ਵਿਹਲ, ਸ਼ਰਾਰਤ ਤੇ ਈਰਖਾ: ਡੋਬ ਸਕਦੇ ਨੇ ਹੱਸਦੇ-ਵਸਦੇ ਪਰਿਵਾਰ

08/21/2020 6:17:43 PM

ਸੂਰਜ ਗ੍ਰਹਿਣ ਉੱਪਰ ਚੱਲੀ ਹਫਤਾਵਾਰੀ ਲੜੀ ਨੂੰ ਮਿਲੇ ਭਰਪੂਰ ਹੁੰਗਾਰੇ ਤੋਂ ਪ੍ਰੇਰਿਤ ਹੁੰਦੇ ਹੋਏ ਅਸੀਂ ਆਪਣੇ ਪਾਠਕਾਂ ਲਈ ਪ੍ਰੇਰਣਾਦਾਇਕ ਲੇਖਾਂ ਦੀ ਇੱਕ ਨਵੀਂ ਲੜੀ 'ਪ੍ਰੇਰਕ ਪ੍ਰਸੰਗ' ਸ਼ੁਰੂ ਕੀਤੀ ਹੈ; ਉਹੀ ਦਿਨ, ਉਹੀ ਲੇਖਕ। ਅੱਜ ਪੇਸ਼ ਹੈ ਇਸ ਲੜੀ ਦੀ ਨੌਵੀਂ ਕੜੀ।

ਪ੍ਰੇਰਕ ਪ੍ਰਸੰਗ – 9

ਕੋਰੋਨਾ ਕਾਲ ਦੌਰਾਨ ਘਰੋਂ ਨੌਕਰੀ ਕਰ ਰਹੀ ਇਕ ਔਰਤ ਦੇ ਪਤੀ ਨੂੰ ਦੁਕਾਨਦਾਰੀ ਕਰਦਿਆਂ ਹੋਇਆਂ ਫੋਨ 'ਤੇ ਕਿਸੇ ਦੋਸਤ ਦਾ ਸੁਨੇਹਾ ਮਿਲਿਆ, "ਤੁਹਾਡੀ ਪਤਨੀ ਲੰਬੇ ਸਮੇਂ ਤੋਂ ਘਰ ਬੈਠੀ ਹੈ। ਇਸ ਦੌਰਾਨ ਉਹ ਕਿੰਨੀ ਵਾਰੀ ਢੰਗ ਨਾਲ ਮੇਕ-ਅੱਪ ਕਰਕੇ ਤਿਆਰ ਹੋਈ? ਸ਼ਾਇਦ ਹੀ ਕਦੇ। ਉਹ ਵੀ ਓਸ ਦਿਨ ਜਦੋਂ ਉਸ ਨੇ ਵੀਡੀਓ ਕਾਨਫਰੰਸ ਦੌਰਾਨ ਬਾਸ ਨਾਲ ਮੀਟਿੰਗ ਕਰਨੀ ਸੀ। ਜ਼ਰਾ ਸੋਚੋ, ਉਹ ਕੌਣ ਹੈ, ਜਿਸ ਲਈ ਉਹ ਰੋਜ਼ ਤਿਆਰ ਹੁੰਦੀ ਸੀ। ਮੈਨੂੰ ਓਸ ਕਿਸਮਤ ਵਾਲੇ ਦਾ ਨਾਂ ਤਾਂ ਨਹੀਂ ਪਤਾ ਪਰ ਐਨਾ ਜ਼ਰੂਰ ਹੈ ਕਿ ਯਕੀਨਨ ਉਹ ਤੁਸੀਂ ਨਹੀਂ ਹੋ। ਉਸ 'ਕਿਸਮਤ ਵਾਲੇ' ਨੂੰ ਲੱਭਣਾ ਜਾਂ ਨਾ ਲੱਭਣਾ – ਤੁਹਾਡੀ ਆਪਣੀ ਹਿੰਮਤ। ਮੇਰਾ ਕੰਮ ਸੀ ਦੱਸਣਾ ਜੋ ਮੈਂ ਕਰ ਦਿੱਤਾ"।

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਸਲਾਦ ‘ਚ ਖੀਰਾ ਤੇ ਟਮਾਟਰ ਇਕੱਠੇ ਖਾ ਰਹੇ ਹੋ ਤਾਂ ਹੋ ਜਾਓ ਸਾਵਧਾਨ, ਜਾਣੋ ਕਿਉਂ

