ਕੇਂਦਰੀ ਪੁਲਸ ’ਚ ਭਰਤੀ ਹੋਣ ਦੇ ਚਾਹਵਾਨ ਜ਼ਰੂਰ ਪੜ੍ਹੋ ਇਹ ਖ਼ਬਰ, ਇੰਝ ਦੇ ਸਕੋਗੇ ਦਰਖ਼ਾਸਤ

9/18/2020 11:42:12 AM

ਪ੍ਰੋ. ਜਸਵੀਰ ਸਿੰਘ

ਅਸਲ ਵਿਚ ਰੋਜ਼ੀ ਰੋਟੀ ਸਭ ਤੋਂ ਮੂਲ ਤੇ ਵੱਡਾ ਮਸਲਾ ਹੈ। ਜਿਸ ਦੀ ਭਾਲ ਵਿਚ ਮਨੁੱਖ ਵੱਲੋਂ ਭੱਜ ਦੌੜ ਕਰਦਿਆਂ ਪਰਵਾਸ ਤੱਕ ਧਾਰਨ ਕਰ ਲਿਆ ਜਾਂਦਾ ਹੈ। ਪਰ ਬਹੁਤੇ ਨੌਜਵਾਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਡਿਫੈਂਸ ਸਰਵਸਿਜ਼ ਵਿਚ ਬਹੁਤ ਵਧੀਆ ਕਰੀਅਰ ਬਣਾ ਸਕਦੇ ਹਨ। ਅੱਜ ਆਪਾਂ ਕੇਂਦਰੀ (ਸੈਂਟਰ) ਪੁਲਸ, ਜਿਸ ਨੂੰ ਆਮ ਕਰਕੇ ਪੈਰਾ ਮਿਲਟਰੀ ਵਜੋਂ ਵੀ ਜਾਣਿਆਂ ਜਾਂਦਾ ਹੈ, ਵਿਚ ਭਰਤੀ ਹੋਣ ਲਈ ਜ਼ਰੂਰੀ ਨੁਕਤਿਆਂ 'ਤੇ ਵਿਚਾਰ ਕਰਾਂਗੇ।

ਪਿਆਰੇ ਦੋਸਤੋ ! ਆਮ ਤੌਰ 'ਤੇ ਅਸੀਂ ਰਾਜ ਪੱਧਰੀ ਪੁਲਸ ਭਰਤੀ ਤੱਕ ਹੀ ਆਪਣੇ ਆਪ ਨੂੰ ਸੀਮਤ ਰੱਖਦੇ ਹਾਂ। ਪਰ ਅਸੀਂ ਇਸ ਗੱਲੋਂ ਅਣਜਾਣ ਰਹਿ ਜਾਂਦੇ ਹਾਂ ਕਿ ਸੈਂਟਰ ਪੁਲਸ ਵਿਚ ਉਹ ਨੌਜਵਾਨ ਵੀ ਆਪਣਾ ਕਰੀਅਰ ਬਣਾ ਸਕਦੇ ਹਨ ਜੋ ਕੱਦ ਜ਼ਿਆਦਾ ਚੰਗਾ ਨਾ ਹੋਣ ਕਾਰਨ ਜਾਂ 12ਵੀਂ ਵਿਚ ਪ੍ਰਤੀਸ਼ਤ ਚੰਗੀ ਨਾ ਹੋਣ ਕਾਰਨ ਪੰਜਾਬ ਪੁਲਸ ਵਿਚ ਭਰਤੀ ਨਹੀਂ ਹੋ ਸਕਦੇ। ਜਿਸ ਵਿਚ ਹਰ ਸਾਲ ਵੱਡੀ ਪੱਧਰ 'ਤੇ ਭਰਤੀ ਕੀਤੀ ਜਾਂਦੀ ਹੈ। ਹਜ਼ਾਰਾਂ ਨੌਜਵਾਨਾਂ ਲਈ ਰੁਜ਼ਗਾਰ ਪ੍ਰਾਪਤੀ ਦੇ ਰਾਹ ਖੁੱਲ੍ਹਦੇ ਹਨ। ਦਰਅਸਲ ਸੈਂਟਰ ਪੁਲਸ ਜਾਂ ਪੈਰਾ ਮਿਲਟਰੀ ਅਧੀਨ ਬਹੁਤ ਸਾਰੀਆਂ ਪੁਲਸ ਸੈਨਾਵਾਂ/ਫੋਰਸਿਸ ਆ ਜਾਂਦੀਆਂ ਹਨ। ਇਨ੍ਹਾਂ ਵੱਖ-ਵੱਖ ਪੁਲਸ ਫੋਰਸਿਸ ਵਿਚ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਪਹਿਲਾ ਨੁਕਤਾ ਕਿ ਇਹ ਭਰਤੀ ਕੇਂਦਰ ਸਰਕਾਰ ਦੇ ਅਧੀਨ ਹੁੰਦੀ ਹੈ, ਸੋ ਨਿਯਮਾਂਵਲੀ ਉਨ੍ਹਾਂ ਵਲੋਂ ਤਿਆਰ ਹੁੰਦੀ ਹੈ। 

