ਕ੍ਰਿਸਮਸ ’ਤੇ ਵਿਸ਼ੇਸ਼ : ਸੰਸਾਰ ’ਚ ਪ੍ਰੇਮ ਦੇ ਪ੍ਰਤੀਕ ‘ਪ੍ਰਭੂ ਯਿਸੂ ਮਸੀਹ’

Saturday, Dec 25, 2021 - 11:28 AM (IST)

ਜਿਸ ਤਰ੍ਹਾਂ ਪਰਮੇਸ਼ਵਰ ਦੀ ਸਿਰਜਣਾ ਨਹੀਂ ਹੋਈ, ਠੀਕ ਉਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਵੀ ਹੈ, ਜਿਨ੍ਹਾਂ ਦਾ ਨਾ ਕੋਈ ਆਦਿ ਹੈ ਅਤੇ ਨਾ ਹੀ ਅੰਤ। ਪ੍ਰਭੂ ਯੀਸ਼ੂ ਮਸੀਹ ਨੇ ਆਉਣ ਤੋਂ 700 ਸਾਲ ਪਹਿਲਾਂ ਯਸ਼ਾਯਾਹ ਨਬੀ ਨੇ ਮਸੀਹ ਬਾਰੇ ਭਵਿੱਖਬਾਣੀ ਕੀਤੀ ਸੀ, ਜਿਸ ਬਾਰੇ ਪਵਿੱਤਰ ਬਾਈਬਲ ’ਚ ਇਸ ਤਰ੍ਹਾਂ ਲਿਖਿਆ ਗਿਆ ਹੈ ਕਿ ਪ੍ਰਭੂ ਭਾਵ ਪਰਮੇਸ਼ਵਰ ਤੁਹਾਨੂੰ ਇਕ ਨਿਸ਼ਾਨ ਦੇਵੇਗਾ। ਦੇਖੋ ਇਕ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਜਨਮੇਗੀ। ਉਹ ਉਸ ਦਾ ਨਾਂ ਇਮਾਨੁਏਲ ਰੱਖਣਗੇ।

ਇਸ ਭਵਿੱਖਬਾਣੀ ਦੀ ਪੁਸ਼ਟੀ ਯੁਹੱਨਾ ਨਬੀ ਨੇ ਮਸੀਹ ਦੇ ਜਨਮ ਦੇ ਸਮੇਂ ਕੀਤੀ। ਯੁਹੱਨਾ ਨਬੀ ਨੇ ਕਿਹਾ ‘ਸ਼ਬਦ’ ਦੇਹਧਾਰੀ ਹੋਇਆ। ਸ਼ਬਦ ਦਾ ਵਰਣਨ ਮਸੀਹ ਦੇ ਜਨਮ ਨਾਲ ਹਜ਼ਾਰਾਂ ਸਾਲ ਪਹਿਲਾਂ ਲਿਖੀ ਗਈ ਪਵਿੱਤਰ ਬਾਈਬਲ ’ਚ ਕੀਤਾ ਗਿਆ ਹੈ। ਇਥੇ  ‘ਸ਼ਬਦ’ ਪ੍ਰਭੂ ਯਿਸੂ ਮਸੀਹ ਦੇ ਲਈ ਪ੍ਰਯੋਗ ਕੀਤਾ ਗਿਆ ਸੀ।

