ਪੁਆਧ ਖਿੜਕੀ: ਇਸਲਾਮ ਦੀ ਧੀ ਅਮਤੁਸ ਸਲਾਮ ਨੇ ਵਸਾਇਆ ਸੀ ਰਾਜਪੁਰਾ ਟਾਊਨ

Saturday, Oct 03, 2020 - 11:47 AM (IST)

ਪੁਆਧ ਖਿੜਕੀ: ਇਸਲਾਮ ਦੀ ਧੀ ਅਮਤੁਸ ਸਲਾਮ ਨੇ ਵਸਾਇਆ ਸੀ ਰਾਜਪੁਰਾ ਟਾਊਨ

ਮਨਜੀਤ ਸਿੰਘ ਰਾਜਪੁਰਾ

ਜਿਹੜਾ ਬੰਦਾ ਪਹਿਲੀ ਵਾਰ ਰਾਜਪੁਰਾ ਟਾਊਨ ਵਿਚ ਆਉਂਦਾ ਹੈ ਤਾਂ ਉਹ ਜਦੋਂ ਆਪਣੇ ਕੰਨਾਂ ਵਿਚ ਅਜਿਹੇ ਬੋਲ ਸੁਣਦਾ ਹੈ ਕਿ ਵੱਲ ਸਾਈਂ ਕਿਆ ਹਾਲ ਐ...... ਕਿਆ ਕਰੇਂਦੇ ਖੜੇ ਓ ਸਾਈਂ.. ਡਿੱਤੂ ਮੱਲ ਕਿਥੇ ਵੇਂਦਾ ਪਿਆ ਏ.. ਸਾਈਂ ਮੇਕੂ ਪੰਜਾਹ ਰੁਪਏ ਉਧਾਰੇ ਤਾਂ ਦੇ ਵਲਾ....... ਤਾਂ ਉਹ ਬਹੁਤ ਹੈਰਾਨ ਹੁੰਦਾ ਹੈ ਕਿ ਇਹ ਬੰਦੇ ਕਿਹੜੀ ਬੋਲੀ ਬੋਲ ਰਹੇ ਹਨ। ਅਸਲ ਵਿਚ ਇਹ ਮਿੱਠੀ ਬੋਲੀ ਬਹਾਵਲਪੁਰੀ ਹੈ ਜਿਹੜੀ ਕਿ ਬਹਾਵਲਪੁਰ ਰਿਆਸਤ ਵਿਚ ਬੋਲੀ ਜਾਂਦੀ ਹੈ, ਜਿੱਥੋਂ ਕਿ ਸੰਤਾਲੀ ਦੇ ਉਜਾੜੇ ਸਮੇਂ ਬਹਾਵਲਪੁਰੀ ਭਰਾ ਆਏ ਸਨ। ਇਹ ਪੰਜਾਬੀ ਦੀ ਹੀ ਇਕ ਇਲਾਕਾਈ ਬੋਲੀ ਹੈ। 

ਸੰਤਾਲੀ ਤੋਂ ਪਹਿਲਾਂ ਬਹਾਵਲਪੁਰੀ, ਬਹਾਲਵਪੁਰ ਰਿਆਸਤ ਵਿਚ ਰਹਿੰਦੇ ਸਨ ਤੇ ਇਨ੍ਹਾਂ ਦਾ ਬਹੁਤਾ ਕੰਮ ਵਪਾਰ, ਦੁਕਾਨਦਾਰੀ ਆਦਿ ਦਾ ਸੀ। ਉਥੋਂ ਉਜੜ ਕੇ ਇੱਧਰ ਆ ਕੇ ਫੇਰ ਇਨ੍ਹਾਂ ਨੇ ਆਪਣੇ ਆਪ ਨੂੰ ਦੁਬਾਰਾ ਜਿਸ ਤਰ੍ਹਾਂ ਜ਼ਿੰਦਗੀ ਦੀ ਦੌੜ 'ਚ ਸ਼ਾਮਲ ਕਰ ਲਿਆ, ਉਹ ਕਹਾਣੀ ਬਹੁਤ ਕਮਾਲ ਹੈ। ਰਾਜਪੁਰੇ ਦੀ ਸਰਾਏ ਦੇ ਪਿਛਲੇ ਪਾਸੇ 86 ਸਾਲਾ ਵੇਦ ਪ੍ਰਕਾਸ਼ ਰਹਿੰਦਾ, ਜਿਹੜਾ ਕਿ ਉਜਾੜੇ ਸਮੇਂ 20 ਸਾਲ ਦਾ ਸੀ। ਆਓ ਉਸ ਦੀ ਬੈਠਕ ਵਿਚ ਚੱਲਦੇ ਹਾਂ ਤੇ ਸੁਣਦੇ ਹਾਂ ਕਿ ਬੀਬੀ ਅਮਤੁਸ ਸਲਾਮ ਨੇ ਕਿਵੇਂ ਬਾਹਵਲਪੁਰੀਆਂ ਨੂੰ ਰੁਜ਼ਗਾਰ, ਰੋਟੀ ਤੇ ਘਰ ਦੇ ਕੇ ਜ਼ਿੰਦਗੀ ਜਿਊਣ ਜੋਗੇ ਕੀਤਾ।

ਬਾਬੇ ਦੀ ਉਮਰ ਭਾਵੇਂ 86 ਸਾਲ ਦੀ ਹੋ ਗਈ ਹੈ ਪਰ ਬੋਲ ਅਜੇ ਵੀ ਇਸ ਤਰ੍ਹਾਂ ਖੜਕਦਾ ਜਿਸ ਤਰ੍ਹਾਂ ਖੂਹ 'ਚ ਛੱਡੀ ਪਾਣੀ ਦੀ ਖਾਲੀ ਬਾਲਟੀ ਖੜਕਦੀ ਹੁੰਦੀ ਹੈ। ਆਰ. ਐੱਸ. ਐੱਸ. ਦਾ ਸਰਗਰਮ ਕਾਰਕੁਨ ਰਿਹਾ ਵੇਦ ਪ੍ਰਕਾਸ਼ ਮੁਹੱਬਤਾਂ ਨੂੰ ਸਭ ਤੋਂ ਵੱਡਾ ਧਰਮ ਮੰਨਦਾ। ਉਹ ਕਹਿੰਦਾ ,'' ਮੇਰੀ ਮਾਂ ਮੁਸਲਮਾਨ ਸੀ। ਮੈਂ ਹਿੰਦੂ ਹਾਂ ਤੇ ਮੇਰਾ ਮੁੰਡਾ ਸਿੱਖ ਹੈ।'' ਬਾਬੇ ਦੀ ਜ਼ਮੀਨ ਰਾਜਪੁਰੇ ਨੇੜੇ ਪਿੰਡ ਉੜਦਣ 'ਚ ਹੈ। ਜਿਹੜੀ ਉਸ ਨੇ ਇਕ ਜੱਟ ਨੂੰ ਦਿੱਤੀ ਹੋਈ ਹੈ, ਜਿਸ ਨੂੰ ਉਹ ਆਪਣਾ ਪੁੱਤਰ ਮੰਨਦਾ ਹੈ ਤੇ ਹੁਣ ਬਾਬਾ ਆਪਣੇ ਉਸ ਸਿੱਖ ਪੁੱਤਰ ਦੇ ਘਰ ਵਿਚ ਹੀ ਰਹਿੰਦਾ ਹੈ। ਇਹ ਸਾਰਾ ਕੁਝ ਉਸ ਦੇ ਮੂੰਹੋਂ ਸੁਣ ਕੇ ਬੰਦਾ ਬਹੁਤ ਹੈਰਾਨ ਹੁੰਦਾ ਕਿ ਆਰ ਐੱਸ. ਐੱਸ. ਨੂੰ ਪ੍ਰਣਾਇਆ ਹੋਇਆ ਬਾਬਾ ਇਹ ਕਿਹੋ ਜਿਹੀਆਂ ਆਲੋਕਾਰੀ ਗੱਲਾਂ ਕਰ ਰਿਹਾ।

ਬਾਬਾ ਫੇਰ ਬੀਤੇ ਦੀਆਂ ਵਹੀਆਂ ਖੋਲਦਾ ਹੋਇਆ ਦੱਸਦਾ,'' ਕਿਆ ਦਿਨ ਸਨ ਉਹ ਵੀ! ਏਦਾਂ ਲਗਦਾ ਸੀ ਜਿਵੇਂ ਮੁਹੱਬਤਾਂ ਦੇ ਘੋੜੇ 'ਤੇ ਸਵਾਰ ਹੋਈਏ ਤੇ ਚਾਵਾਂ ਦੀ ਹਵਾ ਵਗ ਰਹੀ ਹੋਵੇ। ''