ਦੁਕਾਨ 'ਤੇ ਬੈਠੇ ਪਤੀ ਨੇ ਫੋਨ 'ਤੇ ਆਏ ਸੁਨੇਹੇ ਨੂੰ ਪੜ੍ਹਿਆ ਤੇ ਅਣਗੌਲਿਆ ਕਰ ਛੱਡਿਆ ਪਰ ਜਦੋਂ ਦੁਪਹਿਰ ਦਾ ਖਾਣਾ ਖਾਣ ਲਈ ਘਰ ਆਇਆ ਤਾਂ ਪਤਨੀ ਨੂੰ ਬਿਨਾਂ ਸਿਰ-ਮੂੰਹ ਕੀਤਿਆਂ ਖਾਣਾ ਪਰੋਸਦੇ ਦੇਖ ਕੇ ਉਸ ਦਾ ਮਨ ਸੜ ਉੱਠਿਆ; ਵਾਲ ਖਿੱਲਰੇ ਹੋਏ, ਉਹੀ ਸਾਦਾ ਜਿਹਾ ਸੂਟ। ਕਦੇ ਮੈਚਿੰਗ ਜੁੱਤੀ ਪਾਉਣ ਵਾਲੀ 'ਗ੍ਰਹਿ ਲਕਸ਼ਮੀ' ਦੇ ਪੈਰੀਂ ਘਸੀਆਂ ਜਿਹੀਆਂ ਚੱਪਲਾਂ। ਤਰਪਾਈ ਖੁਣੋ ਤਰਸੀ ਹੋਈ ਕਮੀਜ਼ ਦੀ ਲੇੜ੍ਹੀ ਇੰਜ ਲਮਕੀ ਪਈ ਜਿਵੇਂ ਬੋਤੇ ਦੀ ਜੀਭ। ਪਤੀ ਪਰੇਸ਼ਾਨ ਜਿਹਾ ਹੋਇਆ ਸੋਚੀ ਜਾਵੇ। ਪਤਨੀ ਨੇ ਵਾਰ-ਵਾਰ ਪੁੱਛਿਆ ਕਿ ਅੱਜ ਕੋਈ ਮਾੜੀ ਘਟਨਾ ਘਟ ਗਈ, ਦੁਕਾਨ 'ਤੇ? ਪਤੀ ਨਾਂਹ 'ਚ ਸਿਰ ਹਿਲਾਉਂਦਾ ਰਿਹਾ। ਰਾਤ ਨੂੰ ਪਤੀ ਦੁਕਾਨ ਤੋਂ ਘਰ ਆਇਆ, ਨਹਾ-ਧੋ ਕੇ ਪਤਨੀ ਨਾਲ ਖਾਣਾ ਖਾਧਾ। ਅਰਾਮ ਨਾਲ ਟੀ.ਵੀ. ਦੇਖਦੇ ਹੋਏ ਦਾ ਮਨ ਫਿਰ ਬੇਚੈਨ ਹੋ ਉੱਠਿਆ।

ਪੜ੍ਹੋ ਇਹ ਵੀ ਖਬਰ - ਕੀ ਤੁਹਾਡੀ ਜੀਭ ਦਾ ਰੰਗ ਬਦਲ ਰਿਹੈ ਤਾਂ ਤੁਸੀਂ ਇਸ ਸਮੱਸਿਆ ਦੇ ਹੋ ਰਹੇ ਹੋ ਸ਼ਿਕਾਰ, ਪੜ੍ਹੋ ਇਹ ਖਬਰ

