ਜਨਮ ਦਿਵਸ ’ਤੇ ਵਿਸ਼ੇਸ਼ : ਦੱਬੇ-ਕੁਚਲੇ ਤੇ ਪੱਛੜੇ ਵਰਗਾਂ ਲਈ ਫਰਿਸ਼ਤਾ ਸਨ ਡਾ. ਭੀਮ ਰਾਓ ਅੰਬੇਡਕਰ
Friday, Apr 14, 2023 - 05:01 AM (IST)
ਡਾ. ਬੀ.ਆਰ. ਅੰਬੇਡਕਰ ਜੀ ਨੇ ਭਾਰਤ ਦੇ ਆਧੁਨਿਕ ਵਿਕਾਸ 'ਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਦਿਆਂ ਪੂਰੇ ਸੰਸਾਰ ਨੂੰ ਗਿਆਨ ਦਾ ਚਾਨਣ ਵੰਡਣ ਲੱਗਿਆਂ ਕੋਈ ਭੇਦਭਾਵ ਨਹੀਂ ਕੀਤਾ। ਬਾਬਾ ਸਾਹਿਬ ਨੇ ਆਪਣੀ ਬੁੱਧੀ, ਤਨ ਅਤੇ ਮਨ ਸਰੂਪੀ ਸਾਰੀ ਸੰਪਤੀ ਆਪਣੀ ਕੌਮ ਅਤੇ ਆਪਣੇ ਦੇਸ਼ ਲਈ ਕੁਰਬਾਨ ਕਰ ਦਿੱਤੀ। ਉਨ੍ਹਾਂ ਨੇ ਨਿਰਸੁਆਰਥ ਦੇਸ਼ ਦੀ ਭਲਾਈ ਲਈ ਕੰਮ ਕੀਤਾ।
ਉਨ੍ਹਾਂ ਦਾ ਜਨਮ 14 ਅਪ੍ਰੈਲ 1891 ਈ. ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਦੇ ਪਿੰਡ ਮਹੂ (ਮਿਲਟਰੀ ਛਾਉਣੀ) ਵਿਖੇ ਪਿਤਾ ਰਾਮ ਜੀ ਦੇ ਘਰ ਮਾਤਾ ਭੀਮਾ ਬਾਈ ਜੀ ਦੀ ਕੁੱਖੋਂ ਹੋਇਆ। ਮੂਲ ਤੌਰ ’ਤੇ ਉਨ੍ਹਾਂ ਦਾ ਪਰਿਵਾਰ ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ਦੇ ਪਿੰਡ ਅੰਬਾਵੜੇ ਦਾ ਵਸਨੀਕ ਸੀ। ਉਹ ‘ਮਹਾਰ’ ਜਾਤੀ ਨਾਲ ਸੰਬੰਧ ਰੱਖਦੇ ਸਨ। ਡਾ. ਅੰਬੇਡਕਰ ਜੀ ਨੇ ਆਪਣੀ ਮੁੱਢਲੀ ਸਿੱਖਿਆ ਘੋਰ ਗਰੀਬੀ ਤੇ ਛੂਆ-ਛਾਤ ਨੂੰ ਆਪਣੇ ਪਿੰਡੇ 'ਤੇ ਹੰਢਾਉਂਦਿਆਂ ਪ੍ਰਾਪਤ ਕੀਤੀ। ਉਨ੍ਹਾਂ ਨੇ ਆਪਣੀ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਲੋਕਾਂ ਦੇ ਜੀਵਨ ਨੂੰ ਉੱਚਾ ਚੁੱਕਣ ਲਈ ਲਾ ਦਿੱਤਾ, ਜੋ ਸਦੀਆਂ ਤੋਂ ਲਤਾੜੇ ਹੋਏ ਸਨ ਤੇ ਆਪ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੇ ਆਪਣੀ ਅਣਥੱਕ ਮਿਹਨਤ ਨਾਲ ਐੱਮ.ਏ., ਪੀ.ਐੱਚ.ਡੀ., ਡੀ.ਐੱਸ.ਟੀ., ਡੀ.ਲਿਟ., ਬਾਰ ਐਟ ਲਾਅ ਡਿਗਰੀਆਂ ਦੀ ਪ੍ਰਾਪਤੀ ਕਰਕੇ ਭਾਰਤ ਦਾ ਸੰਵਿਧਾਨ ਕਲਮਬੱਧ ਕੀਤਾ।
ਭਾਰਤ ਦੇ ਸੰਵਿਧਾਨ ਦੀ ਰਚਨਾ ਕਰਨ ਤੋਂ ਬਾਅਦ ਬਾਬਾ ਸਾਹਿਬ ਜੀ ਨੇ ਕਿਹਾ ਕਿ ਪਹਿਲਾਂ ਭਾਰਤ ਦਾ ਰਾਜਾ, ਰਾਣੀ ਦੇ ਪੇਟ ’ਚੋਂ ਪੈਦਾ ਹੁੰਦਾ ਸੀ, ਹੁਣ ਰਾਜਾ ਮਤਦਾਨ ਪੇਟੀ 'ਚੋਂ ਪੈਦਾ ਹੋਵੇਗਾ। ਉਨ੍ਹਾਂ ਨੇ ਦੇਸ਼ ਦੀ ਰਾਜਨੀਤੀ ਤੇ ਸੱਤਾ ਦੇ ਮਹੱਤਵ ਨੂੰ ਸਮਝਦਿਆਂ ਕਿਹਾ ਕਿ ਰਾਜਨੀਤਕ ਸੱਤਾ ਉਹ ਮਾਸਟਰ ਚਾਬੀ ਹੈ, ਜਿਸ ਨਾਲ ਭਾਰਤ ਵਿੱਚ ਜਾਤੀ ਵਿਵਸਥਾ ਕਾਰਨ ਲਤਾੜੇ ਲੋਕ ਆਪਣੀ ਤਰੱਕੀ ਅਤੇ ਆਰਥਿਕ ਖੁਸ਼ਹਾਲੀ ਦੇ ਸਾਰੇ ਦਰਵਾਜ਼ੇ ਖੋਲ੍ਹ ਸਕਦੇ ਹਨ। ਬਾਬਾ ਸਾਹਿਬ ਨੇ ਝੂਠ-ਫਰੇਬ ਤੋਂ ਉੱਪਰ ਉੱਠ ਕੇ ਬਿਨਾਂ ਕਿਸੇ ਨਿੱਜੀ ਸਵਾਰਥ ਦੇਸ਼ ਦੇ ਭਲੇ ਲਈ ਕੰਮ ਕੀਤਾ।
ਡਾ. ਬੀ.ਆਰ. ਅੰਬੇਡਕਰ ਜੀ ਨੇ ਦੇਸ਼ ਦੇ ਅਛੂਤਾਂ, ਪੱਛੜੇ ਵਰਗਾਂ ਅਤੇ ਨਾਰੀ ਜਾਤੀ ਨੂੰ ਉੱਚਾ ਚੁੱਕਣ ਲਈ ਵਿਲੱਖਣ ਤੇ ਸ਼ਾਨਦਾਰ ਕੰਮ ਕੀਤਾ। ਦੇਸ਼ ਦੇ ਹਰ ਵਿਅਕਤੀ ਨੂੰ ਸੰਵਿਧਾਨ ਦੇ ਤਹਿਤ ਉਨ੍ਹਾਂ ਦੇ ਹੱਕ ਦਿੱਤੇ ਅਤੇ ਜ਼ਿੰਮੇਵਾਰੀਆਂ ਵੀ ਦੱਸੀਆਂ ਤਾਂ ਕਿ ਦੇਸ਼ ਤਰੱਕੀ ਦੇ ਰਾਹ ’ਤੇ ਅੱਗੇ ਵਧ ਸਕੇ। ਇਸ ਸੰਘਰਸ਼ ਦੌਰਾਨ ਉਨ੍ਹਾਂ ਦੇ 4 ਬੱਚੇ ਰਾਜ ਰਤਨ, ਰਮੇਸ਼, ਗੰਗਾਧਰ, ਇੰਦੂ (ਬੇਟੀ) ਅਤੇ ਉਨ੍ਹਾਂ ਦੀ ਪਤਨੀ ਰਾਮਾਬਾਈ ਜੀ ਵੀ ਅਕਾਲ ਚਲਾਣਾ ਕਰ ਗਏ। ਫਿਰ ਵੀ ਬਾਬਾ ਸਾਹਿਬ ਜੀ ਨੇ ਹੌਸਲਾ ਨਹੀਂ ਹਾਰਿਆ ਅਤੇ ਦੇਸ਼ ਦੀ ਏਕਤਾ, ਅਖੰਡਤਾ ਤੇ ਸਾਂਝੀਵਾਲਤਾ ਦੇ ਦੁਸ਼ਮਣਾਂ ਨੂੰ ਲੰਮੇ ਹੱਥੀਂ ਲਿਆ। ਉਹ ਕਦੇ ਵੀ ਇਨ੍ਹਾਂ ਤੋਂ ਡਰੇ ਨਹੀਂ, ਸਗੋਂ ਇਨ੍ਹਾਂ ਦਾ ਡਟ ਕੇ ਮੁਕਾਬਲਾ ਕੀਤਾ।
ਬਾਬਾ ਸਾਹਿਬ ਹਰ ਇਕ ਦੁਖੀ ਦੇ ਦੁੱਖ ਨੂੰ ਆਪਣਾ ਸਮਝ ਕੇ ਉਸ ਨਾਲ ਹਮਦਰਦੀ ਕਰਦੇ ਸਨ। ਉਨ੍ਹਾਂ ਨੇ ਮਜ਼ਦੂਰ ਦੇ ਜੀਵਨ ਨੂੰ ਬਹੁਤ ਹੀ ਨੇੜੇ ਹੋ ਕੇ ਤੱਕਿਆ। ਉਨ੍ਹਾਂ ਮਜਬੂਰ ਲੋਕਾਂ ਦੀ ਹਾਲਤ ਨੂੰ ਦੇਖਦਿਆਂ ਮਨੁੱਖੀ ਹੱਕਾਂ ਦੀ ਖ਼ਾਤਿਰ ਬਗ਼ਾਵਤ ਦਾ ਬਿਗੁਲ ਵਜਾ ਦਿੱਤਾ ਅਤੇ ਕਿਹਾ ‘‘ਕੰਮ ਕਰਨ ਦੀ ਅਸਲ ਆਜ਼ਾਦੀ ਸਿਰਫ ਉਹੀ ਹੁੰਦੀ ਹੈ, ਜਿੱਥੇ ਸ਼ੋਸ਼ਣ ਨੂੰ ਮੁਕੰਮਲ ਤੌਰ ’ਤੇ ਨਸ਼ਟ ਕਰ ਦਿੱਤਾ ਹੋਵੇ, ਜਿੱਥੇ ਇਕ ਵਰਗ ਰਾਹੀਂ ਦੂਜੇ ਵਰਗ ’ਤੇ ਅੱਤਿਆਚਾਰ ਨਾ ਕੀਤਾ ਜਾਂਦਾ ਹੋਵੇ, ਜਿੱਥੇ ਬੇਰੁਜ਼ਗਾਰੀ ਨਾ ਹੋਵੇ, ਜਿੱਥੇ ਕਿਸੇ ਵਿਅਕਤੀ ਨੂੰ ਆਪਣਾ ਕਾਰੋਬਾਰ ਖੁੱਸਣ ਦਾ ਕੋਈ ਡਰ ਨਾ ਹੋਵੇ, ਆਪਣੇ ਕੰਮਾਂ ਦੇ ਫਲਸਰੂਪ ਜਿਥੇ ਵਿਅਕਤੀ ਆਪਣੇ ਕਾਰੋਬਾਰ ਦੇ ਨੁਕਸਾਨ ਅਤੇ ਰੋਜ਼ੀ-ਰੋਟੀ ਦੇ ਨੁਕਸਾਨ ਦੇ ਡਰ ਤੋਂ ਮੁਕਤ ਹੋਵੇ।’’
ਬਾਬਾ ਸਾਹਿਬ ਜੀ ਹਮੇਸ਼ਾ ਕਿਹਾ ਕਰਦੇ ਸਨ ‘ਪੜ੍ਹੋ-ਜੁੜੋ-ਸੰਘਰਸ਼ ਕਰੋ’ ਭਾਵ ਮਨੁੱਖ ਪਹਿਲਾਂ ਆਪ ਇਕ ਜਗਦਾ ਦੀਵਾ ਬਣੇ, ਬੁੱਧੀਮਾਨ ਬਣੇ। ਜੇਕਰ ਇਕ ਵੀ ਬੁੱਧੀਮਾਨ ਪੈਦਾ ਹੋ ਜਾਵੇ ਤਾਂ ਉਹ ਹਜ਼ਾਰਾਂ ਲੋਕਾਂ ਦਾ ਜੀਵਨ ਬਦਲ ਦਿੰਦਾ ਹੈ। ਇਹੀ ਬਾਬਾ ਸਾਹਿਬ ਦਾ ਮਿਸ਼ਨ ਸੀ। ਅੱਜ ਪੂਰੇ ਦੇਸ਼ ਨੂੰ ਬਾਬਾ ਸਾਹਿਬ ਜੀ ਦੇ ਕਹੇ ਬੋਲਾਂ ਉੱਪਰ ਚੱਲਣ ਦੀ ਲੋੜ ਹੈ।
—ਮਹਿੰਦਰ ਸੰਧੂ ‘ਮਹੇੜੂ’