ਬਾਬਾ ਬੀਤੇ ਵਿਚ ਗੋਤੇ ਲਾਉਣ ਤੋਂ ਬਾਅਦ ਫੇਰ ਤੰਦ ਜੋੜਦਾ ,'' ਬਹਾਵਲਪੁਰ ਚ ਖੈਰਪੁਰ ਟਾਮੇਵਾਲੀ ਸ਼ਹਿਰ ਸੀ ਜਿਸ ਵਿਚ ਛੇ ਹਜ਼ਾਰ ਦੀ ਅਬਾਦੀ ਵਿਚ ਹਿੰਦੂ, ਮੁਸਲਮਾਨ ਰਲ ਕੇ ਰਹਿੰਦੇ ਸਨ। ਮੁਸਲਮਾਨਾਂ ਦੀ ਅਬਾਦੀ ਜ਼ਿਆਦਾ ਸੀ। ਰਿਆਸਤ ਵਿਚ ਹਿੰਦੂ 18 ਫੀਸਦੀ ਸਨ।''

ਬਾਬਾ ਫੇਰ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਕਹਿਣ ਲੱਗਾ ,'' ਤੁਸੀਂ ਤਾਂ ਇਹੀ ਸੁਣਦੇ ਰਹੇ ਹੋ ਕਿ ਮੁਸਲਮਾਨਾਂ ਤੇ ਹਿੰਦੂਆਂ, ਸਿੱਖਾਂ ਨੇ ਇਕ ਦੂਜੇ ਦਾ ਰੱਜ ਕੇ ਕਤਲੇਆਮ ਕੀਤਾ। ਪਰ ਉਥੇ ਮਨੁੱਖਤਾ ਦੇ ਕਿਹੋ ਜਿਹੋ ਫਰਿਸ਼ਤੇ ਵਸਦੇ ਸਨ, ਜੇ ਮੈਂ ਤੁਹਾਨੂੰ ਦੱਸਾਂਗਾ ਤਾਂ ਤੁਹਾਨੂੰ ਯਕੀਨ ਹੀ ਨਹੀਂ ਆਣਾ।''  

PunjabKesari

ਉਹ ਮੇਢੀ ਮਾਂ ਸੀ, ਮੇਢੇ ਪਿਉ ਦੀ ਮਾਂ ਸੀ, ਸਾਰੇ ਬਹਾਵਲਪੁਰੀਆਂ ਦੀ ਮਾਂ ਸੀ : ਵੇਦ ਪ੍ਰਕਾਸ਼

ਬਾਬਾ ਫੇਰ ਬੀਤੇ ਦੀ ਘੋੜੀ ਦੀਆਂ ਵਾਗਾਂ ਫੜ ਲੈਂਦਾ ,'' ਤਕਸੀਮ ਦੇ ਸਮੇਂ ਇਕ ਮੁਸਲਮਾਨ ਨੂਰ ਮੁਹੰਮਦ ਸਿੰਧੜ ਸੀ ਉਹ ਮੇਰੇ ਪਿਤਾ ਦਾ ਦੁਸ਼ਮਣ ਸੀ ਪਰ ਸਾਡੇ ਵੱਡੇ ਭਰਾ ਦਾ ਰਿਸ਼ਤਾ ਹੋਇਆ ਉਸ ਦੇ ਦੋਸਤ ਦੇ ਘਰ। ਉਹ ਆਪਸ ਵਿਚ  ਪੱਗ ਵੱਟ ਭਰਾ ਸਨ। ਉਹ ਸਾਡੇ ਘਰ ਆਇਆ ਤੇ ਕਹਿਣ ਲੱਗਾ, ਅਸੀਂ ਤੁਹਾਡੇ ਨਾਲ ਦੁਸ਼ਮਣੀ ਨਹੀਂ ਕਰ ਸਕਦੇ। ਉਹ ਅਪਣੀ ਬੋਲੀ ਵਿਚ ਕਹਿਣ ਲੱਗਾ, ਜਿੱਥੇ ਵਿਹਾਏ ਵਾਲ ਉਥੇ ਕੀਂਹਦੀ ਮਜਾਲ। ਮਤਲਬ ਜਿੱਥੇ ਰਿਸ਼ਤੇਦਾਰੀ ਹੋ ਗਈ, ਉਥੇ ਉਸ ਬਾਰੇ ਮਾੜਾ ਸੋਚਣ ਦਾ ਮਤਲਬ ਹੀ ਨਹੀਂ। ਜਦੋਂ ਸੰਤਾਲੀ ਦੀ ਵੱਢ ਟੁੱਕ ਸ਼ੁਰੂ ਹੋ ਗਈ ਤਾਂ ਅਸੀਂ ਮੁਸਲਮਾਨਾਂ ਨਾਲ ਲੜਨ ਲਈ ਅੱਠ ਮੋਰਚੇ ਬਣਾਏ ਹੋਏ ਸਨ। ਉਹ ਆ ਕੇ ਕਹਿਣ ਲੱਗਾ, ਇਕ ਮੋਰਚੇ ਵਿਚ ਮੈਂ ਬੈਠਾਂਗਾ। ਇਹ ਮੇਰੀ ਧੀ ਦਾ ਘਰ ਹੈ। ਕੋਈ ਮੁਸਲਮਾਨ ਮੇਰੀ ਲਾਸ਼ ਤੋਂ ਲੰਘ ਕੇ ਹੀ ਏਧਰ ਆਏਗਾ। '