ਉਸ ਨੇ ਪਤਨੀ ਤੋਂ ਪੁੱਛ ਹੀ ਲਿਆ ਕਿ ਉਹ ਕੌਣ ਸੀ, ਜਿਸ ਲਈ ਉਹ ਰੋਜ਼ਾਨਾ ਤਿਆਰ ਹੋਇਆ ਕਰਦੀ ਸੀ। ਜਦੋਂ ਦੀ ਉਹ ਘਰ ਉਸ ਕੋਲ ਰਹਿਣ ਲੱਗੀ ਹੈ, ਤਿਆਰ ਹੀ ਨਹੀਂ ਹੁੰਦੀ, ਮੇਕ-ਅੱਪ ਹੀ ਨਹੀਂ ਕਰਦੀ। ਬਸ ਇਸ ਗੱਲ ਨਾਲ ਕਈ ਗੱਲਾਂ ਹੋਰ ਜੁੜਦੀਆਂ ਗਈਆਂ। ਪਤਨੀ ਨੇ ਥੋੜ੍ਹੀ ਨਰਾਜ਼ਗੀ ਜਤਾਈ ਤਾਂ ਪਤੀ ਨੇ ਅਜਿਹੀਆਂ ਕਈ ਹੋਰ ਚੁਭਵੀਆਂ ਗੱਲਾਂ ਕੱਢ ਮਾਰੀਆਂ, ਜਿਨ੍ਹਾਂ ਨੂੰ ਓਹ ਸ਼ਾਇਦ ਕਾਫੀ ਅਰਸੇ ਤੋਂ ਮਨ ਅੰਦਰ ਦੱਬੀ ਬੈਠਾ ਸੀ। ਉਸ ਨੇ ਐਥੋਂ ਤੱਕ ਕਹਿ ਦਿੱਤਾ ਕਿ ਫਲਾਨੇ-ਫਲਾਨੇ ਦੋਸਤ ਤਾਂ ਉਸ ਨੂੰ ਕਈ ਸਾਲਾਂ ਤੋਂ ਕਹਿ ਰਹੇ ਸਨ ਕਿ ਭਾਬੀ ਬੜੀ ਜਚ-ਸ਼ਚ ਕੇ ਡਿਊਟੀ 'ਤੇ ਜਾਂਦੀ ਹੈ, ਜ਼ਮਾਨਾ ਖਰਾਬ ਹੈ, ਧਿਆਨ ਰੱਖਿਆ ਕਰ। ਗੱਲਾਂ ਪਤਨੀ ਵੀ ਆਪਣੇ ਮਨ ਅੰਦਰ ਬਹੁਤ ਦੱਬੀ ਬੈਠੀ ਸੀ। ਬਹੁਤੇ ਪਰਿਵਾਰਾਂ ਅੰਦਰ ਹੁੰਦਾ ਹੀ ਅਜਿਹਾ ਹੈ ਕਿ ਸਾਰੇ ਜੀਅ ਬਹੁਤ ਸਾਰੀਆਂ ਕੌੜੀਆਂ ਗੱਲਾਂ ਕਰਨ ਤੋਂ ਕੇਵਲ ਇਸੇ ਲਈ ਰੁਕੇ ਹੋਏ ਹੁੰਦੇ ਹਨ ਕਿ ਪਰਿਵਾਰ ਚੱਲਦੇ ਰਹਿਣ ਨਹੀਂ ਤਾਂ ਬੱਚਿਆਂ ਦੇ ਮਨ 'ਤੇ 'ਮਾੜਾ' ਅਸਰ ਪਵੇਗਾ। ਉਹ ਸਾਰੀਆਂ ਗੱਲਾਂ ਹੁਣ ਬਾਹਰ ਆ ਰਹੀਆਂ ਸਨ।

ਪੜ੍ਹੋ ਇਹ ਵੀ ਖਬਰ - ਚਿਹਰੇ ਨੂੰ ਗਲੋਇੰਗ ਅਤੇ ਬੇਦਾਗ ਬਿਊਟੀ ਪਾਉਣ ਲਈ ਕਰੋ ਇਹ ਫੈਸ਼ੀਅਲ, ਜਾਣੋ ਕਿਵੇਂ

ਪਤਨੀ ਦੇ ਪ੍ਰਤੀਕਰਮ ਨਾਲ ਆਪਸੀ ਸਬੰਧਾਂ ਵਿੱਚ ਤਲਖੀ ਆ ਗਈ। ਪਤੀ ਉਸ ਦੀਆਂ ਕਾਲਾਂ ਦਾ ਰਿਕਾਰਡ ਲੁਕ ਛਿਪ ਕੇ ਦੇਖਣ ਲੱਗ ਪਿਆ ਤੇ ਈ-ਮੇਲ ਚੈੱਕ ਕਰਨ ਦੀ ਤਾਕ 'ਚ ਰਹਿਣ ਲੱਗਾ। ਜਦੋਂ ਉਹ ਆਪਣੇ ਡਿਊਟੀ ਕਾਰਜਾਂ ਲਈ ਵੀਡੀਓ-ਕਾਲ ਰਾਹੀਂ ਮੀਟਿੰਗਾਂ ਅਟੈਂਡ ਕਰਦੀ ਤਾਂ ਉਸ ਨੂੰ ਤਰ੍ਹਾਂ-ਤਰ੍ਹਾਂ ਦੇ ਸੁਆਲ ਕਰਨ ਲੱਗ ਪਿਆ, "ਆਹ ਕੌਣ ਹੈ? ਉਹ ਕੌਣ ਹੈ? ਹਰ ਵਾਰ ਇਸੇ ਨਾਲ ਹੀ ਤੂੰ ਗੱਲ ਲੰਬੀ ਕਰਦੀ ਐਂ"। ਪਤਨੀ ਨੇ ਵੀ ਪੁੱਛ ਹੀ ਲਿਆ ਕਿ ਜਦੋਂ ਵੀ ਉਹ ਦੋਵੇਂ ਕਿਸੇ ਸਮਾਗਮ ਆਦਿ ਵਿੱਚ ਜਾਂਦੇ ਹਨ ਤਾਂ ਉਹ ਕਿਸੇ ਨਾਲ ਵੀ ਗੱਲ ਕਰ ਲਵੇ, ਪਤੀ ਬਰਦਾਸ਼ਤ ਕਿਉਂ ਨਹੀਂ ਕਰਦਾ? ਉਸ ਨੂੰ ਮਿਲਣ ਵਾਲੇ ਹਰ ਸਹਿ-ਕਰਮੀ ਬਾਰੇ ਉਹ ਸਵਾਲ ਕਿਉਂ ਕਰਨ ਲੱਗ ਪੈਂਦਾ ਹੈ?

ਪਤੀ ਦੁਆਰਾ ਦਿਖਾਏ ਜਾ ਰਹੇ ਅਜਿਹੇ ਵਤੀਰੇ ਨੂੰ ਮਨੋ ਵਿਗਿਆਨੀ 'ਲਿੰਗੀ ਈਰਖਾ' ਕਹਿੰਦੇ ਹਨ। ਅਜਿਹੀ ਸਥਿਤੀ ਜੇਕਰ ਸਮਾਂ ਰਹਿੰਦੇ ਉਪਚਾਰੀ ਨਾ ਜਾਵੇ ਤਾਂ ਇਸ ਦੇ ਕਾਫੀ ਗੰਭੀਰ ਸਿੱਟੇ ਨਿੱਕਲ ਸਕਦੇ ਹਨ। ਲਗਾਤਾਰ ਈਰਖਾ ਨਾਲ ਭਰਿਆ ਵਿਅਕਤੀ ਭਾਵੇਂ ਉਪਰੋਂ-ਉਪਰੋਂ ਖੁਸ਼ ਦਿਖਣ ਦਾ ਢਕੋਂਜ ਕਰੀ ਜਾਵੇ, ਉਹ 'ਧੁਰ ਅੰਦਰੋਂ' ਖੁਸ਼ ਨਹੀਂ ਹੋ ਸਕਦਾ। ਅਜਿਹੀ ਸਥਿਤੀ ਕਾਰਨ ਉਹ ਖੁਦ ਵੀ ਅਸਾਧ ਰੋਗਾਂ ਦਾ ਸ਼ਿਕਾਰ ਬਣਦਾ ਹੈ ਤੇ ਆਪਣੇ ਨਾਲ ਦਿਆਂ ਨੂੰ ਵੀ ਬਣਾਉਂਦਾ ਹੈ। ਅਜਿਹੀ ਮਾਨਸਿਕ ਸਥਿਤੀ ਦੇ ਸ਼ਿਕਾਰ ਵਿਅਕਤੀ ਨੂੰ ਕੋਈ ਵੀ ਸਰੀਰਿਕ ਰੋਗ ਲੱਗੇ, ਉਸ ਦਾ ਇਲਾਜ ਆਮ ਵਿਅਕਤੀਆਂ ਨਾਲੋਂ ਵਧੇਰੇ ਔਖਾ ਹੁੰਦਾ ਹੈ; ਅਸਲ 'ਚ ਸਰੀਰਿਕ ਰੋਗਾਂ ਦਾ ਸਾਡੇ ਮਨ ਦੀ ਸਥਿਤੀ ਨਾਲ ਬਹੁਤ ਡੂੰਘਾ ਸਬੰਧ ਹੁੰਦਾ ਹੈ।

ਪੜ੍ਹੋ ਇਹ ਵੀ ਖਬਰ - Ganesh Chaturthi 2020 : 126 ਸਾਲਾਂ ਬਾਅਦ ਬਣਿਆ ਇਹ ਯੋਗ, ਜਾਣੋ ਕਿਨ੍ਹਾਂ ਰਾਸ਼ੀਆਂ ਲਈ ਹੈ ਸ਼ੁੱਭ

