ਬਜ਼ੁਰਗ ਦੁਰਵਿਹਾਰ ਜਾਗਰੂਕਤਾ ਦਿਹਾੜਾ : ‘ਬਜ਼ੁਰਗ ਨਾਗਰਿਕਾਂ ਦੇ ਹਿੱਤ’
Sunday, Jun 14, 2020 - 10:44 AM (IST)
ਨਰੇਸ਼ ਕੁਮਾਰੀ
ਉਪਰੋਕਤ ਦਿਹਾੜਾ ਦੁਨੀਆਂ ਭਰ ਵਿੱਚ 15 ਜੂਨ ਨੂੰ ਉਮਰਦਰਾਜ ਨਾਗਰਿਕਾਂ ਨਾਲ ਹੁੰਦੀ ਜ਼ਿਆਦਤੀ ਦੇ ਵਿਰੋਧ ਵਿੱਚ ਮਨਾਇਆ ਜਾਂਦਾ ਹੈ। ਇਸਨੂੰ (world dlded ahude awareness day) ਨਾਲ ਜਾਣਿਆ ਜਾਂਦਾ ਹੈ। ਇਸ ਦਿਹਾੜੇ ਦਾ ਆਰੰਭ ਸੰਯੁਕਤ ਰਾਸ਼ਟਰ ਆਮ ਅਸੈਂਬਲੀ ਨੇ 2011 ਵਿੱਚ ਕੀਤਾ। ਇਹ ਦਿਵਸ ਉਨ੍ਹਾਂ ਬਜ਼ੁਰਗ ਨਾਗਰਿਕਾਂ ਦੇ ਹਿੱਤ ਲਈ ਮਨਾਇਆ ਜਾਂਦਾ ਹੈ, ਜਿਨਾਂ ਨਾਲ ਪਰਿਵਾਰ ਜਾਂ ਸਮਾਜ ਵੱਲੋਂ ਵੱਖੋ-ਵੱਖਰੇ ਤਰੀਕਿਆਂ ਨਾਲ ਦੁਰਵਿਹਾਰ ਕੀਤਾ ਜਾਂਦਾ ਹੈ। un gereral assembly ਮੁਤਾਬਕ 60 ਸਾਲ ਜਾਂ ਇਸ ਤੋਂ ਉਪਰਲੀ ਉਮਰ ਵਾਲੇ ਨਾਗਰਿਕ ਇਸ ਵਿਵਹਾਰ ਦਾ ਸ਼ਿਕਾਰ ਹੁੰਦੇ ਹਨ। ਦਿਲਚਸਪ ਅਤੇ ਹੈਰਾਨੀਜਨਕ ਗੱਲ ਇਹ ਹੈ ਕਿ ਅਜਿਹਾ ਘਿਨਾਉਣਾ ਵਿਵਹਾਰ ਕਰਨ ਵਾਲੇ ਪਰਿਵਾਰ ਦੇ ਮੈਂਬਰ ਤੇ ਦੇਖਭਾਲ ਕਰਨ ਵਾਲੇ ਆਪ ਹੀ ਹੁੰਦੇ ਹਨ। ਇਸ ਤੋਂ ਵੀ ਹੈਰਾਨੀਜਨਕ ਗੱਲ ਹੈ ਕਿ 60% ਪਰਿਵਾਰ ਦੇ ਮੈਂਬਰ ਹੀ ਇਸਦੇ ਜ਼ਿੰਮੇਵਾਰ ਹੁੰਦੇ ਹਨ। ਇਹ ਦੁਰਵਿਹਾਰ ਨਾ ਸਿਰਫ ਭਾਰਤ ਵਿਚ ਹੀ, ਸਗੋਂ ਵਿਸ਼ਵ ਭਰ ਵਿੱਚ ਵਯੌ ਵਰਿੱਧਾਂ ਨਾਲ ਹੁੰਦਾ ਹੈ।