ਪੜ੍ਹੋ ਇਹ ਵੀ ਖਬਰ - ਕੈਨੇਡਾ ਨੇ ਬਹੁ-ਗਿਣਤੀ ਵਿਦਿਆਰਥੀਆਂ ਲਈ ਖੋਲ੍ਹੇ ਬੂਹੇ, ਮਿਲਣ ਲੱਗੀ ਹਰੀ ਝੰਡੀ

ਦੂਜਾ ਨੁਕਤਾ ਕਿ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਆਪਣੀ ਪਸੰਦ ਦੀ ਕੇਂਦਰੀ ਪੁਲਸ ਸੰਬੰਧੀ ਪੂਰੀ ਜਾਣਕਾਰੀ ਜ਼ਰੂਰ ਹੋਵੇ। ਤੀਜਾ ਨੁਕਤਾ ਨੌਜਵਾਨ ਚੰਗਾ ਸਿਹਤਮੰਦ ਅਤੇ ਹੌਸਲੇ ਵਾਲਾ ਹੋਵੇ। ਚੌਥਾ ਨੁਕਤਾ ਕੇਂਦਰ/ਸੈਂਟਰ ਪੁਲਸ ਵਿਚ ਮੁੰਡੇ ਅਤੇ ਕੁੜੀਆਂ ਦੋਹਾਂ ਦੀ ਭਰਤੀ ਕੀਤੀ ਜਾਂਦੀ ਹੈ। 5ਵਾਂ ਨੁਕਤਾ ਕਿ ਭਰਤੀ ਵਿਚ ਸ਼ਾਮਲ ਹੋਣ ਵਾਲਾ ਹਰ ਉਮੀਦਵਾਰ ਸਰੀਰਕ ਯੋਗਤਾ ਜਿਵੇਂ ਦੌੜ, ਕੱਦ ਆਦਿ, ਜ਼ਰੂਰੀ ਦਸਤਾਵੇਜ਼ਾਂ ਅਤੇ ਸੰਬੰਧਿਤ ਲਿਖਤੀ ਇਮਤਿਹਾਨ ਵਿਚੋਂ ਲੰਘਦਾ ਹੈ। ਸੋ, ਸਭ ਤੋਂ ਪਹਿਲਾਂ ਆਪਣਾ ਧਿਆਨ ਇਕਾਗਰ ਕਰਦਿਆਂ ਆਪਣੀਆਂ ਸੰਭਾਵਨਾਵਾਂ ਨੂੰ ਪਛਾਣਦੇ ਹੋਏ, ਕੇਂਦਰੀ/ਸੈਂਟਰ ਪੁਲਸ ਵਿਚ ਸੇਵਾ ਅਤੇ ਰੁਜ਼ਗਾਰ ਲਈ ਹੰਭਲਾ ਮਾਰੋ।