ਬਾਬਾ ਵੇਦ ਪ੍ਰਕਾਸ਼ ਜਿਵੇਂ ਨੂਰ ਮੁਹੰਮਦ ਦੀਆਂ ਯਾਦਾਂ ਨਾਲ ਗਲਵੱਕੜੀ ਪਾਈ ਬੈਠਾ ਹੋਵੇ। ਉਹ ਫੇਰ ਕਹਾਣੀ ਦਾ ਸਿਰਾ ਫੜਦਾ ਹੈ ,'' ਉਸ ਸਮੇਂ ਮੇਰੇ ਭਰਾ ਦਾ ਵਿਆਹ ਨਹੀਂ ਹੋਇਆ ਸੀ। ਸਾਨੂੰ ਇੱਧਰ ਆਣਾ ਪੈ ਗਿਆ। ਨੂਰ ਮੁਹੰਮਦ ਕਹਿਣ ਲੱਗਾ ਕਿ ਉਹ ਆਪਣੀ ਧੀ ਦੇ ਦਾਜ ਦਾ ਸਮਾਨ ਉਹ ਆਪ ਪਹੁੰਚਾਵੇਗਾ। ਅਸੀਂ ਫੇਰ ਸਭ ਕੁਝ ਛੱਡ ਕੇ ਅਬੋਹਰ ਪੁੱਜੇ। ਅਬੋਹਰ ਚ ਮੇਰੇ ਭਰਾ ਦਾ ਵਿਆਹ ਹੋਇਆ ਤੇ ਉਹ ਊਠਾਂ 'ਤੇ ਲੱਦ ਕੇ ਸਾਡੀ ਭਾਬੀ ਦੇ ਦਾਜ ਦਾ ਸਾਰਾ ਸਮਾਨ ਛੱਡ ਕੇ ਗਿਆ।''ਬਾਬਾ ਕਹਿੰਦਾ ,'' ਅੱਜ ਇਸ ਧਰਤੀ ਨੂੰ ਨੂਰ ਮੁਹੰਮਦ ਵਰਗੇ 'ਦੁਸ਼ਮਣਾਂ' ਦੀ ਬਹੁਤ ਲੋੜ ਹੈ। ਜਿਹੜੇ ਆਪਣੇ ਰਿਸ਼ਤੇਦਾਰ ਲਈ, ਕਿਸੇ ਵੀ ਜਰਵਾਣੇ ਭਾਵੇਂ ਉਹ ਉਨ੍ਹਾਂ ਦੇ ਹੀ ਫਿਰਕੇ ਦਾ ਹੋਵੇ, ਟੱਕਰ ਲੈਣ ਲਈ ਤਿਆਰ ਹੋਣ। ਨੂਰ ਮੁਹੰਮਦਾ ਅਸ਼ਕੇ ਬਈ ਤੇਰੀ 'ਦੁਸ਼ਮਣੀ' ਦੇ ! '' 