ਇੱਕ ਰਿਪੋਰਟ ਅਨੁਸਾਰ ਅਜਿਹੇ ਨਾਗਰਿਕਾਂ ਦੀ ਗਿਣਤੀ 2017 ਤੱਕ ਕੁੱਲ ਜਨਸੰਖਿਆ ਦਾ 36%ਤੋਂ ਵੀ ਵੱਧ ਸੀ, ਤੇ 2030 ਤੱਕ 38% ਹੋ ਜਾਣ ਦੀ ਸੰਭਾਵਨਾ ਹੈ। ਦੁਨੀਆਂ ਭਰ ਵਿੱਚ ਇਹ ਦੁਰਵਿਹਾਰ ਬਜ਼ੁਰਗਾਂ ਨੂੰ ਤਾਲੇ ਤੇ ਜ਼ੰਜੀਰਾਂ ਨਾਲ ਬੰਨ੍ਹ ਕੇ ਦੇਖਭਾਲ ਦੀ ਕਮੀਂ ਦੇ ਰੂਪ ਵਿੱਚ ਮਾਰ-ਕੁੱਟ ਦੇ ਰੂਪ ਵਿੱਚ ਜਾਇਦਾਦ, ਨਗਦੀ ਜਾਂ ਕੀਮਤੀ ਗਹਿਣੇ ਹਥਿਆਉਣ ਦੇ ਰੂਪ ਵਿੱਚ ਜਾਂ ਜੈਵਿਕ ਸ਼ੋਸਣ ਦੇ ਰੂਪ ਵਿੱਚ ਕੀਤਾ ਜਾਂਦਾ ਹੈ।
WHO ਵੱਲੋਂ ਪਿਛਲੇ ਸਮੇਂ ਦੌਰਾਨ ਹੋਏ ਬਜ਼ੁਰਗਾਂ ਪ੍ਰਤੀ ਇਸ ਦੁਰਵਿਹਾਰ ਤੋਂ ਕੱਢੇ ਤੱਤ ਅਨੁਸਾਰ ਸੰਨ 2020 ਲਈ ਟੀਚਾ ਮਿੱਥਿਆ ਗਿਆ, ਜਿਸ ਅਨੁਸਾਰ:--
“ ਹਰ ਸੀਨੀਅਰ ਸਿਟੀਜਨ ਸਰੀਰਕ ਤੌਰ ’ਤੇ, ਮਾਨਸਿਕ ਤੌਰ ’ਤੇ ਜਾਂ ਕਿਸੇ ਵੀ ਤਰ੍ਹਾਂ ਪੀੜਤ ਦੀ ਪਹੁੰਚ ਕਾਨੂੰਨ, ਸਮਾਜਿਕ ਜਾਂ ਆਰਥਿਕਤਾ ਤੱਕ ਯਕੀਨੀ ਬਣਾਉਣਾ ਚਾਹੀਦਾ ਹੈ”
ਹੁਣ ਸਵਾਲ ਇਹ ਉੱਠਦਾ ਹੈ ਕਿ ਇਨਾਂ ਵਡੇਰੀ ਉਮਰ ਦੇ ਨਾਗਰਿਕਾਂ ਨਾਲ ਦੁਰਵਿਹਾਰ ਕਿਓਂ ਹੁੰਦਾ ਹੈ? ਜਾਂ ਇਓਂ ਕਹਿ ਲਵੋ ਕੌਣ ਅਜਿਹਾ ਵਿਹਾਰ ਕਰਦਾ ਹੈ?
ਸੋ ਸਪੱਸ਼ਟ ਹੈ ਕਿ ਦੇਖਭਾਲ ਕਰਨ ਵਾਲਾ ਚਾਹੇ ਉਹ ਪਰਿਵਾਰ ਦਾ ਮੈਂਬਰ, ਨੌਕਰ ਜਾਂ ਫਿਰ ਹਸਪਤਾਲ ਵਿੱਚ ਕੰਮ ਕਰਨ ਵਾਲਾ ਹੋਵੇ ,ਉਹੀ ਇਸ ਜੁਰਮ ਦਾ ਜ਼ਿੰਮੇਵਾਰ ਹੋ ਸਕਦਾ ਹੈ। ਸੋ ਕਾਰਨ ਹੇਠ ਲਿਖੇ ਅਨੁਸਾਰ ਹਨ:-
. ਬੁਜ਼ੁਰਗਾਂ ਦਾ ਅਮੀਰ, ਸਰੀਰਕ ਤੇ ਮਾਨਸਿਕ ਤੌਰ ਉੱਤੇ ਕਮਜ਼ੋਰ ਹੋਣਾ।
. ਦੇਖਭਾਲ ਕਰਨ ਵਾਲੇ ਦਾ ਮਾਨਸਿਕ ਤੌਰ ’ਤੇ ਕਮਜ਼ੋਰ ਅਤੇ ਅਸ਼ਾਂਤ ਸੁਭਾਅ ਵਾਲਾ ਹੋਣਾ। ਅਜਿਹਾ ਵਿਅਕਤੀ ਛੋਟੇ-ਛੋਟੇ ਕੰਮਾਂ ਤੋਂ ਜਲਦੀ ਹੀ ਤੰਗ ਆ ਜਾਵੇਗਾ ਤੇ ਬਿਰਧ ਨਾਲ ਦੁਰਵਿਹਾਰ ’ਤੇ ਉਤਰ ਆਵੇਗਾ।