ਇਹ ਸਾਰੀਆਂ ਸੈਂਟਰ ਪੁਲਸ ਫੋਰਸਿਸ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦੀਆਂ ਹਨ ਜਦਕਿ ਭਾਰਤੀ ਥੱਲ ਸੈਨਾ, ਜਲ ਸੈਨਾ ਅਤੇ ਹਵਾਈ ਫੌਜ ਰੱਖਿਆ ਮੰਤਰਾਲੇ ਦੇ ਅਧੀਨ ਆਉਂਦੀਆਂ ਹਨ। ਇਨ੍ਹਾਂ ਸਾਰੀਆਂ ਕੇਂਦਰੀ ਸੈਨਾਵਾਂ ਵਲੋਂ ਦੇਸ਼ ਦੇ ਅੰਦਰ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਨਾਲ ਨਾਲ, ਸਰਹੱਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੁੰਦਾ ਹੈ। ਇਨ੍ਹਾਂ ਸੈਨਾਵਾਂ ਨੂੰ ਦੇਸ ਦੀਆਂ ਬਾਹਰੀ ਹੱਦਾਂ ਨੂੰ ਸੁਰੱਖਿਅਤ ਕਰਨ ਤੋਂ ਇਲਾਵਾ ਚੋਣਾਂ ਨੂੰ ਸ਼ਾਂਤਮਈ ਤੇ ਸੰਜੀਦਗੀ ਨਾਲ ਕਰਵਾਉਣਾ ਲਈ, ਦੇਸ਼ ਵਿਰੋਧੀ ਤਾਕਤਾਂ ਤੋਂ ਸੁਰੱਖਿਆ ਲਈ ਵੀ.ਆਈ.ਪੀ. ਸੁਰੱਖਿਆ ਲਈ ਅਤੇ ਕੁਦਰਤੀ ਕਹਿਰ ਢਹਿਣ 'ਤੇ ਕਾਰਜਸ਼ੀਲ ਹੋਣਾ ਹੁੰਦਾ ਹੈ।

ਪੜ੍ਹੋ ਇਹ ਵੀ ਖਬਰ - ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਕ ਹਫ਼ਤੇ ਲਈ ਖਾਓ ਇਹ ਵਸਤੂਆਂ, ਹੋਣਗੇ ਜ਼ਬਰਦਸਤ ਫ਼ਾਇਦੇ
    
ਸੈਂਟਰ ਪੁਲਸ ਫੋਰਸਿਸ ਆਮ ਕਰਕੇ ਦੋ ਸਾਖ਼ਾਵਾਂ ਅਧੀਨ ਕਾਰਜ ਕਰਦੀਆਂ ਹਨ। ਪਹਿਲੀ ਹੈ ਕੇਂਦਰੀ ਪੈਰਾਮਿਲਟਰੀ ਫੋਰਸ, ਜੋ ਭਰਤੀ ਆਰਮਡ ਫੋਰਸਿਜ਼ ਅਧੀਨ ਕੰਮ ਕਰਦੀ ਹੈ। ਦੂਜੀ ਸੈਂਟਰਲ ਪੁਲਸ ਆਰਗੇਨਾਈਜੇਸ਼ਨਜ਼, ਜੋ ਭਾਰਤੀ ਪੁਲਸ ਫੋਰਸ ਅਤੇ ਫੈਡਰਲ ਏਜੰਸੀਆਂ ਦੇ ਸਹਿਯੋਗ ਨਾਲ ਜਾਂ ਫਿਰ ਸੁਤੰਤਰ ਰੂਪ ਵਿਚ ਕਾਰਜਸ਼ੀਲ ਹੁੰਦੀ ਹੈ।

◆ ਸੈਂਟਰਲ ਪੈਰਾਮਿਲਟਰੀ ਫੋਰਸਿਜ਼ ਅਧੀਨ 
1) ਬੀ.ਐੱਸ.ਐੱਫ਼. (ਬਾਰਡਰ ਸਕਿਓਰਿਟੀ ਫੌਰਸ)
2) ਸੀ.ਆਈ.ਐੱਸ.ਐੱਫ਼. (ਸੈਂਟਰਲ ਇੰਡਸਟਰੀਅਲ ਸਕਿਓਰਿਟੀ ਫੋਰਸ)
3) ਆਈ.ਟੀ.ਬੀ.ਪੀ. (ਇੰਡੋ-ਤਿੱਬਤੀਅਨ ਬਾਰਡਰ ਪੁਲਿਸ)
4) ਐੱਨ.ਸੀ.ਜੀ. (ਨੈਸ਼ਨਲ ਸਕਿਓਰਿਟੀ ਗਾਰਡ)
5) ਐੱਸ.ਐੱਸ.ਬੀ. (ਸਾਸ਼ਤਰ ਸੀਮਾ ਬੱਲ)
6) ਏ.ਆਰ. (ਅਸਮ ਰਾਈਫ਼ਲ)
7) ਆਰ.ਆਰ. (ਰਾਸ਼ਟਰੀਆ ਰਾਈਫ਼ਲ)
8) ਐੱਸ.ਐੱਫ਼.ਐੱਫ਼. (ਦ' ਸਪੈਸ਼ਲ ਫਰੰਟੀਅਰ ਫੋਰਸ)
9) ਡੀ.ਐੱਸ.ਸੀ. (ਡਿਫੈਂਸ ਸਕਿਓਰਿਟੀ ਕਰੋਪਸ)