PunjabKesari

ਕੈਸਰ ਓਗਸਤਸ ਦੀ ਹੁਕੂਮਤ ’ਚ ਯਹੂਦੀਆ ਦੇ ਬਾਦਸ਼ਾਹ ਹੈਰੋਦੇਸ ਜੋ ਆਪਣੇ ਆਪ ਨੂੰ ਪਰਮੇਸ਼ਵਰ ਕਹਿੰਦਾ ਸੀ, ਆਪਣੀ ਪ੍ਰਜਾ ’ਤੇ ਬਹੁਤ  ਅੱਤਿਆਚਾਰ ਕਰ ਰਿਹਾ ਸੀ। ਉਸ ਸਮੇਂ ਪਰਮੇਸ਼ਵਰ ਨੇ ਉਨ੍ਹਾਂ ਮਜਲੂਮ ਲੋਕਾਂ ਨੂੰ ਹੈਰੋਦੇਸ ਦੇ ਜੁਲਮਾਂ ਤੋਂ ਰਾਹਤ ਦਿਵਾਉਣ, ਪਾਪ ਤੋਂ ਮੁਕਤੀ ਦਾ ਮਾਰਗ ਦਿਖਾਉਣ ਅਤੇ ਸਵਰਗ ਦੇ ਸੂਬੇ ਦੇ ਬਾਰੇ ਜਾਗਰੂਕ ਕਰਵਾਉਣ ਲਈ ਆਪਣੇ ਪਿਆਰੇ ਬੇਟੇ (ਸ਼ਬਦ)ਯਿਸੂ ਮਸੀਹ ਨੂੰ ਇਸ ਸੰਸਾਰ ’ਚ ਭੇਜਿਆ। ਪ੍ਰਭੂ ਯਿਸੂ ਮਸੀਹ ਦੇ ਜਨਮ ਬਾਰੇ ਪਵਿੱਤਰ ਬਾਈਬਲ ’ਚ ਇਸ ਤਰ੍ਹਾਂ ਲਿਖਿਆ ਗਿਆ ਹੈ : 

‘ਯਿਸੂ ਦੀ ਮਾਤਾ ਮਰੀਅਮ ਦੀ ਇਕ ਤਰਖਾਣ ਯੁਸੂਫ ਨਾਲ ਮੰਗਣੀ ਹੋ ਚੁੱਕੀ ਸੀ ਅਤੇ ਉਨ੍ਹਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਪਵਿੱਤਰ ਆਤਮਾ ਨਾਲ ਮਰੀਅਮ ਗਰਭਵਤੀ ਪਾਈ ਗਈ। ਉਨ੍ਹਾਂ ਦਿਨੀਂ ਜਦੋਂ ਮਰੀਅਮ ਗਰਭਵਤੀ ਸੀ ਤਾਂ ਕੈਸਰ ਓਗਸਤਸ ਦੀ ਹੁਕੂਮਤ ਵਲੋਂ ਰਾਏਸ਼ੁਮਾਰੀ ਲਈ ਯਰੂਸ਼ਲਮ ਦੇ ਸ਼ਹਿਰ ਬੈਤਲਹਮ ਜਾ ਕੇ ਆਪਣਾ ਨਾਂ ਲਿਖਵਾਉਣ ਲਈ ਕਿਹਾ ਗਿਆ, ਜਿਸ ਦੇ ਅਧੀਨ ਮਰੀਅਮ ਅਤੇ ਯੁਸੂਫ ਨੂੰ ਉਥੇ ਜਾਣਾ ਪਿਆ। ਉਥੇ ਠਹਿਰਣ ਲਈ ਕੋਈ ਜਗ੍ਹਾ ਨਾ ਮਿਲਣ ’ਤੇ ਉਨ੍ਹਾਂ ਨੂੰ ਤਬੇਲੇ ’ਚ ਠਹਿਰਨਾ ਪਿਆ। ਉਥੇ ਯਿਸੂ ਦਾ ਜਨਮ ਹੋਇਆ। ਜਦੋਂ ਯਿਸੂ ਦਾ ਜਨਮ ਹੋਇਆ ਤਾਂ ਆਸਮਾਨ ’ਤੇ ਇਕ ਰੂਹਾਨੀ ਸਿਤਾਰਾ ਦਿਖਾਈ ਦਿੱਤਾ, ਜਿਸ ਦੀ ਰੌਸ਼ਨੀ ਦੇਖ ਕੇ ਸਾਰਾ ਸੰਸਾਰ ਜਗਮਗਾ ਉੱਠਿਆ।

PunjabKesari

ਇਸ ਰੂਹਾਨੀ ਸਿਤਾਰੇ ਦੀ ਚਕੋਚੌਂਧ ਰੋਸ਼ਨੀ ਨੂੰ ਦੇਖ ਕੇ ਸੰਸਾਰ ਦੀਆਂ ਚਾਰੇ ਦਿਸ਼ਾਵਾਂ ਵਿਚ ਭਵਿੱਖਕਰਤਾਵਾਂ ਨੇ ਆਪਣੇ ਜੋਤਿਸ਼ ਗਿਆਨ ਦੁਆਰਾ ਪਤਾ ਲਗਾਇਆ ਕਿ ਉਹ ਹਸਤੀ ਕਿੱਥੇ ਪੈਦਾ ਹੋ ਸਕਦੀ ਹੈ। ਤਾਂ ਚਾਰੇ ਜੋਤਸ਼ੀ ਆਪਣੇ-ਆਪਣੇ ਦੇਸ਼ ਤੋਂ ਉਸ ਮਹਾਨ ਹਸਤੀ (ਯੀਸ਼ੂ) ਦੀ ਤਲਾਸ਼ ਵਿਚ ਨਿੱਕਲ ਪਏ। ਇਸ ਤਲਾਸ਼ ਵਿਚ ਰੂਹਾਨੀ ਸਿਤਾਰੇ ਨੇ ਉਸ ਦੀ ਸਹਾਇਤਾ ਕੀਤੀ।