. ਦੇਖ-ਰੇਖ ਕਰਨ ਵਾਲਿਆਂ ਦੇ ਮਨ ਵਿੱਚ ਵੱਡਿਆਂ ਪ੍ਰਤੀ ਨਕਾਰਾਤਮਿਕ ਵਿਸ਼ਵਾਸ ਦਾ ਹੋਣਾ।
. ਇਨ੍ਹਾਂ ਵਿੱਚ ਕਿਸੇ ਤਰਾਂ ਮਾਨਸਿਕ ਪ੍ਰੇਸ਼ਾਨੀ ਜਾਂ ਮਾਨਸਿਕ ਰੋਗ ਦਾ ਹੋਣਾ ਜਾਂ ਫਿਰ ਨਸ਼ੇ ਆਦਿ ਦੀ ਲਤ ਦਾ ਆਦੀ ਹੋਣਾ ।
. ਕੇਅਰ ਟੇਕਰ ਦਾ ਬਚਪਨ ਵਿੱਚ ਆਪ ਦੂਸਰਿਆਂ ਹੱਥੋਂ ਦੁਰਵਿਹਾਰ ਸਹਿਣਾ।
. ਅਜਿਹੇ ਲੋਕਾਂ ਦਾ ਆਪਣਾ ਘਰੇਲੂ ਕਲੇਸ਼ ਜਾਂ ਅਪਰਾਧੀ ਪ੍ਰਵਿਰਤੀ ਵਾਲੇ ਹੋਣਾ।
. ਅੱਤ ਦੀ ਗਰੀਬੀ, ਵੱਡੇ ਪ੍ਰੀਵਾਰ ਦੀ ਜ਼ਿੰਮੇਵਾਰੀ ਦਾ ਬੋਝ ਜਾਂ ਪਰਿਵਾਰ ਦਾ ਟੁੱਟੇ ਹੋਣਾ ਆਦਿ ਅਜਿਹੇ ਕਾਰਨ ਹਨ ਸੋ ਦੇਖਭਾਲ ਕਰਨ ਵਾਲੇ ਵੱਲੋਂ ਬਜ਼ੁਰਗਾਂ ਦਾ ਸ਼ੋਸਣ ਕਰਨ ਲਈ ਕਾਰਨ ਬਣਦੇ ਹਨ।
ਬਜ਼ੁਰਗਾਂ ਤਾਈਂ ਸਾਡੇ ਫਰਜ਼ ਤੇ ਸ਼ੋਸਣ ਤੋਂ ਰੋਕਥਾਮ ਲਈ ਤਰੀਕੇ:-
. ਬਜ਼ੁਰਗਾਂ ਨੂੰ ਸੰਗੀਆਂ, ਸਾਥੀਆਂ ਨਾਲ ਵਿਅਸਥ ਰੱਖਣਾ, ਉਨ੍ਹਾਂ ਦੀਆਂ ਰੁਚੀਆਂ ਮੁਤਾਬਕ ਕੰਮ ਜਾਂ ਗਤਿਵਿਧਿਆਂ ਦੇ ਮੌਕੇ ਪ੍ਰਦਾਨ ਕਰਕੇ।
. ਵਰਜਿਸ਼, ਟੀ.ਵੀ ਪ੍ਰੋਗਰਾਮ, ਅਖ਼ਬਾਰ, ਪੇਂਟਿੰਗ ਜਾਂ ਰੁਚੀ ਅਨੁਸਾਰ ਸਮਾਜ ਸੇਵਾ ਦੇ ਕੰਮਾਂ ਲਈ ਉਤਸ਼ਾਹਿਤ ਕਰਨਾ ।
. ਦੇਖ ਭਾਲ ਕਰਨ ਵਾਲੇ ਸ਼ੱਕੀ ਅਨਸਰ ਤੇ ਨਿਗਾਹ ਰੱਖਣੀ ਤਾਂ ਕਿ ਉਹ ਉਨ੍ਹਾਂ ਨੂੰ ਕਿਸੇ ਵੀ ਤਰਾਂ ਦੀ ਹਾਨੀ ਨਾ ਪਹੁੰਚਾ ਸਕਣ।
. ਬਜ਼ੁਰਗਾਂ ਦਾ ਧਾਰਮਿਕ ਸਥਾਨਾਂ,ਐਲਡਰ ਕਲੱਬਾਂ, ਤੇ ਖੇਡ ਦੇ ਮੈਦਾਨਾਂ ਵਗੈਰਹ ਦੀ ਜਾਨਕਾਰੀ ਦੇਣੀ ਤੇ ਪਹੁੰਚ ਆਸਾਨ ਕਰਨਾ।