ਪੜ੍ਹੋ ਇਹ ਵੀ ਖਬਰ - ਜ਼ੁਕਾਮ ਹੋਣ ’ਤੇ ਕੀ ਤੁਹਾਨੂੰ ਵੀ ਲੱਗਦਾ ਹੈ ਕੋਰੋਨਾ ਹੋਣ ਦਾ ਡਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

◆ ਸੈਂਟਰਲ ਪੁਲਸ ਆਰਗੇਨਾਈਜੇਸ਼ਨਜ਼ ਅਧੀਨ

1) ਰੇਲਵੇ ਸੁਰੱਖਿਆ ਫੋਰਸ 
2) ਸੂਬਾਈ ਆਰਮਡ ਕੰਸਲਟੈਂਸੀ
3) ਸਿਵਲ ਡਿਫੈਂਸ
4) ਇੰਡੀਆ ਹੋਮ ਗਾਰਡ
5) ਕੇਂਦਰੀ ਰਿਜ਼ਰਵ ਪੁਲਿਸ ਫੋਰਸ
6) ਵਿਸ਼ੇਸ਼ (ਸਪੈਸ਼ਲ) ਸੁਰੱਖਿਆ ਸਮੂਹ
7) ਸਪੈਸ਼ਲ ਫਰੰਟੀਅਰ ਫੋਰਸ
8) ਕਮਾਡੋ ਬਟਾਲੀਅਨ ਫਾੱਰ ਰੈਜ਼ੋਲ ਐਕਸ਼ਨ (ਕੋਬਰਾ)

ਪੜ੍ਹੋ ਇਹ ਵੀ ਖਬਰ - ਬਿਨ੍ਹਾਂ ਭਾਰ ਚੁੱਕੇ ਹੁਣ ਘਟੇਗੀ ਤੁਹਾਡੇ ‘ਸਰੀਰ ਦੀ ਚਰਬੀ’, ਜਾਨਣ ਲਈ ਪੜ੍ਹੋ ਇਹ ਖ਼ਬਰ

● ਸਰਹੱਦ ਸੁਰੱਖਿਆ ਫੋਰਸ (ਬਾਰਡਰ ਸਕਿਓਰਿਟੀ ਫੋਰਸ) :

ਬੀ.ਐੱਸ.ਐੱਫ਼. ਭਾਰਤ ਦੀ ਬਾਰਡਰ ਗਾਰਡਿੰਗ ਫੋਰਸ ਹੈ। ਜੋਕਿ ਇਕ ਦਸੰਬਰ,1965 ਵਿਚ ਹੋਂਦ ਅਖਤਿਆਰ ਕਰਦੀ ਹੈ। ਜਿਸ ਦਾ ਮੁੱਖ ਦਫ਼ਤਰ ਨਵੀਂ ਦਿੱਲੀ ਵਿਖੇ ਹੈ। ਬੀ.ਐੱਸ.ਐੱਫ਼. ਭਾਰਤ-ਪਾਕਿ ਅਤੇ ਇੰਡੋ-ਬੰਗਲਾ ਸਰਹੱਦਾਂ ਦੀ ਰਾਖੀ ਕਰਦੀ ਹੈ। ਇਸ ਅਧੀਨ ਬਹੁਤ ਸਾਰੇ ਅਹੁੱਦੇ ਆ ਜਾਂਦੇ ਹਨ, ਜਿਵੇਂ : ਜਨਰਲ ਡਿਊਟੀ ਕੇਡਰ (ਸਬ-ਇੰਸਪੈਕਟਰ ਅਤੇ ਕਾਂਸਟੇਬਲ), ਹੈੱਡ ਕਾਂਸਟੇਬਲ, ਸਹਾਇਕ ਕਮਾਂਡੈਂਟ, ਸਹਾਇਕ-ਸਬ-ਇੰਸਪੈਕਟਰ ਅਤੇ ਸੰਚਾਰ ਸਥਾਪਤ ਕਰਤਾ ਕਾਂਸਟੇਬਲ ਆਦਿ।

