ਪਿਕਅੱਪ ਗੱਡੀ ਖੇਤ ’ਚ ਪਲਟੀ, 4 ਬਜ਼ੁਰਗ ਔਰਤਾਂ ਸਮੇਤ ਅੱਧੀ ਦਰਜਨ ਸਵਾਰੀਆਂ ਜ਼ਖਮੀ
Friday, Aug 01, 2025 - 08:52 PM (IST)

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਤੋਂ ਦਿੜਬਾ ਨੂੰ ਜਾਂਦੀ ਲਿੰਕ ਸੜਕ ਉਪਰ ਪਿੰਡ ਭੱਟੀਵਾਲ ਅਤੇ ਬਲਿਆਲ ਦੇ ਵਿਚਕਾਰ ਅੱਜ ਦੁਪਹਿਰ ਇਕ ਬਜ਼ੁਰਗ ਦੇ ਭੋਗ ਤੋਂ 2 ਦਰਜਨ ਦੇ ਕਰੀਬ ਸਵਾਰੀਆਂ ਨੂੰ ਲੈ ਕੇ ਪਰਤ ਰਹੀ ਇਕ ਪਿਕਅੱਪ ਗੱਡੀ ਦੇ ਅਚਾਨਕ ਬੇਕਾਬੂ ਹੋ ਕੇ ਖੇਤਾਂ ’ਚ ਪਲਟ ਜਾਣ ਕਾਰਨ 4 ਬਜ਼ੁਰਗ ਔਰਤਾਂ ਸਮੇਤ ਅੱਧੀ ਦਰਜਨ ਸਵਾਰੀਆਂ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸ਼ਨ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਕੋਟ ਖ਼ੁਰਦ ਨੇ ਦੱਸਿਆ ਕਿ ਉਸ ਦੇ ਨਾਨਕੇ ਪਿੰਡ ਖਾਨਪੁਰ ਵਿਖੇ ਉਸ ਦੇ ਨਾਨੇ ਦੀ ਮੌਤ ਹੋ ਜਾਣ ਕਾਰਨ ਅੱਜ ਉਸ ਦੇ ਨਾਨੇ ਦਾ ਭੋਗ ਸੀ ਤੇ ਉਹ ਆਪਣੇ ਨਾਨੇ ਦੀ ਅੰਤਿਮ ਅਰਦਾਸ਼ ‘ਚ ਸ਼ਾਮਿਲ ਹੋਣ ਲਈ ਸਾਰੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਹੋਰ ਸਰੀਕੇ ਵਾਲਿਆਂ ਨੂੰ ਲੈ ਕੇ ਇਕ ਪਿਕਅੱਪ ਗੱਡੀ ਰਾਹੀਂ ਖਾਨਪੁਰ ਨੂੰ ਗਏ ਸਨ। ਜਸ਼ਨ ਸਿੰਘ ਨੇ ਦੱਸਿਆ ਕਿ ਜਦੋਂ ਉਹ ਭੋਗ ਦੀ ਸਮਾਪਤੀ ਤੋਂ ਬਾਅਦ ਵਾਪਿਸ ਆਪਣੇ ਪਿੰਡ ਪਰਤ ਰਹੇ ਸਨ ਤਾਂ ਰਸਤੇ ’ਚ ਪਿੰਡ ਭੱਟੀਵਾਲ ਅਤੇ ਬਲਿਆਲ ਦੇ ਵਿਚਕਾਰ ਪਿਕਅੱਪ ਗੱਡੀ ਦਾ ਅਚਾਨਕ ਟਾਇਰਾਡ ਟੁੱਟ ਜਾਣ ਕਾਰਨ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਇਕ ਝੋਨੇ ਵਾਲੇ ਖੇਤ ’ਚ ਪਲਟ ਗਈ।
ਇਸ ਮੌਕੇ ਸਵਾਰੀਆਂ ਦੀਆਂ ਚੀਕਾਂ ਸੁਣ ਕੇ ਨੇੜੇ ਹੀ ਖੇਤਾਂ ’ਚ ਝੋਨਾਂ ਲਗਾਉਣ ਦਾ ਕੰਮ ਕਰ ਰਹੇ ਵਿਅਕਤੀਆਂ ਨੇ ਮੌਕੇ ’ਤੇ ਪਹੁੰਚ ਕੇ ਇਨ੍ਹਾਂ ਸਾਰੀਆਂ ਸਵਾਰੀਆਂ ਨੂੰ ਗੱਡੀ ’ਚੋਂ ਬਾਹਰ ਕੱਢਿਆ ਤੇ ਤੁਰੰਤ ਇਸ ਘਟਨਾ ਦੀ ਸੂਚਨਾ 108 ਐਬੂਲੈਂਸ ਸੇਵਾ ਗੱਡੀ ਨੂੰ ਦਿੱਤੀ ਗਈ। ਜਿਨ੍ਹਾਂ ਵੱਲੋਂ ਮੌਕੇ ’ਤੇ ਪਹੁੰਚ ਕੇ ਘਟਨਾ ’ਚ ਜ਼ਖਮੀ ਹੋਈਆਂ ਸਵਾਰੀਆਂ ਨੂੰ ਤੁਰੰਤ ਸਥਾਨਕ ਹਸਪਤਾਲ ਵਿਖੇ ਲਿਆਂਦਾ ਗਿਆ। ਇਸ ਘਟਨਾ ’ਚ ਬਜ਼ੁਰਗ ਔਰਤਾਂ ਸੁਖਵਿੰਦਰ ਕੌਰ ਪਤਨੀ ਗੁਰਦਰਸ਼ਨ ਸਿੰਘ, ਜਸਵੰਤ ਕੌਰ ਅਤੇ ਹਰਬੰਸ ਕੌਰ ਸਮੇਤ 6 ਵਿਅਕਤੀਆਂ ਨੂੰ ਗੁੱਝੀਆ ਸੱਟਾਂ ਲੱਗਣ ਕਾਰਨ ਜ਼ਖਮੀ ਹੋ ਗਏ। ਇਹ ਪਿੱਕਗੱਡੀ ਝੋਨੇ ਵਾਲੇ ਖੇਤ ’ਚ ਪਲਟਣ ਕਾਰਨ ਜ਼ਿਆਦਾ ਤਰ੍ਹਾਂ ਸਵਾਰੀਆਂ ਦੇ ਕੱਪੜੇ ਪਾਣੀ ਅਤੇ ਗਾਰੇ ਨਾਲ ਭਿੱਜ ਕੇ ਖਰਾਬ ਹੋ ਗਏ ਸਨ।
ਸਥਾਨਕ ਹਸਪਤਾਲ ਵਿਖੇ ਡਿਊਟੀ ‘ਤੇ ਮੌਜੂਦ ਡਾ. ਇਕਬਾਲ ਸਿੰਘ ਨੇ ਦੱਸਿਆ ਕਿ ਸਾਰੀਆਂ ਸਵਾਰੀਆਂ ਖਤਰੇ ਤੋਂ ਬਾਹਰ ਹਨ ਅਤੇ ਜਿਹੜੀਆਂ 4 ਬਜ਼ੁਰਗ ਔਰਤਾਂ ਦੇ ਜ਼ਿਆਦਾ ਸੱਟਾਂ ਲੱਗੀਆਂ ਹਨ, ਉਨ੍ਹਾਂ ਦੇ ਐਕਸਰੇ ਵਗੈਰਾ ਕਰਵਾਉਣ ਦੇ ਨਾਲ ਨਾਲ ਇਲਾਜ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e