'ਲਾਈਫ ਵਿਦਾਊਟ ਜੈਲਸੀ: ਅ ਪ੍ਰੈਕਟੀਕਲ ਗਾਈਡ' 'ਚ ਮਸ਼ਹੂਰ ਲੇਖਕਾ ਲਿੰਦਾ ਬੇਵਾਨ ਨੌਂ ਪ੍ਰਸ਼ਨ ਪੁੱਛਦੀ ਹੈ ਕਿ ਕੀ ਤੁਸੀਂ ਐਦਾਂ-ਐਦਾਂ ਕਰਦੇ ਹੋ? ਤੁਸੀਂ ਅਜਿਹਾ ਵਿਵਹਾਰ ਦਰਸਾਉਂਦੇ ਹੋ? ਉਹ ਦੱਸਦੀ ਹੈ ਕਿ ਜੇਕਰ ਇਨ੍ਹਾਂ ਨੌਂ ਵਿੱਚੋਂ ਕਿਸੇ 2 ਪ੍ਰਸ਼ਨਾਂ ਦੇ ਉੱਤਰ ਤੁਹਾਡੇ ਲਈ 'ਹਾਂ' ਵਿੱਚ ਆਉਂਦੇ ਹਨ ਤਾਂ ਤੁਸੀਂ ਈਰਖਾ ਦੇ ਸ਼ਿਕਾਰ ਹੋ ਤੇ ਤੁਹਾਨੂੰ ਫੌਰੀ ਮਦਦ ਦੀ ਲੋੜ ਹੈ।

ਉੱਪਰ ਦਿੱਤੀ ਗਈ ਉਦਾਹਰਨ (ਜੋ ਅਸਲ ਜ਼ਿੰਦਗੀ ਵਿੱਚੋਂ ਹੈ) ਵਿਚਲੇ ਪਤੀ ਲਈ ਨੌਂ ਵਿੱਚੋਂ ਕਈ ਪ੍ਰਸ਼ਨਾਂ ਦੇ ਉੱਤਰ ਹਾਂ ਵਿੱਚ ਹਨ ਪਰ ਉਸ ਦੰਪਤੀ ਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਕਿਸੇ ਮਨੋ ਚਕਿਤਸਕ ਕੋਲ ਜਾਣ ਦੀ ਲੋੜ ਹੈ – ਕਹਿਣ 'ਤੇ ਉਹ ਮੰਨਦੇ ਵੀ ਨਹੀਂ। ਅਜਿਹੀ ਸਥਿਤੀ ਉਨ੍ਹਾਂ ਮਰਦਾਂ ਵਿੱਚ ਵਧੇਰੇ ਦੇਖੀ ਜਾਂਦੀ ਹੈ ਜੋ ਆਪਣੇ ਆਪ ਨੂੰ ਆਪਣੀ ਜੀਵਨ ਸਾਥਣ ਨਾਲੋਂ ਨੀਵੇਂ ਪੱਧਰ ਦਾ ਮੰਨਦੇ ਹਨ (ਪਰ ਸਵਿਕਾਰਨ ਤੋਂ ਇਨਕਾਰੀ ਹੁੰਦੇ ਹਨ)। ਮਰਦ ਪ੍ਰਧਾਨ ਸਮਾਜਾਂ ਅਤੇ ਮਰਦ ਪ੍ਰਧਾਨ ਪਰਿਵਾਰਾਂ ਵਿੱਚ ਜੇਕਰ ਔਰਤ ਜ਼ਿਆਦਾ ਗੁਣਵਾਨ ਆ ਜਾਵੇ ਤਾਂ ਮਰਦ ਅਜਿਹੇ ਮਨੋ-ਵਿਕਾਰ ਦਾ ਸ਼ਿਕਾਰ ਅਕਸਰ ਹੋ ਜਾਂਦੇ ਹਨ।