ਬੀ.ਐੱਸ.ਐੱਫ਼. ’ਚ ਭਰਤੀ ਲਈ ਉਮੀਦਵਾਰਾਂ ਨੂੰ ਅਪਲਾਈ ਕਰਨ ਉਪਰੰਤ ਲਿਖਤੀਇਮਤਿਹਾਨ, ਮੈਡੀਕਲ ਚੈੱਕਅਪ, ਸਰੀਰਕ ਯੋਗਤਾ ਟੈਸਟ, ਜੀ.ਡੀ. ਵਿਚੋਂ ਲੰਘਣਾ ਲਾਜ਼ਮੀ ਹੁੰਦਾ ਹੈ। ਇਸੇ ਅਧੀਨ ਹੀ ਤਕਨੀਕੀ ਮਾਹਿਰਾਂ ਦੀ ਭਰਤੀ ਲਈ ਵੀ ਯੋਗ ਉਮੀਦਵਾਰ ਆਪਣੀ ਭੂਮਿਕਾ ਅਦਾ ਕਰਦੇ ਹਨ। ਇੱਥੇ ਜ਼ਿਕਰਯੋਗ ਹੈ ਕਿ ਟ੍ਰੇਡਸਮੈਨਾਂ ਦੀ ਭਰਤੀ ਲਈ ਟ੍ਰੇਡ ਟੈਸਟ ਰੱਖਿਆ ਜਾਂਦਾ ਹੈ, ਜੋ ਡਾਕਟਰ ਲਈ ਮੈਡੀਕਲ ਸਾਖ਼ਾ ਅਨੁਸਾਰ ਜਾਂ ਫਿਰ ਧੋਬੀ, ਮਾਲੀ, ਇਲੈਕਟ੍ਰੀਸ਼ਅਨ, ਵੈਲਡਰ, ਕਾਰਪੇਂਟਰ, ਫਿਟਰ, ਕੁੱਕ ਅਤੇ ਸਹਾਇਕ ਕਰਮਚਾਰੀ ਆਦਿ ਟ੍ਰੇਡਸ ਲਈ ਉਕਤ ਉਮੀਦਵਾਰ ਕੋਲ ਸੰਬੰਧਿਤ ਭਰਤੀ ਅਨੁਸਾਰ ਕਿਸੇ ਮਾਨਤਾ ਪ੍ਰਾਪਤ ਸੰਸਥਾ ਵਿਚ ਕੰਮ ਕਰਨ ਦਾ ਅਨੁਭਵ (ਤਜ਼ਰਬਾ) ਸਰਟੀਫਿਕੇਟ ਹੋਣਾ ਚਾਹੀਦਾ ਹੈ। ਇਸੇ ਨਾਲ ਆਪਣੀ ਸੰਬੰਧਿਤ ਫੀਲਡ ਸੰਬੰਧੀ 2 ਸਾਲਾ ਜਾਂ 3 ਸਾਲਾ ਕੋਰਸ ਕੀਤਾ ਹੋਣ ਦੀ ਸ਼ਰਤ ਵੀ ਰੱਖੀ ਜਾ ਸਕਦੀ ਹੈ।

ਪੜ੍ਹੋ ਇਹ ਵੀ ਖਬਰ - ਜੰਮੂ ਦੀ ਅਧਿਆਪਕਾ ਨੇ ਕੀਤਾ ਕਮਾਲ, ਕਬਾੜ ਤੋਂ ਬਣਾ ਦਿਖਾਇਆ ਸੋਹਣਾ ''ਬਗੀਚਾ'' (ਤਸਵੀਰਾਂ)

