਤੀਆਂ ਵਸ ਗਈਆਂ, ਜਿਨ੍ਹਾਂ ਦੁਆਲੇ ਕੋਟ ਹੁੰਦੇ ਸਨ। ਇੱਥੇ ਬਾਰਾਂ ਕੋਟ ਬਣ ਗਏ ਸਨ।  
ਅਹਿਮਦ ਸ਼ਾਹ ਅਬਦਾਲੀ ਦਾ ਪੰਜਾਬ ਉਪਰੋਂ ਚੌਥੇ ਹਮਲੇ (1755) ਸਮੇਂ ਉਸਨੇ ਨੂਰ ਮਹੱਲ ਨੂੰ ਖ਼ੂਬ ਲੁੱਟਿਆ ਅਤੇ ਇਥੋਂ ਦੇ ਲੋਕਾਂ ਨੂੰ ਕਤਲ ਕਰ ਦਿੱਤਾ। ਉਸਨੇ ਦਿੱਲੀ ਨੂੰ ਵੀ ਬਹੁਤ ਲੁੱਟਿਆ ਅਤੇ ਆਪਣੇ ਪੁੱਤਰ ਤੈਮੂਰ ਨੂੰ ਪੰਜਾਬ ਦਾ ਗਵਰਨਰ ਥਾਪ ਦਿੱਤਾ। ਵਾਪਸੀ ਸਮੇਂ ਉਸਨੇ ਕਰਤਾਰਪੁਰ ਸ਼ਹਿਰ ਨੂੰ ਲੁੱਟਿਆ, ਸ਼ਹਿਰ ਨੂੰ ਅੱਗ ਲਾ ਦਿੱਤੀ। ਸਿੱਖਾਂ ਨੇ ਇਸ ਦਾ ਬਦਲਾ 1757 ਵਿਚ ਲਿਆ, ਜਦੋਂ ਬਾਬਾ ਵਡਭਾਗ ਸਿੰਘ ਨੇ ਜਲੰਧਰ ਦੀ ਇੱਟ ਨਾਲ ਇੱਟ ਵਜਾ ਦਿੱਤੀ ਸੀ ਅਤੇ ਜਲੰਧਰ ਦੀਆਂ ਬਸਤੀਆਂ ਵਿਚ ਵਸਦੇ ਅਫ਼ਗਾਨਾਂ ਨੂੰ ਮਾਰ ਮੁਕਾਇਆ ਸੀ। 1762 ਵਿਚ ਸਿੰਘਪੁਰੀਆਂ ਮਿਸਲ ਦੇ ਸਰਦਾਰ ਖੁਸ਼ਹਾਲ ਸਿੰਘ ਨੇ ਜਲੰਧਰ ’ਤੇ ਕਬਜ਼ਾ ਕਰ ਲਿਆ। ਇਸ ਉਪਰੰਤ ਉਸ ਦੇ ਪੁੱਤਰ ਬੁੱਧ ਸਿੰਘ ਨੇ ਇਕ ਕਿਲ੍ਹਾ ਬਣਾਇਆ, ਜਿੱਥੇ ਅਜੋਕਾ ਕਿਲ੍ਹਾ ਮਹੱਲਾ ਵਸਿਆ ਹੋਇਆ ਹੈ। 

1811 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਫ਼ੈਜਲਪੁਰੀਆਂ ਹੱਥੋਂ ਜਲੰਧਰ ਆਪਣੇ ਕਬਜ਼ੇ ਵਿਚ ਕਰਨ ਲਈ ਦੀਵਾਨ ਮੋਹਕਮ ਚੰਦ ਨੂੰ ਭੇਜਿਆ। ਅਖ਼ੀਰ ਜਲੰਧਰ ਉੱਤੇ ਅਕਤੂਬਰ ਮਹੀਨੇ ਵਿਚ ਮਹਾਰਾਜੇ ਦਾ ਕਬਜ਼ਾ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਦੌਰਾਨ ਜਲੰਧਰ ਦੁਆਬ ਵਿਚ ਕਈ ਨਾਜ਼ਮ (ਗਵਰਨਰ) ਰਹੇ। ਸਭ ਤੋਂ ਪਹਿਲਾ ਦੀਵਾਨ ਮੋਹਕਮ ਚੰਦ, ਫਿਰ ਦੀਵਾਨ ਮੋਤੀ ਰਾਮ, ਕਿਰਪਾ ਰਾਮ, ਫਕੀਰ ਅਜ਼ੀਜ਼ਉਦੀਨ, ਮਿਸਰ ਰੂਪ ਲਾਲ ਅਤੇ ਸ਼ੇਖ ਗੁਲਾਮ ਮਹੀਉਦੀਨ ਨਾਜ਼ਮ ਰਹੇ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਕੁਝ ਸਾਲ ਬਾਅਦ 1845 ਵਿੱਚ ਸਿੱਖਾਂ ਤੇ ਅੰਗਰੇਜ਼ਾ ਵਿੱਚ ਜੰਗਾਂ ਹੋਈਆਂ ਅਤੇ ਪੰਜਾਬ ’ਤੇ ਅੰਗਰੇਜ਼ ਕਾਬਜ਼ ਹੋ ਗਏ। 