'ਓਵਰਕਮਿੰਗ ਜੈਲਸੀ ਐਂਡ ਪੋਜੈੱਸਿਵਨੈੱਸ' ਵਿੱਚ ਪ੍ਰਸਿੱਧ ਮਨੋ ਚਕਿਤਸਕ ਪਾਲ ਹਕ ਲਿਖਦਾ ਹੈ ਕਿ ਇਨਸਾਨ ਇਸ ਤਰ੍ਹਾਂ ਦੀ ਮਾਰੂ ਈਰਖਾ ਨਾਲ ਲੈ ਕੇ ਪੈਦਾ ਨਹੀਂ ਹੁੰਦਾ, ਉਹ ਜਨਮ ਉਪਰੰਤ ਇਸ ਨੂੰ 'ਸਿੱਖਦਾ' ਹੈ। ਉਹ ਅੱਗੇ ਲਿਖਦਾ ਹੈ ਕਿ ਇੱਕ ਵਾਰ ਤੁਹਾਨੂੰ ਇਸ ਗੱਲ ਦੀ ਸੋਝੀ ਆ ਜਾਵੇ ਕਿ ਤੁਸੀਂ ਈਰਖਾ ਕਿਉਂ ਕਰਦੇ ਹੋ, ਤੁਸੀਂ ਸਹਿਜੇ-ਸਹਿਜੇ ਇਸ ਤੋਂ ਮੁਕਤ ਵੀ ਹੋ ਸਕਦੇ ਹੋ – ਨਵੇਂ ਤਰੀਕਿਆਂ ਨਾਲ ਸੋਚਣਾ ਸ਼ੁਰੂ ਕਰਕੇ।

ਪੜ੍ਹੋ ਇਹ ਵੀ ਖਬਰ - ਜੀਵਨ ਸਾਥੀ ਲਈ ਬਹੁਤ ਲੱਕੀ ਹੁੰਦੀਆਂ ਹਨ, ਇਸ ਅੱਖਰ ਦੀਆਂ ਕੁੜੀਆਂ, ਜਾਣੋ ਕਿਉਂ

ਸਦਮੇ, ਆਤਮਹੱਤਿਆ-ਰੋਕੂ ਅਤੇ ਬਜ਼ੁਰਗ-ਮਸਲਿਆਂ ਦੀ ਮੰਨੀ-ਪ੍ਰਮੰਨੀ ਮਾਹਿਰ ਡਾ. ਸ਼ੌਨਾ ਸਪਰਿੰਗਰ ਲਿਖਦੀ ਹੈ ਕਿ ਤੁਹਾਡੀ ਆਪਣੀ ਕੀਮਤ ਤੁਹਾਡੀ ਆਪਣੀ ਨਜ਼ਰ 'ਚ ਕਿੰਨੀ ਕੁ ਹੈ – ਇਹ ਭਾਵਨਾਵਾਂ ਤੁਹਾਡੀ ਈਰਖਾ ਨਾਲ ਗੂੜ੍ਹਾ ਸਬੰਧ ਰੱਖਦੀਆਂ ਹੋ ਸਕਦੀਆਂ ਹਨ, ਸੋ ਡੂੰਘਾ ਸਵੈ-ਅਧਿਐਨ ਕਰੋ ਅਤੇ ਉਨ੍ਹਾਂ ਸਥਿਤੀਆਂ/ਵਿਚਾਰਾਂ ਦੀ ਭਾਲ ਕਰੋ ਜਿਨ੍ਹਾਂ ਨਾਲ ਤੁਸੀਂ ਆਪਣੇ-ਆਪ ਬਾਰੇ ਵਧੀਆ ਸੋਚ ਸਕਦੇ ਹੋ। ਸਪਰਿੰਗਰ ਮੰਨਦੀ ਹੈ ਕਿ ਥੋੜ੍ਹੀ ਜਿਹੀ ਈਰਖਾ ਹੋਣਾ ਨਾ ਕੇਵਲ ਮਨੁੱਖੀ ਫਿਤਰਤ ਹੈ ਸਗੋਂ ਇਹ ਰਿਸ਼ਤਿਆਂ ਨੂੰ ਸੰਭਾਲ ਕੇ ਰੱਖਣ ਵਿੱਚ ਸਹਾਈ ਵੀ ਹੋ ਸਕਦੀ ਹੈ ਪਰ ਉਸ ਦਾ ਮੰਨਣਾ ਹੈ ਕਿ ਜੇਕਰ ਇਹੀ ਈਰਖਾ ਹੱਦਾਂ-ਬੰਨੇ ਟੱਪ ਜਾਵੇ ਤਾਂ ਇਨਸਾਨ ਦੂਜਿਆਂ 'ਤੇ ਹਮਲਾ ਤੱਕ ਕਰ ਸਕਦਾ ਹੈ, ਉਹ ਆਪਣੀ ਜਾਂ ਦੂਜਿਆਂ ਦੀ ਜਾਨ ਲੈਣ ਤੱਕ ਵੀ ਜਾ ਸਕਦਾ ਹੈ। ਉਹ ਮੰਨਦੀ ਹੈ ਕਿ ਸਵੈ-ਮਾਣ ਵਧਾਉਣ ਵਾਲੀਆਂ ਕਿਤਾਬਾਂ ਪੜ੍ਹਣਾ, ਆਪਣੀਆਂ ਪ੍ਰਾਪਤੀਆਂ ਨੂੰ ਚਿਤਵਣਾ ਤੇ ਨਾਲੋ ਨਾਲ ਆਪਣੀਆਂ ਘਾਟਾਂ-ਕਮਜ਼ੋਰੀਆਂ ਨੂੰ ਵਾਰ-ਵਾਰ ਮਨ 'ਚ ਆਉਣ ਤੋਂ ਰੋਕਣਾ ਈਰਖਾ ਤੋਂ ਛੁਟਕਾਰਾ ਪਾਉਣ 'ਚ ਸਹਾਈ ਹੋ ਸਕਦੇ ਹਨ ਪਰ ਸਥਿਤੀ ਗੰਭੀਰ ਹੋਵੇ ਤਾਂ ਮਨੋ-ਚਕਿਤਸਕ ਦੀ ਰਾਇ ਲੈ ਹੀ ਲਈ ਜਾਵੇ।