ਬੀ.ਐੱਸ.ਐੱਫ਼. ਮੌਜੂਦਾ ਸਮੇਂ ਵਿਸ਼ਵ ਦੀ ਸਭ ਤੋਂ ਵੱਡੀ ਬਾਰਡਰ ਸਕਿਓਰਿਟੀ ਫੋਰਸ ਵਜੋਂ ਜਾਣੀਂ ਜਾਂਦੀ ਹੈ। ਜਿਸ ਵਿਚ ਭਰਤੀ ਹੋਣ ਦੇ ਚਾਹਵਾਨ/ਉਮੀਦਵਾਰ ਸਿਖਲਾਈ ਪ੍ਰਾਪਤ ਕਰਨ ਉਪਰੰਤ ਪੋਸਟਿੰਗ ਮਗਰੋਂ, ਜਿੱਥੇ ਦੇਸ਼ ਸੇਵਾ ਕਰਨ ਦਾ ਸਕੂਨ ਮਿਲਦਾ ਹੈ, ਉਸ ਦੇ ਨਾਲ ਹੀ ਪ੍ਰਤਿ ਮਹੀਨਾ ਕੇਂਦਰ ਸਰਕਾਰ ਅਧੀਨ 25,000/- ਅਤੇ ਹੋਰ ਭੱਤੇ ਮਿਹਨਤਾਨਾ ਮਿਲਦਾ ਹੈ। ਤੁਸੀਂ ਵਧੇਰੇ ਜਾਣਕਾਰੀ ਅਤੇ ਨਵੇਂ ਅਪਡੇਟ ਜਾਨਣ ਲਈ bsf.nic.in (ਬੀ.ਐੱਸ.ਐੱਫ਼ ਦੀ ਵੈਬਸਾਈਟ) 'ਤੇ ਲਾਗਿਨ ਕਰ ਸਕਦੇ ਹੋ।

● ਕੇਂਦਰੀ ਰਿਜ਼ਰਵ ਪੁਲਸ ਫੋਰਸ

(ਸੀ.ਆਰ.ਪੀ.ਐੱਫ਼.), ਜੋ 'ਰਾਸ਼ਟਰ ਦੀ ਸ਼ਾਂਤੀ ਰੱਖਿਅਕ' ਫੋਰਸ ਵਜੋਂ ਜਾਣੀ ਜਾਂਦੀ ਹੈ। ਇਸ ਦੀ ਸਥਾਪਨਾ 27 ਜੁਲਾਈ, 1939 ਵਿਚ ਹੋਈ ਅਤੇ ਮੁੱਖ ਦਫ਼ਤਰ ਨਵੀਂ ਦਿੱਲੀ ਵਿਖੇ ਹੈ। ਸੀ.ਆਰ.ਪੀ.ਐੱਫ਼. ਵਿਚ ਕਈ ਪੱਧਰਾਂ 'ਤੇ ਭਰਤੀ ਕੀਤੀ ਜਾਂਦੀ ਹੈ। ਇਸ ਵਿਚ ਸਹਾਇਕ ਕਮਾਂਡੈਂਟਾਂ ਦੀ ਭਰਤੀ ਲਈ ਨਿਯਮਤ ਰੂਪ ਵਿਚ ਟੈਸਟ ਲਿਆ ਜਾਂਦਾ ਹੈ। ਫਿਰ ਸਰੀਰਕ ਜਾਂਚ ਟੈਸਟ (ਪੀ.ਈ.ਟੀ.) ਹੁੰਦਾ ਹੈ। ਦੱਸਣਯੋਗ ਹੈ ਕਿ ਆਈ.ਜੀ., ਡੀ.ਆਈ.ਜੀ. ਅਤੇ ਕਮਾਂਡੈਂਟਾਂ ਜਿਹੇ ਵੱਡੇ/ਸੀਨੀਅਰ ਅਹੁੱਦੇ ਤਰੱਕੀਆਂ ਰਾਹੀਂ ਮਿਲਦੇ ਹਨ। ਇਸੇ ਨਾਲ ਹੀ ਸੀ.ਆਰ.ਪੀ.ਐੱਫ਼. ਵਿਚ ਸੀ.ਟੀ.(ਟੈਕ./ਟ੍ਰੇਡਸਮੈਨ), ਸਪੈਸ਼ਲਿਸਟ ਡਾਕਟਰ ਅਤੇ ਜਨਰਲ ਡਿਊਟੀ ਮੈਡੀਕਲ ਅਫ਼ਸਰ, ਪੈਰਾ ਮੈਡੀਕਲ ਸਟਾਫ਼, ਐੱਚ.ਸੀ./ਐੱਮ.ਆਈ.ਸੀ., ਸਹਾਇਕ ਸਟੈਨੋਗ੍ਰਾਫ਼ਰ ