ਦੀਵਾਲੀ ਮੌਕੇ ਬਾਜ਼ਾਰਾਂ ‘ਚ ਇਸ ਵਾਰ ਵੀ ਕਾਇਮ ਹੈ ਚੀਨੀ ਬਿਜਲੀ ਲੜ੍ਹੀਆਂ ਦੀ ਸਰਦਾਰੀ!
Wednesday, Nov 11, 2020 - 05:59 PM (IST)
ਦੀਵਾਲੀ ਦਾ ਤਿਉਹਾਰ ਸਾਡੀਆਂ ਬਰੂਹਾਂ ‘ਤੇ ਹੈ। ਦੀਵਾਲੀ ਦੀਆਂ ਰੌਣਕਾਂ ਬਾਜ਼ਾਰਾਂ ‘ਚ ਨਜ਼ਰੀਂ ਪੈਣ ਲੱਗੀਆਂ ਹਨ। ਕੋਰੋਨਾ ਦੀ ਮਾਰ ਤੋਂ ਉੱਭਰਨ ਦੀ ਕੋਸ਼ਿਸ਼ ਕਰ ਰਹੇ ਬਾਜ਼ਾਰ ‘ਚ ਚਹਿਲ ਪਹਿਲ ਨਜ਼ਰ ਆਉਣ ਲੱਗੀ ਹੈ। ਦੀਵਾਲੀ ਦੀਆਂ ਖੁਸ਼ੀਆਂ ‘ਚ ਖੀਵੇ ਹੋਏ ਦੁਕਾਨਦਾਰ ਅਤੇ ਖ਼ਰੀਦਦਾਰ ਕੋਰੋਨਾ ਦੀ ਮਾਰ ਤੋਂ ਤਾਂ ਜਿਵੇਂ ਬੇਡਰ ਹੀ ਹੋ ਗਏ ਹਨ। ਮਾਸਕ ਅਤੇ ਸਰੀਰਕ ਦੂਰੀ ਦੇ ਨਿਯਮਾਂ ਦੀ ਤਾਂ ਜਿਵੇਂ ਕਿਸੇ ਨੂੰ ਕੋਈ ਪਰਵਾਹ ਹੀ ਨਾ ਰਹੀ ਹੋਵੇ। ਇਕੱਠ ਇਕੱਤਰਤਾ ਦੀ ਸੀਮਾ ਨੂੰ ਵੀ ਜਿਵੇਂ ਸਭ ਨੇ ਅਗੂੰਠਾ ਹੀ ਵਿਖਾ ਦਿੱਤਾ ਹੈ। ਪ੍ਰਸ਼ਾਸ਼ਨ ਦੀ ਡਿਊਟੀ ਵੀ ਮਹਿਜ਼ ਜਿਵੇਂ ਸਾਰਾ ਵਰਤਾਰਾ ਵਾਪਰਦਾ ਵੇਖਣ ਦੀ ਹੀ ਲੱਗੀ ਹੋਵੇ।
ਪੜ੍ਹੋ ਇਹ ਵੀ ਖ਼ਬਰ- Diwali 2020 : ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੇ ਤਿਉਹਾਰਾਂ ਦੀ ਜਾਣੋ ਤਾਰੀਖ਼ ਅਤੇ ਸ਼ੁੱਭ ਮਹੂਰਤ
ਕੋਰੋਨਾ ਕਰਕੇ ਚੀਨੀ ਵਸਤਾਂ ਦੀ ਵਿੱਕਰੀ ਵਿੱਚ ਨਹੀ ਆਈ ਕੋਈ ਕਮੀ
ਮੌਜ਼ੂਦਾ ਵਰ੍ਹੇ ਜਿੱਥੇ ਸਮੁੱਚਾ ਵਿਸ਼ਵ ਕੋਰੋਨਾ ਵਾਇਰਸ ਦੀ ਮਾਰ ਨਾਲ ਦੋ ਚਾਰ ਹੁੰਦਾ ਰਿਹਾ, ਉੱਥੇ ਸਾਡੇ ਮੁਲਕ ਨੂੰ ਸਰਹੱਦ ‘ਤੇ ਚੀਨ ਨਾਲ ਕਈ ਵਾਰ ਦੋ ਚਾਰ ਹੋਣਾ ਪਿਆ। ਦੋਵਾਂ ਮੁਲਕਾਂ ਦੇ ਸੰਬੰਧਾਂ ਵਿੱਚ ਵੀ ਵਾਹਵਾ ਕੁੜੱਤਣ ਬਣੀ ਰਹੀ। ਦੋਵਾਂ ਮੁਲਕਾਂ ਦੀਆਂ ਫੌਜਾਂ ਕਈ ਵਾਰ ਸਰਹੱਦਾਂ ‘ਤੇ ਆਹਮੋ ਸਾਹਮਣੇ ਹੋਈਆਂ। ਦੋਵਾਂ ਮੁਲਕਾਂ ਦਾ ਬਹੁਤ ਜਾਨੀ ਨੁਕਸਾਨ ਵੀ ਹੋਇਆ। ਚੀਨ ਜਿੱਥੇ ਸਾਡੇ ਲਈ ਸਰੱਹਦੀ ਤਣਾਅ ਦੇ ਚੱਲਦਿਆਂ ਨਿਸ਼ਾਨੇ ‘ਤੇ ਰਿਹਾ, ਉੱਥੇ ਸਮੁੱਚੇ ਵਿਸ਼ਵ ਲਈ ਇਹ ਕੋਰੋਨਾ ਦੇ ਜਨਮ ਦਾਤੇ ਵਜੋਂ ਨਿਸ਼ਾਨੇ ‘ਤੇ ਰਿਹਾ। ਸਾਡਾ ਮੁਲਕ ਜਿੱਥੇ ਪਿਛਲੇ ਕਈ ਵਰ੍ਹਿਆਂ ਤੋਂ ਚੀਨੀ ਵਸਤਾਂ ਦੇ ਬਾਈਕਾਟ ਦਾ ਰਾਗ ਅਲਾਪਦਾ ਆ ਰਿਹਾ ਹੈ, ਉੱਥੇ ਇਸ ਵਾਰ ਇਹ ਰਾਗ ਸਮੁੱਚੇ ਵਿਸ਼ਵ ਨਾਲ ਰਲ ਕੇ ਅਲਾਪਣ ਦਾ ਸਬੱਬ ਬਣਿਆਂ ਰਿਹਾ। ਚੀਨੀ ਵਸਤਾਂ ਦੇ ਬਾਈਕਾਟ ਬਾਰੇ ਨੇਤਾਵਾਂ ਦੇ ਨਾਅਰਿਆਂ ਅਤੇ ਭਾਸ਼ਣਾਂ ਤੋਂ ਜਾਪਦਾ ਸੀ ਜਿਵੇਂ ਹੁਣ ਭਾਰਤੀ ਬਾਜ਼ਾਰ ਵਿੱਚੋਂ ਚੀਨੀ ਵਸਤਾਂ ਅਲੋਪ ਹੋ ਜਾਣਗੀਆਂ ਪਰ ਭਾਰਤੀ ਬਾਜ਼ਾਰ ਦਾ ਮੌਜ਼ੂਦਾ ਸਰੂਪ ਇਸ ਦੀ ਹਕੀਕਤ ਖੁਦ ਬਖੁਦ ਬਿਆਨ ਕਰ ਰਿਹਾ ਹੈ। ਚੀਨੀ ਵਸਤਾਂ ਦੀ ਵਿੱਕਰੀ ਵਿੱਚ ਕੋਈ ਕਮੀ ਵੇਖਣ ਨੂੰ ਨਹੀਂ ਮਿਲ ਰਹੀ।
ਪੜ੍ਹੋ ਇਹ ਵੀ ਖ਼ਬਰ- Diwali 2020 : ਇਸ ਵਾਰ 4 ਦਿਨ ਦੀ ਹੋਵੇਗੀ ‘ਦੀਵਾਲੀ’, ਕਈ ਸਾਲ ਬਾਅਦ ਬਣਿਐ 3 ਗ੍ਰਹਿਆਂ ਦਾ ਦੁਰਲੱਭ ਸੰਯੋਗ
ਚੀਨੀ ਬਿਜਲਈ ਲੜ੍ਹੀਆਂ ਦੀ ਆਮਦ ਮਿੱਟੀ ਦੇ ਦੀਵਿਆਂ ਲਈ ਸ਼ਰਾਪ ਬਣਕੇ ਰਹਿ ਗਈ
ਭਾਰਤੀ ਬਾਜ਼ਾਰ ‘ਚ ਚੀਨੀ ਵਸਤਾਂ ਦੀ ਆਮਦ ਬੇਸ਼ੱਕ ਬਣੀ ਹੋਈ ਹੈ ਪਰ ਦੀਵਾਲੀ ਮੌਕੇ ਚੀਨੀ ਵਸਤਾਂ ਦਾ ਬੋਲਬਾਲਾ ਇੰਨ੍ਹਾ ਜ਼ਿਆਦਾ ਵਧ ਜਾਂਦਾ ਹੈ ਕਿ ਸਥਾਨਕ ਵਸਤਾਂ ਦੀ ਕੋਈ ਪੁੱਛ ਨਹੀਂ ਰਹਿੰਦੀ। ਚੀਨੀ ਵਸਤਾਂ ਗੁਣਵੱਤਾ ਪੱਖੋਂ ਬੇਸ਼ੱਕ ਟਿਕਾਊ ਨਹੀਂ ਹੁੰਦੀਆਂ ਪਰ ਆਰਕਰਸ਼ਨ ਅਤੇ ਸਸਤੇਪਣ ਵਿੱਚ ਇਨ੍ਹਾਂ ਦਾ ਕੋਈ ਮੁਕਾਬਲਾ ਨਹੀਂ। ਸ਼ਾਇਦ ਆਪਣੀਆਂ ਇਨ੍ਹਾਂ ਖੂਬੀਆਂ ਕਾਰਨ ਚੀਨੀ ਉਤਪਾਦ ਭਾਰਤੀ ਉਤਪਾਦਾਂ ‘ਤੇ ਭਾਰੂ ਪੈਂਦੇ ਆ ਰਹੇ ਹਨ। ਦੀਵਾਲੀ ਮੌਕੇ ਚੀਨੀ ਬਿਜਲਈ ਲੜ੍ਹੀਆਂ ਦੀ ਆਮਦ ਮਿੱਟੀ ਦੇ ਦੀਵਿਆਂ ਲਈ ਸ਼ਰਾਪ ਬਣਕੇ ਰਹਿ ਗਈਆਂ ਹਨ। ਚੀਨੀ ਲੜ੍ਹੀਆਂ ਦੀ ਚਕਾਚੌਂਧ ਭਰਪੂਰ ਰੌਸ਼ਨੀ ਅੱਗੇ ਦੀਵਿਆਂ ਦੀ ਰੌਸ਼ਨੀ ਦੇ ਪੈਰ ਨਹੀਂ ਲੱਗ ਰਹੇ।
ਪੜ੍ਹੋ ਇਹ ਵੀ ਖ਼ਬਰ- Dhanteras 2020: ਧਨਤੇਰਸ 'ਤੇ ਕੀ ਖ਼ਰੀਦਣਾ ਸ਼ੁੱਭ ਹੁੰਦਾ ਹੈ ਤੇ ਕੀ ਨਹੀਂ, ਜਾਣਨ ਲਈ ਪੜ੍ਹੋ ਇਹ ਖ਼ਬਰ
ਮਿੱਟੀ ਦੇ ਦੀਵਿਆਂ ਤੋਂ ਖ਼ਰੀਦਦਾਰਾਂ ਦਾ ਭੰਗ ਹੋ ਰਿਹਾ ਮੋਹ
ਚੀਨੀ ਲੜ੍ਹੀਆਂ ਦੀ ਵਧਦੀ ਖ਼ਰੀਦਦਾਰੀ ਬਦੌਲਤ ਦੀਵਿਆਂ ਦੀ ਖ਼ਰੀਦਦਾਰੀ ਨੂੰ ਲਗਾਤਾਰ ਖੋਰਾ ਲੱਗ ਰਿਹਾ ਹੈ। ਮਿੱਟੀ ਦੇ ਦੀਵਿਆਂ ਦਾ ਇਸਤੇਮਾਲ ਹੁਣ ਸਿਰਫ਼ ਰਸਮਾਂ ਨਿਭਾਉਣ ਲਈ ਹੀ ਕੀਤਾ ਜਾਂਦਾ ਹੈ ਜਦਕਿ ਰੌਸ਼ਨੀਆਂ ਲਈ ਤਾਂ ਚੀਨੀ ਲੜੀਆਂ ਦਾ ਹੀ ਇਸਤੇਮਾਲ ਹੋ ਰਿਹਾ ਹੈ। ਮਿੱਟੀ ਦੇ ਦੀਵਿਆਂ ਤੋਂ ਖ਼ਰੀਦਦਾਰਾਂ ਦਾ ਭੰਗ ਹੋ ਰਿਹਾ ਮੋਹ ਕਈ ਘਰਾਂ ਦੇ ਦੀਵੇ ਗੁੱਲ ਕਰਨ ਦਾ ਸਬੱਬ ਬਣ ਕੇ ਰਹਿ ਗਿਆ ਹੈ। ਦੀਵਿਆਂ ਦੇ ਕਾਰੀਗਰਾਂ ਦੇ ਚਿਹਰੇ ਹੁਣ ਦੀਵਾਲੀ ਮੌਕੇ ਵੀ ਨਹੀਂ ਖਿੜਦੇ। ਦੀਵਿਆਂ ਦੇ ਵਿਕਰੇਤਾ ਸਾਰਾ ਦਿਨ ਗਾਹਕਾਂ ਦੀ ਉਡੀਕ ਵਿੱਚ ਲੰਘਾਂ ਘਰਾਂ ਨੂੰ ਵਾਪਸ ਚਲੇ ਜਾਂਦੇ ਹਨ।
ਪੜ੍ਹੋ ਇਹ ਵੀ ਖ਼ਬਰ- ਸੈਰ-ਸਪਾਟਾ ਵਿਸ਼ੇਸ਼ 12 : ਇਸ ਰੇਗਿਸਤਾਨ 'ਚ ਕਦੇ ਦੌੜਦੇ ਸਨ ਸਮੁੰਦਰੀ ਜਹਾਜ਼ ਪਰ ਅੱਜ...
ਦੀਵਾਲੀ ਮੌਕੇ ਚੀਨੀ ਲੜ੍ਹੀਆਂ ਦੀ ਸਰਦਾਰੀ ਬਰਕਰਾਰ
ਹਰ ਸਾਲ ਦੇ ਵਾਂਗ ਇਸ ਵਾਰ ਵੀ ਦੀਵਾਲੀ ਮੌਕੇ ਚੀਨੀ ਲੜ੍ਹੀਆਂ ਦੀ ਸਰਦਾਰੀ ਬਰਕਰਾਰ ਹੈ। ਸਥਾਨਕ ਉਤਪਾਦਾਂ ਨੂੰ ਹੁਲਾਰਾ ਦੇਣ ਦੀਆਂ ਕੋਸ਼ਿਸ਼ਾਂ ਨੂੰ ਇਨ੍ਹਾਂ ਚੀਨੀ ਲੜ੍ਹੀਆਂ ਦੀ ਬਹੁਤਾਤ ਨੇ ਜਿਵੇਂ ਹਵਾ ਹੀ ਕਰ ਦਿੱਤਾ। ਚੀਨੀ ਲੜ੍ਹੀਆਂ ਦੀ ਧੜਾਧੜ ਖ਼ਰੀਦਦਾਰ ਕਰਦੇ ਲੋਕ ਆਮ ਵੇਖੇ ਜਾ ਸਕਦੇ ਹਨ। ਚੀਨੀ ਲੜ੍ਹੀਆਂ ਦਾ ਆਕਰਸ਼ਨ ਅਤੇ ਮੁੱਲ ਗਾਹਕਾਂ ਨੂੰ ਇੰਨ੍ਹਾ ਜ਼ਿਆਦਾ ਫਿੱਟ ਬੈਠ ਰਿਹਾ ਹੈ ਕਿ ਉੁਹ ਕੋਈ ਲੜ੍ਹੀ ਖ਼ਰੀਦਣਾ ਤਾਂ ਦੂਰ ਵੇਖਣਾ ਵੀ ਪਸੰਦ ਨਹੀਂ ਕਰਦੇ। ਬਿਨਾਂ ਸ਼ੱਕ ਚੀਨੀ ਉਤਪਾਦ ਸਾਡੇ ਸਥਾਨਕ ਬਾਜ਼ਾਰ ਲਈ ਬਹੁਤ ਮਾਰੂ ਹਨ। ਸਵਾਲ ਤਾਂ ਇਹ ਹੈ ਕਿ ਆਖਿਰ ਚੀਨੀ ਉਤਪਾਦਾਂ ਤੋਂ ਖ਼ਰੀਦਦਾਰਾਂ ਦਾ ਮੋਹ ਭੰਗ ਕਿਵੇਂ ਕੀਤਾ ਜਾਵੇ? ਆਖਿਰ ਕਿਵੇਂ ਚੀਨੀ ਉਤਪਾਦਾਂ ਦੀ ਬਜਾਏ ਖ਼ਰੀਦਦਾਰ ਸਥਾਨਕ ਉਤਪਾਦਾਂ ਨੂੰ ਪਹਿਲ ਦੇਣੀ ਸ਼ੁਰੂ ਕਰਨ? ਆਖਿਰ ਕਿਵੇਂ ਦੁਕਾਨਦਾਰ ਚੀਨੀ ਉਤਪਾਦਾਂ ਦੀ ਬਜਾਏ ਸਥਾਨਕ ਉਤਪਾਦ ਦੀ ਵਿੱਕਰੀ ਸ਼ੁਰੂ ਕਰਨ?
ਪੜ੍ਹੋ ਇਹ ਵੀ ਖ਼ਬਰ- ਗੁਣਗੁਣੇ ਪਾਣੀ ’ਚ ‘ਸ਼ਹਿਦ’ ਮਿਲਾ ਕੇ ਪੀਣ ਨਾਲ ਹੋਣਗੇ ਬੇਮਿਸਾਲ ਫ਼ਾਇਦੇ, ਦੂਰ ਹੋਣਗੀਆਂ ਇਹ ਬੀਮਾਰੀਆਂ
ਵਿਸ਼ਵ ਦੇ ਹਰੇਕ ਕੋਨੇ ’ਚ ਪਹੁੰਚ ਰਹੇ ਹਨ ਚੀਨੀ ਉਤਪਾਦ
ਚੀਨ ਦਾ ਉਤਪਾਦਨ ਖੇਤਰ ਆਪਣੇ ਆਪ ‘ਚ ਬਹੁਤ ਜ਼ਆਦਾ ਵਿਸ਼ਾਲ ਅਤੇ ਮਜਬੂਤ ਹੈ। ਸਿਰਫ ਸਾਡੇ ਹੀ ਮੁਲਕ ਵਿੱਚ ਨਹੀਂ ਚੀਨੀ ਉਤਪਾਦ ਵਿਸ਼ਵ ਦੇ ਹਰ ਕੋਨੇ ਵਿੱਚ ਪਹੁੰਚ ਰਹੇ ਹਨ। ਹਰ ਖਿੱਤੇ ਵਿੱਚ ਚੀਨੀ ਉਤਪਾਦ ਸਥਾਨਕ ਉਤਪਾਦਾਂ ਨਾਲੋਂ ਆਕਰਸ਼ਕ ਅਤੇ ਸਸਤੇ ਹਨ। ਸਾਡੇ ਸਥਾਨਕ ਉਤਪਾਦਕ ਜਿੱਥੇ ਸਥਾਨਕ ਖ਼ਰੀਦਦਾਰਾਂ ਦੀ ਮਾਨਸਿਕਤਾ ਅਤੇ ਜਰੂਰਤਾਂ ਸਮਝਣ ਵਿੱਚ ਅੱਜ ਵੀ ਅਸਮਰਥ ਹਨ,ਉੱਥੇ ਚੀਨੀ ਉਤਪਾਦਕ ਵਿਸ਼ਵ ਦੇ ਹਰ ਕੋਨੇ ਦੇ ਲੋਕਾਂ ਦੀਆਂ ਜ਼ਰੂਰਤਾਂ ਅਤੇ ਉਨ੍ਹਾਂ ਦੀ ਮਾਨਸਿਕਤਾ ਜਾਨਣ ਵਿੱਚ ਕਾਮਯਾਬ ਹੋਏ ਹਨ। ਚੀਨੀ ਉਤਪਾਦਕ ਸਥਾਨਕ ਖ਼ਰੀਦਦਾਰਾਂ ਦੀ ਮਾਨਸਿਕਤਾ ਅਨੁਸਾਰ ਅਜਿਹੇ ਉਤਪਾਦ ਤਿਆਰ ਕਰਦੇ ਹਨ ਕਿ ਸਥਾਨਕ ਉਤਪਾਦਕ ਵੇਖਦੇ ਰਹਿ ਜਾਂਦੇ ਹਨ।
ਪੜ੍ਹੋ ਇਹ ਵੀ ਖ਼ਬਰ- ਜੀਵਨ ਸਾਥੀ ਦੀ ਚੋਣ ਕਰਦੇ ਸਮੇਂ ਇਨ੍ਹਾਂ ਗੱਲਾਂ ਨੂੰ ਜਾਣਨ ਤੋਂ ਬਾਅਦ ਹੀ ਵਿਆਹ ਲਈ ਕਰੋ ''ਹਾਂ''
ਚੀਨੀ ਉਤਪਾਦਕ ਦੀਵਾਲੀ ਨਾਲ ਸੰਬੰਧਿਤ
ਦੀਵਾਲੀ ਚੀਨ ਦਾ ਤਿਉਹਾਰ ਨਹੀਂ ਪਰ ਚੀਨੀ ਉਤਪਾਦਕ ਦੀਵਾਲੀ ਨਾਲ ਸੰਬੰਧਿਤ ਅਨੇਕਾਂ ਉਤਪਾਦ ਤਿਆਰ ਕਰਕੇ ਵਿੱਕਰੀ ਕਰਨ ਵਿੱਚ ਕਾਮਯਾਬ ਹੋ ਰਹੇ ਹਨ। ਸਾਡੇ ਸਥਾਨਕ ਉਤਪਾਦਕਾਂ ਵੱਲੋਂ ਅੱਜ ਤੱਕ ਚੀਨੀ ਬਿਜਲਈ ਲੜੀ ਦੇ ਮੁੱਲ ਦੀ ਲੜੀ ਨਹੀਂ ਤਿਆਰ ਕੀਤੀ ਜਾ ਸਕੀ। ਚੀਨੀ ਲੜ੍ਹੀਆਂ ਇੰਨ੍ਹੀਆਂ ਜ਼ਿਆਦਾ ਆਕਰਸ਼ਨ ਭਰਪੂਰ ਹਨ ਕਿ ਖ਼ਰੀਦਦਾਰ ਖ਼ਰੀਦਣ ਲਈ ਝੱਟ ਤਿਆਰ ਹੋ ਜਾਂਦਾ ਹੈ। ਇਨ੍ਹਾਂ ਦੀ ਕੀਮਤ ਖ਼ਰੀਦਦਾਰ ਨੂੰ ਹੋਰ ਵੀ ਆਕਰਸ਼ਿਤ ਕਰ ਲੈਂਦੀ ਹੈ। ਸਵਾਲ ਇਹ ਵੀ ਹੈ ਕਿ ਜੇਕਰ ਚੀਨੀ ਉਤਪਾਦਕ ਦੂਰ ਬੈਠ ਕੇ ਵੀ ਖ਼ਰੀਦਦਾਰ ਅਤੇ ਦੁਕਾਨਦਾਰ ਦੋਵਾਂ ਲਈ ਕਿਫਾਇਤੀ ਉਤਪਾਦ ਤਿਆਰ ਕਰ ਸਕਦੇ ਹਨ ਤਾਂ ਫਿਰ ਇਹ ਸਥਾਨਕ ਉਤਪਾਦਕਾਂ ਲਈ ਕਿਉਂ ਸੰਭਵ ਨਹੀਂ?
ਪੜ੍ਹੋ ਇਹ ਵੀ ਖ਼ਬਰ- Health tips : ਸਰਦੀਆਂ ‘ਚ ਰਹਿਣਾ ਚਾਹੁੰਦੇ ਹੋ ‘ਸਿਹਤਮੰਦ’, ਤਾਂ ਖੁਰਾਕ ‘ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ
ਚੀਨੀ ਵਸਤਾਂ ਦਾ ਬਾਈਕਾਟ ਕਰਕੇ ਸਥਾਨਕ ਉਤਪਾਦਾਂ ਨੂੰ ਹੁਲਾਰਾ ਦੇਣ ਲਈ ਲੁਭਾਵਣੇ ਨਾਅਰਿਆਂ ਜਾਂ ਭਰਮਾਊ ਭਾਸ਼ਣਾਂ ਦੀ ਜ਼ਰੂਰਤ ਨਹੀਂ। ਜ਼ਰੂਰਤ ਤਾਂ ਸਥਾਨਕ ਉਦਯੋਗ ਨੂੰ ਉਨ੍ਹਾਂ ਦਾ ਮੁਕਾਬਲਾ ਕਰਨ ਦੇ ਸਮਰੱਥ ਬਣਾਉਣ ਦੀ ਹੈ। ਆਖਿਰ ਕਿੰਨ੍ਹੀ ਕੁ ਦੇਰ ਤੱਕ ਕਿੰਨ੍ਹੇ ਕੁ ਖ਼ਰੀਦਦਾਰਾਂ ਨੂੰ ਦੇਸ਼ ਭਗਤੀ ਦੀ ਭਾਵਨਾ ਅਧੀਨ ਸਥਾਨਕ ਵਸਤਾਂ ਦੀ ਖ਼ਰੀਦ ਲਈ ਤਿਆਰ ਕੀਤਾ ਜਾ ਸਕਦਾ ਹੈ?
ਬਿੰਦਰ ਸਿੰਘ ਖੁੱਡੀ ਕਲਾਂ
ਮੋਬ: 98786-05965