ਪੜ੍ਹੋ ਇਹ ਵੀ ਖਬਰ - ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੱਲਾਂ

ਜੇਕਰ ਤੁਸੀਂ ਵੀ ਕਿਸੇ ਅਜਿਹੇ ਇਨਸਾਨ/ਪਰਿਵਾਰ ਦੇ ਸੰਪਰਕ ਵਿੱਚ ਹੋ ਤਾਂ ਬਣਦੀ ਰਾਇ (ਪਰ ਢੰਗ ਨਾਲ) ਦਿੱਤੀ ਜਾ ਸਕਦੀ ਹੈ। ਕੁਝ ਗੱਲਾਂ ਦਾ ਹੱਲ ਹਰ ਕੋਈ ਖੁਦ ਕਰ ਸਕਦਾ ਹੈ। ਉੱਪਰ ਦਿੱਤੀ ਗਈ ਉਦਾਹਰਨ ਵਿੱਚ ਪਤੀ ਨੇ ਇਸ ਗੱਲ ਦਾ ਅਧਿਐਨ ਨਹੀਂ ਕੀਤਾ ਕਿ ਜਿਸ ਦੋਸਤ ਨੇ ਉਸ ਨੂੰ ਫੋਨ 'ਤੇ ਤੀਜੇ ਦਰਜੇ ਦਾ ਤੇ ਈਰਖਾ ਪੈਦਾ ਕਰਨ ਵਾਲਾ ਸੁਨੇਹਾ ਭੇਜਿਆ, ਉਸ ਦੀ ਆਪਣੀ ਪਤਨੀ ਨੌਕਰੀ ਨਹੀਂ ਸੀ ਕਰਦੀ। ਕਰੋਨਾ ਕਾਲ ਦੀ ਤਾਲਾਬੰਦੀ 'ਚ ਵਿਹਲਾ ਬੈਠਿਆ ਉਹ ਆਪਣਾ ਸਮਾਂ ਬਿਤਾਉਣ ਲਈ ਅਤੇ 'ਦੋ-ਦੋ ਕਮਾਊ ਜੀਆਂ ਵਾਲੇ ਪਰਿਵਾਰਾਂ' ਪ੍ਰਤੀ ਆਪਣੀ ਈਰਖਾ ਕੱਢਣ ਲਈ ਕੇਵਲ ਮਜ਼ਾਕ ਵੱਸ ਅਜਿਹੇ ਸੁਨੇਹੇ ਕੁਝ ਦੋਸਤਾਂ ਨੂੰ ਭੇਜ ਰਿਹਾ ਸੀ। ਪਤੀ ਨੇ ਇਹ ਵੀ ਧਿਆਨ ਨਹੀਂ ਕੀਤਾ ਕਿ ਜਿਹੜੇ 'ਦੋਸਤ' ਉਸ ਨੂੰ ਕਈ ਸਾਲਾਂ ਤੋਂ ਕਹਿ ਰਹੇ ਸਨ ਕਿ ਭਾਬੀ ਬੜੀ ਜਚ-ਸ਼ਚ ਕੇ ਡਿਊਟੀ 'ਤੇ ਜਾਂਦੀ ਹੈ, ਉਨ੍ਹਾਂ ਦੀਆਂ ਪਤਨੀਆਂ ਇਸ 'ਭਾਬੀ' ਨਾਲੋਂ ਘੱਟ ਪੜ੍ਹੀਆਂ ਲਿਖੀਆਂ, ਕੇਵਲ ਗ੍ਰਹਿਣੀਆਂ 'ਤੇ ਘੱਟ ਸੁੰਦਰ ਸਨ। ਦੋਸਤਾਂ ਦੇ ਅਚੇਤ ਮਨ 'ਚ ਈਰਖਾ ਹੋ ਸਕਦੀ ਸੀ।