ਬਾਬੇ ਦਾ ਜੀਅ ਕਰਦਾ ਕਿ ਨੂਰ ਮੁਹੰਮਦ ਉਸ ਦੀਆਂ ਅੱਖਾਂ ਤੋਂ ਓਹਲੇ ਨਾ ਹੋਵੇ ਪਰ ਸਮਾਂ ਲਿਹਾਜ ਨੀ ਕਰਦਾ, ਬਾਬਾ ਫੇਰ ਅੱਗੇ ਤੁਰਦਾ,''ਫੇਰ ਅਸੀਂ ਮਥਰਾ ਚਲੇ ਗਏ। ਸਾਡੇ ਰਿਸ਼ਤੇਦਾਰ ਅਮੀਰ ਆਦਮੀ ਸਨ। ਉਹ ਬਹਾਵਲਪੁਰ ਸਟੇਟ ਦੇ ਰੈਵੀਨਿਊ ਕਮਿਸ਼ਨਰ ਸਨ। ਉਥੇ ਦਿਲ ਨੀ ਲੱਗਿਆ। ਉਸ ਸਮੇਂ ਬਹਾਵਲਪੁਰੀਆਂ ਦਾ ਕੈਂਪ ਕੁਰਕਸ਼ੇਤਰ ਵਿਚ ਲਾਇਆ ਗਿਆ । ਮਹਾਸ਼ਾ ਸ਼ਾਂਤੀ ਪ੍ਰਕਾਸ਼ ਉਥੇ ਦੇ ਲੀਡਰ ਸਨ। ਜਦੋਂ ਉਥੇ ਕਿਹਾ ਗਿਆ ਕਿ ਪਟਿਆਲੇ ਜਾਉ ਤੁਹਾਨੂੰ ਉਥੇ ਜ਼ਮੀਨ ਦਿੱਤੀ ਜਾਵੇਗਾ ਤਾਂ ਸ਼ਾਂਤੀ ਪ੍ਰਕਾਸ਼ ਨੇ ਕਿਹਾ ਕਿ ਅਸੀਂ ਪਟਿਆਲੇ ਨਹੀਂ ਜਾਵਾਂਗੇ। ਨਹਿਰੂ ਬਹੁਤ ਨਰਾਜ਼ ਹੋਇਆ ਕਿ ਇਨ੍ਹਾਂ ਦਾ ਰਾਸ਼ਣ ਬੰਦ ਕਰ ਦਿਉ। ਅਸੀਂ ਸੋਚਦੇ ਸੀ ਕਿ ਅਸੀਂ ਸਿੱਖਾਂ ਨਾਲ ਨਹੀਂ ਰਹਿ ਸਕਾਂਗੇ ਪਰ ਸ਼ਾਂਤੀ ਪ੍ਰਕਾਸ਼ ਅੱਗੇ ਨਹਿਰੂ ਨੂੰ ਹਾਰ ਮੰਨਣੀ ਪਈ। ਜਦੋਂ ਨਹਿਰੂ ਨੇ ਵੇਖਿਆ ਕਿ ਗੱਲ ਨੀ ਬਣਦੀ ਤਾਂ ਉਸ ਨੇ ਕਿਹਾ ਕਿ ਮੈਂ ਅਪਣੀ ਭੈਣ ਅਮਤੁਸ ਸਲਾਮ (ਇਸਲਾਮ ਦੀ ਧੀ) ਨੂੰ ਭੇਜਦਾ ਹਾਂ। ਉਹ ਤੁਹਾਡੀ ਰਾਖੀ ਕਰੇਗੀ। 

ਉਹ ਪਟਿਆਲਾ ਦੇ ਦੀਵਾਨ ਦੀ ਧੀ ਸੀ। ਉਹ ਸੰਤਾਲੀ ਵਿਚ ਮਹਾਤਮਾ ਗਾਂਧੀ ਦੇ ਸੇਵਾ ਗਰਾਮ ਆਸ਼ਰਮ ਵਿਚ ਰਹਿੰਦੀ ਸੀ। ਨਹਿਰੂ ਨੇ ਕਿਹਾ ਕਿ ਇਹ ਸਾਡੀ ਜ਼ਾਮਨ ਹੈ। ਬਹਾਵਲਪੁਰੀਆਂ ਦੀ ਰਾਖੀ ਉਹ ਕਰੇਗੀ। ਫੇਰ ਬਹਾਵਲਪੁਰੀ ਇਸ ਭਰੋਸੇ 'ਤੇ ਰਾਜਪੁਰੇ ਪੁੱਜੇ ਤੇ ਪਹਿਲਾਂ ਉਨ੍ਹਾਂ ਦਾ ਕੈਂਪ ਸ਼ਾਮਦੂ ਵਿਖੇ ਲਾਇਆ ਗਿਆ। ਉਨ੍ਹਾਂ ਨੂੰ ਬਣਵਾੜੀ, ਧਮੌਲੀ, ਨੀਲਪੁਰ ਪਿੰਡਾਂ ਦੀ ਜ਼ਮੀਨ ਅਲਾਟ ਕੀਤੀ ਗਈ। ਉਸ ਸਮੇਂ ਮਹਾਰਾਜਾ ਪਟਿਆਲਾ ਨੇ ਵੀ ਬਹਾਵਲਪੁਰੀਆਂ ਲਈ ਸਦ ਵਰਤ ਲੰਗਰ ਚਲਾਈ ਰੱਖਿਆ। ਅਮਤੁਸ ਸਲਾਮ ਨੇ ਹੀ ਕਸਤੂਰਬਾ ਸੇਵਾ ਆਸ਼ਰਮ ਬਣਵਾਇਆ ਸੀ। ਉਸ ਸਮੇਂ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਸੀ। ਇੱਥੇ ਜਵਾਹਰ ਲਾਲ ਨਹਿਰੂ ਤੇ ਵਿਨੋਬਾ ਭਾਵੇ ਵੀ ਆਏ ਸਨ। 