ਅੰਗਰੇਜ਼ਾਂ ਨੇ ਜਲੰਧਰ ਦੁਆਬ ਨੂੰ ਆਪਣੇ ਰਾਜ ਵਿਚ ਸ਼ਾਮਲ ਕਰ ਲਿਆ ਅਤੇ ਇਸ ਨੂੰ ਇਕ ਕਮਿਸ਼ਨਰੀ ਦਾ ਰੂਪ ਦੇ ਦਿੱਤਾ। ਅੰਗਰੇਜ਼ਾਂ ਨੇ ਜਲੰਧਰ, ਫ਼ਿਲੌਰ, ਨਕੋਦਰ ਅਤੇ ਕਰਤਾਰਪੁਰ ਵਿਖੇ ਛਾਉਣੀਆਂ ਬਣਵਾ ਦਿੱਤੀਆਂ। ਇਨ੍ਹਾਂ ਵਿਚੋਂ ਇਸ ਸਮੇਂ ਕੇਵਲ ਇਕੋ ਇਕ ਜਲੰਧਰ ਛਾਉਣੀ ਮੌਜੂਦ ਹੈ ਬਾਕੀ ਤਿੰਨ ਛਾਉਣੀਆਂ ਮਗਰੋਂ ਖਤਮ ਕਰ ਦਿੱਤੀਆਂ। ਅੰਗਰੇਜ਼ ਸਰਕਾਰ ਨੇ ਇਲਾਕੇ ਵਿਚੋਂ ਇਨ੍ਹਾਂ ਹੀ ਸਿੱਖ ਕਿਲਿਆਂ ਨੂੰ ਢਾਹ ਦਿੱਤਾ। ਗਦਰ ਦੌਰਾਨ ਤੋਪਖਾਨੇ ਨੂੰ ਛੱਡ ਕੇ ਜਲੰਧਰ ਵਿਚ ਬੈਠੀਆਂ ਸਾਰੀਆਂ ਦੇਸੀ ਫ਼ੌਜਾਂ ਨੇ ਵਿਦਰੋਹ ਖੜ੍ਹਾ ਕਰ ਦਿੱਤਾ ਸੀ।

ਸੰਨ 1947 ਦੀ ਦੇਸ਼-ਵੰਡ ਤੋਂ ਬਾਅਦ ਇੱਥੇ ਕਈ ਨਵੇਂ ਮਹੱਲੇ ਬਣੇ। ਹੁਣ ਆਧੁਨਿਕ ਵਿਕਾਸ ਨਾਲ ਕਈ ਨਵੇਂ ਨਗਰ, ਕਾਲੋਨੀਆਂ, ਆਬਾਦੀਆਂ ਬਣੀਆਂ, ਜਿਨ੍ਹਾਂ ਵਿਚ ਅਰਬਨ ਅਸਟੇਟ, ਮਾਡਲ ਟਾਊਨ, ਹਰਦਿਆਲ ਨਗਰ, ਵਿਜੇ ਨਗਰ, ਗੁਰਦਿਆਲ ਨਗਰ, ਚੀਮਾ ਨਗਰ ਆਦਿ ਪ੍ਰਮੁੱਖ ਹਨ। 

ਇਸ ਸਮੇਂ ਇਹ ਰਾਜ ਦੇ ਇਕ ਮਹੱਤਵਪੂਰਨ ਉਦਯੋਗਿਕ ਸ਼ਹਿਰ ਵੱਜੋਂ ਵਿਕਸਿਤ ਹੋਇਆ ਹੈ। ਇੱਥੇ ਖੇਡਾਂ ਦਾ ਸਾਮਾਨ, ਛੋਟੇ ਮੋਟੇ ਔਜ਼ਾਰ, ਮੋਟਰ ਗੱਡੀਆਂ ਦੇ ਪੁਰਜ਼ੇ, ਜ਼ਰਾਇਤੀ ਸੰਦ, ਬੱਸਾਂ ਦੀਆਂ ਬਾਡੀਆਂ, ਬਿਜਲੀ ਦਾ ਸਾਮਾਨ ਆਦਿ ਤਿਆਰ ਹੋਣ ਲੱਗਾ। ਖ਼ਾਸ ਕਰ ਕੇ ਖੇਡਾਂ ਦਾ ਸਾਮਾਨ ਇਥੋਂ ਦੁਨੀਆ ਭਰ ਵਿਚ ਜਾਂਦਾ ਹੈ। ਇਹ ਉੱਤਰੀ ਭਾਰਤ ਵਿਚ ਅਖਬਾਰਾਂ ਦੀ ਛਪਾਈ ਦਾ ਇਹ ਸਭ ਤੋਂ ਵੱਡਾ ਕੇਂਦਰ ਬਣ ਗਿਆ। ਇੱਥੇ ਦੂਰਦਰਸ਼ਨ ਕੇਂਦਰ, ਰੇਡੀਓ ਸਟੇਸ਼ਨ ਵੀ ਸਥਾਪਿਤ ਕੀਤੇ ਗਏ।

ਹਰਪ੍ਰੀਤ ਸਿੰਘ ਨਾਜ਼
ਢਿਲੋਂ ਕਾਟੇਜ, ਮਕਾਨ ਨੰਬਰ 155,
ਸੈਰਟਰ 2 ਏ, ਸ਼ਾਮ ਨਗਰ, 
ਮੰਡੀ ਗੋਬਿੰਦਗੜ੍ਹ 147301
ਮੋਬਾਇਲ –85670- 20995


author

rajwinder kaur

Content Editor

Related News