. ਬੱਚਿਆਂ ਦਾ ਬਜ਼ੁਰਗਾਂ ਵੱਲ ਝੁਕਾਅ ਵਧਾ ਕੇ ਰਿਸ਼ਤੇ ਸੁਖਾਵੇਂ ਬਣਾਉਣਾ, ਜਿਸ ਨਾਲ ਦੋਨਾਂ ਵਿੱਚੋਂ ਉਮਰਾਂ ਦੇ ਪਾੜੇ ਦਾ ਘੱਟ ਹੋਣਾ। ਇਸਦੇ ਨਾਲ ਨਾਲ ਇੱਕ ਦੂਸਰੇ ਤੋਂ ਸਿੱਖਣ ਨੂੰ ਵੀ ਬਹੁਤ ਕੁਝ ਹਾਸਿਲ ਹੋ ਸਕਦਾ ਹੈ।
Who ਵੱਲੋਂ ਤਰਜੀਹ ਯੋਗ ਕੁਝ ਗੱਲਾਂ:--
. ਬਜ਼ੁਰਗਾਂ ਲਈ ਉਨ੍ਹਾਂ ਦੀ ਬਦਲਦੀ ਲੋੜ ਅਨੁਸਾਰ ਹਾਲਾਤ ਪੈਦਾ ਕਰਨੇ ਤਾਂ ਜੋ ਉਹ ਆਮ ਅਤੇ ਸੁਖਾਲਾ ਜੀਵਨ ਜੀਅ ਸਕਣ। ਉਦਾਹਰਣ ਦੇ ਤੌਰ ’ਤੇ ਚਸ਼ਮੇ ਬਣਵਾ ਕੇ ਦੇਣੇ, ਨੰਬਰ ਵਧਣ ਘਟਣ ’ਤੇ ਦੋਬਾਰਾ ਤੋਂ ਬਿਲਕੁਲ ਸਹੀ ਬਣਵਾਉਣੇ, ਦੰਦਾਂ ਦਾ ਇਲਾਜ ਜਾਂ ਨਵਾਂ ਬੀੜ ਲਵਾਕੇ ਦੇਣਾ, ਜੁਤੀਆਂ ਹਾਲਾਤਾਂ ਅਨੁਸਾਰ ਡਾਕਟਰੀ ਸਲਾਹ ਅਨੁਸਾਰ ਕੁਰਸੀ, ਗੱਲਾਂ ਜਾਂ ਮੰਜਾ ਆਰਾਮਦਾਇਕ ਜਾਂ ਡਾਕਟਰੀ ਸਲਾਹ ਅਨੁਸਾਰ ਲੈਣ ਕੇ ਦੇਣੇ।
. ਪਰਿਵਾਰ ਦੇ ਉਮਰ ਦਰਾਜ਼ ਮੈਂਬਰ ਲਈ ਉਸਦੀ ਪਾਚਨ ਕਿਰਿਆ, ਬੀਮਾਰੀ ’ਤੇ ਡਾਕਟਰ ਦੀ ਸਲਾਹ ਮੁਤਾਬਕ ਬਦਲ-ਬਦਲ ਕੇ ਤੇ ਸਵਾਲ ਬਣਾ ਕੇ ਮੁਹੱਈਆ ਕਰਵਾਉਣਾ।
. ਆਪਣੇ ਕੰਮ ਵਿੱਚੋਂ ਕੁਝ ਨਾ ਕੁਝ ਵਕਤ ਇਨ੍ਹਾਂ ਲਈ ਹਰ ਹਾਲਤ ਵਿੱਚ ਕੱਢਣਾ।
. ਚੱਲਣ ਫਿਰਨ, ਖਾਣ-ਪੀਣ, ਨਿੱਤ ਕਰਮ, ਸਿਹਤ ਦੀ ਅਤੇ ਆਲੇ-ਦੁਆਲੇ, ਬਿਸਤਰੇ, ਕਮਰੇ ਦੀ ਸਫਾਈ, ਜ਼ਰੂਰੀ ਅਤੇ ਕੀਮਤੀ ਵਸਤਾਂ ਦੀ ਸੰਭਾਲ਼ ਯਕੀਨੀਂ ਬਣਾਉਣਾ।
. ਇਸ ਉਮਰ ਵਿੱਚ ਹਾਰਮੋਨਸ ਦੇ ਅਸੁੰਤਲਨ ਕਾਰਨ ਮਨ ਵਹਿਮੀ, ਡਰਿਆ ਹੋਇਆ ਅਤੇ ਤਨਾਅ ਭਰਪੂਰ ਹੋ ਜਾਂਦਾ ਹੈ। ਇਸ ਸਥਿਤੀ ਲਈ ਇਕ ਮਜ਼ਬੂਤ ਮਾਨਸਿਕਤਾ ਤੇ ਸਕਾਰਾਤਮਿਕ ਸਹਾਰੇ ਦੀ ਲੋੜ ਹੁੰਦੀ ਹੈ, ਜੋ ਬਜ਼ੁਰਗ ਨੂੰ ਚੜ੍ਹਦੀ ਕਲਾ ਪ੍ਰਦਾਨ ਕਰ ਸਕੇ। ਇਸ ਉਮਰ ਵਿੱਚ ਨਕਾਰਾਤਮਿਕ ਸੋਚ ਬਹੁਤ ਜਲਦੀ ਆਪਣਾ ਪ੍ਰਭਾਵ ਪਾਉਂਦੀ ਹੈ ਤੇ ਆਪਣੇ ਆਪ ਨੂੰ ਹਾਨੀ ਪਹੁੰਚਾਉਣ ਦਾ ਜਜ਼ਬਾ, ਇਥੋਂ ਤੱਕ ਕਿ ਆਤਮ-ਹੱਤਿਆ ਵਰਗੀ ਸੋਚ ਭਾਰੂ ਹੁੰਦੀ ਹੈ। ਇਸ ਲਈ ਇਨ੍ਹਾਂ ਨੂੰ ਇਕੱਲੇ ਛੱਡਣ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ।
. ਵਿਸ਼ਵ ਦੇ ਹਰ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਨ੍ਹਾਂ ਆਪਣੇ ਦੇਸ਼ ਦੇ ਉਮਰ ਦਰਾਜ ਨਾਗਰਿਕਾਂ ਸੰਬੰਧੀ ਪ੍ਰੋਗਰਾਮਾਂ ਲਈ ਵਧ ਚੜ੍ਹ ਕੇ ਹਿੱਸਾ ਲਵੇ ਅਤੇ ਯੋਗਦਾਨ ਦੇਵੇ।
. ਜਿੰਨੀਆਂ ਵੀ ਸਮਾਜਿਕ ਜਾਂ ਕਿਸੇ ਵੀ ਤਰਾਂ ਦੀਆਂ ਸੰਸਥਾਵਾਂ, ਜੋ ਵੀ ਇਸ ਕੰਮ ਲਈ ਜੁਟੀਆਂ ਹਨ, ਆਪਣੇ ਕੰਮ ਕਰਨ ਦੀ ਸ਼ੈਲੀ ਵਿੱਚ ਪਾਰਦਰਸ਼ਤਾ ਲਿਆਉਣ ਦੇ ਨਾਲ-ਨਾਲ ਅੰਕੜੇ ਜ਼ਿਆਦਾ ਵਧੀਆ ਤਰੀਕੇ ਨਾਲ ਸਹੀ ਪੇਸ਼ ਕਰਨੇ।
. ਸਿਹਤ ਸੇਵਾਵਾਂ ਨੂੰ ਅਤੇ ਪੂਰੇ ਸਿਹਤ ਤੰਤਰ ਦੀਆਂ ਖਾਮੀਆਂ ਦੂਰ ਕਰਕੇ ਸੀਨੀਅਰ ਸਿਟੀਜਨਜ ਲਈ ਹੋਰ ਵੀ ਅਨੁਕੂਲ ਬਨਾਉਣਾ।
. ਹਰ ਦੇਸ਼ ਵਿੱਚ ਲੰਬੇ ਸਮੇਂ ਤੱਕ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਦੀ ਨੀਂਹ ਰੱਖਣੀ।