ਐਨਾ ਹੀ ਨਹੀਂ ਜੇਕਰ ਪਤੀ ਨੇ ਆਗਿਆ ਦਿੱਤੀ ਤਾਂ ਹੀ ਦੋਸਤਾਂ ਨੇ ਉਸ ਦੀ ਪਤਨੀ ਦੇ ਕਿਰਦਾਰ ਬਾਰੇ ਗੱਲਾਂ ਕੀਤੀਆਂ ਅਤੇ ਇੱਕ ਖੁਸ਼ ਪਰਿਵਾਰ 'ਚ ਅੱਗ ਲਗਾਈ। ਜੇਕਰ ਪਤੀ ਨੇ ਦੋਸਤਾਂ ਨੂੰ ਕੇਵਲ ਦੋਸਤੀ ਦੇ ਦਾਇਰੇ 'ਚ ਹੀ ਰਹਿਣ ਦੀ ਹਦਾਇਤ ਕੀਤੀ ਹੁੰਦੀ ਤਾਂ ਅਜਿਹੀ ਸਥਿਤੀ ਬਿਲਕੁਲ ਵੀ ਪੈਦਾ ਨਹੀਂ ਸੀ ਹੋਣੀ। ਸਾਨੂੰ ਬਾਹਰਲਿਆਂ ਨਾਲੋਂ ਵੱਧ ਵਿਸ਼ਵਾਸ ਘਰਦਿਆਂ 'ਤੇ ਕਰਨਾ ਚਾਹੀਦਾ ਹੈ ਪਰ ਕਈ ਵਾਰੀ ਅਸੀਂ ਉਲਟਾ ਕਰ ਜਾਂਦੇ ਹਾਂ। ਐਥੇ ਪਹਿਲੀ ਗ਼ਲਤੀ ਪਤੀ ਨੇ ਕੀਤੀ – ਦੋਸਤਾਂ ਨੂੰ ਐਨੀ ਖੁੱਲ੍ਹ ਦੇ ਕੇ ਕਿ ਉਹ ਉਸ ਦੇ ਨਿੱਜੀ ਸਬੰਧਾਂ ਦੇ ਅੰਦਰ ਤੱਕ ਝਾਤੀ ਮਾਰ ਸਕਣ। ਕੁਝ ਘਾਟ ਪਤਨੀ 'ਚ ਵੀ ਰਹਿ ਗਈ। ਉਸ ਨੂੰ ਇਹ ਮਹਿਸੂਸ ਕਰਨ ਦੀ ਲੋੜ ਸੀ ਕਿ ਕਰੋਨਾ ਕਾਲ ਦੌਰਾਨ ਦੁਕਾਨਦਾਰੀ ਵਿਗੜੀ ਹੈ ਜਿਸ ਦਾ ਮਾਨਸਿਕ ਅਸਰ ਉਸ ਦੇ ਪਤੀ 'ਤੇ ਯਕੀਨਨ ਪਿਆ ਹੋਵੇਗਾ। ਉਪਰੋਂ ਦੀ ਤਾਲਾਬੰਦੀ ਕਾਰਨ ਵਿਹਲੜਪੁਣਾ। ਸਿਆਣਿਆਂ ਨੇ ਠੀਕ ਹੀ ਤਾਂ ਕਿਹਾ ਹੈ – ਵਿਹਲਾ ਮਨ ਸ਼ੈਤਾਨ ਦਾ ਘਰ। ਈਰਖਾ ਤੋਂ ਬਚਣ ਦਾ ਸਭ ਤੋਂ ਸੌਖਾ ਤੇ ਕਾਰਗਰ ਉਪਾਅ ਹੈ – ਆਪਣੇ ਆਪ ਨੂੰ ਰੁਝਿਆ ਹੋਇਆ ਰੱਖਣਾ।

PunjabKesari

ਡਾ. ਸੁਰਿੰਦਰ ਕੁਮਾਰ ਜਿੰਦਲ, 
ਮੋਹਾਲੀ
ਮੋ. 98761-35823
ਈ ਮੇਲ: drskjindal123@gmail.com


rajwinder kaur

Content Editor

Related News