ਮੈਂ ਪੁੱਛਿਆ ,'' ਅਮਤੁਸ ਸਲਾਮ ਨੇ ਮੇਰੇ ਖਿਆਲ ਵਿਚ ਮੁਸਲਮਾਨ ਹੁੰਦੇ ਹੋਏ ਵੀ ਤੁਹਾਡੇ ਲਈ ਬਹੁਤ ਕੁਝ ਕੀਤਾ?''
ਅੱਗੋਂ ਬਾਬਾ ਜਿਵੇਂ ਹੈਰਾਨ ਹੋ ਗਿਆ ਹੋਵੇ ,''ਬਹੁਤ ਕੁੱਝ ਕੀ ਮਤਲਬ! ਉਹ ਤਾਂ ਸਾਡੀ ਮਾਂ ਸੀ। ਉਹ ਮੇਰੀ ਮਾਂ ਸੀ ਤੇ ਮੇਰੇ ਪਿਉ ਦੀ ਵੀ ਮਾਂ ਸੀ। ਅਸੀਂ ਬਹਾਵਲਪੁਰੀ ਅੱਜ ਜਿਹੜੇ ਰੰਗ ਮਾਣ ਰਹੇ ਹਾਂ, ਉਹ ਸਾਡੀ ਮਾਂ ਦੀਆਂ ਦਿੱਤੀਆਂ ਅਸੀਸਾਂ ਹੀ ਨੇ। ਜੇ ਸਾਡੀ ਮਾਂ ਅਮਤੁਸ ਸਲਾਮ ਨਾ ਹੁੰਦੀ ਤਾਂ ਪਤਾ ਨੀ ਸਾਡਾ ਕੀ ਹਾਲ ਹੁੰਦਾ।''ਬੀਬੀ ਅਮਤੁਸ ਸਲਾਮ ਦੀਆਂ ਗੱਲਾਂ ਕਰਦਾ ਹੋਇਆ ਬਾਬਾ ਭਾਵੁਕ ਹੋ ਜਾਂਦਾ ਤੇ ਹੰਝੂ ਆਪ ਮੁਹਾਰੇ ਉਸ ਦੀਆਂ ਅੱਖਾਂ 'ਚੋਂ ਵਹਿ ਤੁਰਦੇ ਨੇ। ਜਿਵੇਂ ਇਸਲਾਮ ਦੀ ਧੀ ਨੂੰ ਉਸ ਦਾ ਇਕ ਹਿੰਦੂ ਪੁੱਤ, ਉਸ ਦੇ ਇਸ ਦੁਨੀਆਂ ਤੋਂ ਜਾਣ ਤੋਂ ਕਈ ਦਹਾਕਿਆਂ ਬਾਅਦ ਵੀ, ਆਪਣੀਆਂ ਯਾਦਾਂ ਵਿਚ ਗਲ ਨਾਲ ਲਾਈ ਬੈਠਾ ਹੋਵੇ।   

ਬਾਬਾ ਫੇਰ ਅਮਤੁਸ ਸਲਾਮ ਬਾਬੇ ਗੱਲ ਕਰਦਾ ਹੋਇਆ ਰੰਜ ਕਰਦਾ ,''ਮਾਵਾਂ ਤਾਂ ਦੋ ਚਾਰ ਬੱਚੇ ਪਾਲਦੀਆਂ ਹਨ। ਪਰ ਅਮਤੁਸ ਸਲਾਮ ਨੇ ਸਾਡੇ ਵਰਗੇ ਹਜ਼ਾਰਾਂ ਬੱਚੇ ਪਾਲੇ। ਸਾਨੂੰ ਘਰ ਦਿੱਤੇ, ਇੱਜ਼ਤ ਦਿੱਤੀ। ਜੇ ਕਦੇ ਸਾਨੂੰ ਤਕਲੀਫ਼ ਹੋਈ ਤਾਂ ਉਹ ਦੌੜਦੀ ਹੋਈ ਨਹਿਰੂ ਕੋਲ ਜਾਂਦੀ ਤੇ ਤੁਰੰਤ ਸਾਡੇ ਮਸਲੇ ਦਾ ਹੱਲ ਹੋ ਜਾਂਦਾ। ਪਰ ਅਸੀਂ ਉਸ ਨੂੰ ਕੀ ਦਿੱਤਾ। ਉਸ ਦੀ ਕੋਈ ਯਾਦਗਾਰ ਤਾਂ ਕੀ ਬਣਾਉਣੀ ਸੀ, ਉਸ ਨੂੰ ਕਦੇ ਯਾਦ ਵੀ ਨੀ ਕੀਤਾ। ਕਈਆਂ ਨੂੰ ਸ਼ਾਇਦ ਲਗਦਾ ਹੋਵੇਗਾ ਕਿ ਉਹ ਮੁਸਲਮਾਨ ਸੀ ਪਰ ਮਾਂ ਦਾ ਵੀ ਕੋਈ ਧਰਮ ਹੁੰਦਾ, ਮਾਂ ਤਾਂ ਮਾਂ ਹੁੰਦੀ ਹੈ। ਉਹ ਤਾਂ ਰੱਬ ਦੀ ਧੀ ਸੀ ਜਿਹੜੀ, ਇਸ ਦੁਨੀਆਂ 'ਚ ਆਈ ਹੀ ਸਾਨੂੰ ਅਪਣੀਆਂ ਮੇਹਰਾਂ ਨਾਲ ਨਿਵਾਜਣ ਲਈ ਸੀ। ਉਸ ਵਰਗੀਆਂ ਮਾਵਾਂ ਕਰਕੇ ਹੀ ਸ਼ਾਇਦ ਰੱਬ ਪਰਲੋ ਦੇ ਦਿਨ ਨੂੰ ਪਿੱਛੇ ਪਾਈ ਜਾਂਦਾ।''ਇਹ ਬੋਲ ਬੋਲਦਿਆਂ ਬਾਬਾ ਉਸ ਪੁੱਤ ਵਾਂਗ ਲੱਗ ਰਿਹਾ ਸੀ ਜਿਹੜਾ ਚਾਹੁੰਦਾ ਹੋਇਆ ਵੀ ਅਪਣੀ ਮਾਂ ਲਈ ਕੁਝ ਨਾ ਕਰ ਸਕਿਆ ਹੋਵੇ। 

ਬੀਬੀ ਦਾ ਦਿਲ ਕਿੰਨਾ ਵੱਡਾ ਸੀ, ਇਸ ਦਾ ਅੰਦਾਜ਼ਾ ਤੁਸੀਂ ਇਸ ਤੋਂ ਹੀ ਲਾ ਸਕਦੇ ਹੋ ਕਿ ਬੀਬੀ ਦੇ ਪਿਤਾ ਪਟਿਆਲਾ ਸਟੇਟ ਦੇ ਦੀਵਾਨ ਹੋਣ ਕਾਰਨ, ਉਨ੍ਹਾਂ ਕੋਲ ਬਹੁਤ ਸਾਰੀ ਜ਼ਮੀਨ ਸੀ ਜਿਸ 'ਤੇ ਮੁਜਾਰੇ ਖੇਤੀ ਕਰਦੇ ਸਨ। ਜਦੋਂ ਉਨ੍ਹਾਂ ਦਾ ਚਲਾਣਾ ਹੋ ਗਿਆ ਤਾਂ ਬੀਬੀ ਨੇ ਉਹ ਸਾਰੀ ਜ਼ਮੀਨ, ਉਥੇ ਖੇਤੀ ਕਰਨ ਵਾਲੇ ਮੁਜ਼ਾਰਿਆਂ ਦੇ ਨਾਂ 'ਤੇ ਹੀ ਰਜਿਸਟਰੀ ਕਰਵਾ ਦਿੱਤੀ। ਪਿੰਡ ਨਾਈਵਾਲਾ 'ਚ ਇਕ ਖੂਹ ਸੀ ਜਿਸ ਤੋਂ ਦਲਿਤਾਂ ਨੂੰ ਪਾਣੀ ਭਰਨ ਦੀ ਇਜਾਜ਼ਤ ਨਹੀਂ ਸੀ। ਬੀਬੀ ਨੇ ਦਲਿਤਾਂ ਨੂੰ ਕਿਹਾ ਕਿ ਉਹ ਸਾਰੇ ਉਨ੍ਹਾਂ ਦੇ ਖੂਹ ਤੋਂ ਪਾਣੀ ਭਰਨ। 

ਬੀਬੀ ਅਮਤੁਸ ਸਲਾਮ ਕਿੰਨੇ ਵੱਡੇ ਜ਼ੇਰੇ ਦੀ ਮਾਲਕ ਸੀ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਕਿ ਉਸ ਨੇ ਇਕ ਵਾਰੀ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੂੰ ਕਸਤੂਰਬਾ (ਕਸਤੂਰਬਾ ਸੇਵਾ ਮੰਦਰ ਬਹੁਤ ਵੱਡਾ ਟਰੱਸਟ ਸੀ ਜਿਸ ਵਿਚ ਉਜੜ ਕੇ ਆਏ ਬਹਾਵਲਪੁਰੀਆਂ ਦੇ ਨਿਆਣਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਕਿਸੇ ਨਾ ਕਿਸੇ ਕੰਮ ਦੀ ਸਿਖਲਾਈ ਦਿੱਤੀ ਜਾਂਦੀ ਸੀ। ਇਸ ਵਿਚ ਬਹੁਤ ਵੱਡਾ ਹੋਸਟਲ ਤੇ ਕੁੜੀਆਂ ਦਾ ਕਾਲਜ ਵੀ ਸੀ) ਵਿਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਸੀ। ਉਸ ਸਮੇਂ ਕਸਤੂਰਬਾ ਕਾਲਜ ਦੀ ਕਨਵੋਕੇਸ਼ਨ ਸੀ। ਗਿਆਨੀ ਜੈਲ ਸਿੰਘ ਨੇ ਕੋਈ ਗੱਲ ਕਹੀ ਸੀ ਜਿਸ ਤੋਂ ਬੀਬੀ ਬਹੁਤ ਖਫ਼ਾ ਸੀ। ਗਿਆਨੀ ਜ਼ੈਲ ਸਿੰਘ ਨੂੰ ਹਾਲਾਂਕਿ ਕੋਈ ਸੱਦਾ ਨਹੀਂ ਦਿੱਤਾ ਗਿਆ ਸੀ ਪਰ ਬੀਬੀ ਦਾ ਨਾਂ ਬਹੁਤ ਵੱਡਾ ਸੀ, ਇਸ ਕਰਕੇ ਉਸ ਨੇ ਕਿਹਾ ਕਿ ਉਹ ਵੀ ਕਾਨਵੋਕੇਸ਼ਨ 'ਤੇ ਜਾਵੇਗਾ। ਜਦੋਂ ਕਸਤੂਰਬਾ ਵਿਚ ਸਭ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਸਾਰੇ ਮੁੱਖ ਮੰਤਰੀ ਨੂੰ ਜੀ ਆਇਆਂ ਨੂੰ ਕਹਿਣ ਦੀ ਤਿਆਰੀ ਕਰਨ ਲੱਗੇ।

ਜਦੋਂ ਗਿਆਨੀ ਜ਼ੈਲ ਸਿੰਘ ਕਸਤੂਰਬਾ ਕਾਲਜ ਦੇ ਗੇਟ 'ਤੇ ਪੁੱਜਿਆ ਤਾਂ ਅੱਗੇ ਬੀਬੀ ਖੜੀ ਸੀ। ਬੀਬੀ ਨੇ ਉਸ ਸਮੇਂ ਗਿਆਨੀ ਜ਼ੈਲ ਸਿੰਘ ਨੂੰ ਕਿਹਾ ਕਿ ਤੂੰ ਸਾਡੇ ਕਾਲਜ ਦੇ ਅੰਦਰ ਨਹੀਂ ਆ ਸਕਦਾ ਤੇ ਮੁੱਖ ਮੰਤਰੀ ਪੰਜਾਬ ਦੀ ਹਿੰਮਤ ਨਹੀਂ ਹੋਈ ਕਿ ਉਹ ਬੀਬੀ ਦੇ ਹੁਕਮ ਦੀ ਅਵੱਗਿਆ ਕਰ ਸਕਦਾ। ਉਹ ਕਾਲਜ ਦੇ ਗੇਟ ਤੋਂ ਹੀ ਵਾਪਸ ਮੁੜ ਗਿਆ। ਅੱਜ ਕੋਈ ਕਲਪਨਾ ਕਰ ਸਕਦਾ ਕਿ ਸਮੇਂ ਦੇ ਮੁੱਖ ਮੰਤਰੀ ਨੂੰ ਕੋਈ ਬੀਬੀ ਇਸ ਤਰ੍ਹਾਂ ਕਿਸੇ ਕਾਲਜ ਦੇ ਗੇਟ ਤੋਂ ਵਾਪਸ ਮੋੜ ਸਕਦੀ ਹੈ।

 


author

Baljeet Kaur

Content Editor

Related News