. ਮਾਨਵੀਯ ਸੰਸਾਧਨਾਂ ਦਾ ਯਕੀਨੀ ਬਣਾਉਣਾ। ਭਾਵ ਅਜਿਹੇ ਬਜ਼ੁਰਗਾਂ ਦੀ ਦੇਖਭਾਲ ਲਈ ਕੰਮ ਕਰਨਯੋਗ ਇਨਸਾਨਾਂ ਦਾ ਪੱਕਾ ਇੰਤਜ਼ਾਮ ਕਰਨਾ।
. ਉਮਰਵਾਦ ਦੇ ਖਿਲਾਫ ਵਿਸ਼ਵਵਿਆਪੀ ਲਹਿਰ ਚਲਾਉਣੀ, ਤਾਂ ਜੋ ਘੱਟ ਉਮਰ ਵਾਲਿਆਂ ਵੱਲੋਂ ਉਮਰ ਦਰਾਜ਼ ਨਾਗਰਿਕਾਂ ਨਾਲ ਜ਼ਿਆਦਤੀ ਰੋਕੀ ਜਾ ਸਕੇ।
. ਆਰਥਿਕ ਨਿਵੇਸ਼ ਨੂੰ ਰਿਟਾਇਰਮੈਂਟ ਤੋਂ ਬਾਅਦ ਵਾਸਤੇ ਵਧਾਵਾ ਦੇਣਾ।
. ਵਿਸ਼ਵਵਿਆਪੀ ਪੱਧਰ ਤੇ ਸ਼ਹਿਰਾਂ ਤੇ ਕਬੀਲਿਆਂ ਵਿੱਚ ਬਜ਼ੁਰਗਾਂ ਲਈ ਦੋਸਤਾਨਾ ਮਹੌਲ ਬਣਾਉਣਾ।
ਨਿਰਪੱਖ ਵਿਚਾਰ :-
ਸਾਡੇ ਬਜ਼ੁਰਗ ਕੇਵਲ ਇੱਕ ਝੁਰੀਆਂ ਭਰਿਆ ਚਿਹਰਾ, ਇਕ ਬੇਕਾਰ ਦੇਹ ਦੇ ਮਾਲਿਕ ਤੇ ਬੱਚਿਆਂ ਉੱਪਰ ਢੇਰਾਂ ਜ਼ਿੰਮੇਵਾਰੀਆਂ ਦਾ ਬੋਝ ਹੀ ਨਹੀਂ, ਸਗੋਂ ਜ਼ਿੰਦਗੀ ਦੇ ਗੂੜ ਗਿਆਨ ਅਤੇ ਤਜਰਬੇ ਦੀ ਖਾਨ ਦੇ ਨਾਲ-ਨਾਲ ਅਤਿ ਕੀਮਤੀ ਗਹਿਣੇ ਵੀ ਹਨ, ਜਿਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਬਾਜ਼ਾਰ ਵਿਚੋਂ ਹੋਰ ਨਹੀਂ ਖਰੀਦੇ ਜਾ ਸਕਦੇ। ਇਸਦੇ ਨਾਲ ਹੀ ਇਨ੍ਹਾਂ ਨੂੰ ਘਰ ਦਾ ਤਾਲਾ ਵੀ ਕਿਹਾ ਜਾਂਦਾ ਹੈ। ਇਹ ਸਾਡੇ ਲਈ ਬਹੁਤ ਵੱਡਾ ਮਾਨਸਿਕ ਸਹਾਰਾ ਹੋਣਦੇ ਨਾਲ਼-ਨਾਲ਼ ਸਾਡੇ ਜਨਮਦਾਤਾ ਤੇ ਜ਼ਿੰਦਗੀ ਨੂੰ ਰਾਹ ਦੇਣ ਵਾਲੇ ਵੀ ਹਨ। ਇਨ੍ਹਾਂ ਹੀ ਕਹਾਂਗੀ ਕਿ ਉਨ੍ਹਾਂ ਆਪਣੇ ਫਰਜ਼ ਨਿਭਾਏ ਨੇ ਤਾਂ ਉਨ੍ਹਾਂ ਪ੍ਰਤੀ ਸਾਡੇ ਵੀ ਕੁਝ ਫਰਜ਼ ਨੇ। ਇਨ੍ਹਾਂ ਨੂੰ ਅਮਲੀ ਜਾਮਾ ਪਹਿਨਾ ਕਿ ਹੀ ਅਸੀਂ ਇਸ ਦਿਹਾੜੇ ਦੀ ਸਾਰਥਿਕਤਾ ਨੂੰ ਸਲਾਮ ਕਰ ਸਕਦੇ ਹਾਂ।