ਯਿਸੂ ਮਸੀਹ 33 ਸਾਲਾਂ ਤੱਕ ਇਸ ਦੁਨੀਆ ਵਿਚ ਰਹੇ। ਉਨ੍ਹਾਂ ਨੇ ਆਪਣੇ ਜੀਵਨ ਵਿਚ ਕਈ ਹੈਰਾਨੀਜਨਕ ਕੰਮ ਕੀਤੇ। ਨੇਤਰਹੀਣ ਵਿਅਕਤੀਆਂ ਨੂੰ ਅੱਖਾਂ ਦਿੱਤੀਆਂ, ਮੁਰਦਿਆਂ ਨੂੰ ਜ਼ਿੰਦਾ ਕੀਤਾ, ਬੀਮਾਰਾਂ ਨੂੰ ਠੀਕ ਕੀਤਾ। ਜੇਕਰ ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ ’ਤੇ ਨਜ਼ਰ ਮਾਰੀ ਜਾਵੇ ਤਾਂ ਇਹ ਇੰਨੀ ਸਰਲ ਹੈ ਕਿ ਆਦਮੀ ਉਨ੍ਹਾਂ ਨੂੰ ਗ੍ਰਹਿਣ ਕਰਕੇ ਆਪਣਾ ਜੀਵਨ ਰੂਹਾਨੀ ਬਣਾ ਸਕਦਾ ਹੈ। 

PunjabKesari

ਉਨ੍ਹਾਂ ਨੇ ਆਪਣੇ ਇਨ੍ਹਾਂ ਉਪਦੇਸ਼ਾਂ ਵਿਚ ਇਨਸਾਨ ਨੂੰ ਆਪਣੇ ਆਪ ਨੂੰ ਪਛਾਨਣ ਲਈ ਬਹੁਤ ਸਰਲ ਢੰਗ ਨਾਲ ਕਿਹਾ ਕਿ ਹੇ ਇਨਸਾਨ, ਤੂੰ ਕਿਸੇ ਦੀ ਅੱਖ ਦਾ ਤਿਣਕਾ ਕੱਢਣ ਤੋਂ ਪਹਿਲਾਂ ਆਪਣੀ ਅੱਖ ਦਾ ਤੀਰ ਦੇਖ, ਭਾਵ ਕਿਸੇ ਦੇ ਬਾਰੇ ’ਚ ਟਿੱਪਣੀ ਕਰਨ ਤੋਂ ਪਹਿਲਾਂ ਆਪਣੇ ਚਰਿੱਤਰ ’ਤੇ ਨਜ਼ਰ ਮਾਰ। ਉਨ੍ਹਾਂ ਨੇ ਕਿਸੇ ਨੂੰ ਮੁਆਫ਼ ਕਰ ਦੇਣ ਨੂੰ ਸਭ ਤੋਂ ਵੱਡਾ ਧਰਮ ਕਿਹਾ। ਉਨ੍ਹਾਂ ਨੇ ਹਮੇਸ਼ਾ ਪ੍ਰੇਮ, ਆਪਸੀ ਭਾਈਚਾਰੇ ਤੇ ਏਕਤਾ ਦਾ ਸੰਦੇਸ਼ ਸੰਸਾਰ ਨੂੰ ਦਿੱਤਾ, ਇਸ ਲਈ ਉਨ੍ਹਾਂ ਦ ਜਨਮਉਤਸਵ ਸਾਰੇ ਸੰਸਾਰ ਦੇ ਲੋਕਾਂ ਵਲੋਂ ਬਹੁਤ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।          

ਅਲਬਰਟ ਗਿੱਲ


rajwinder kaur

Content Editor

Related News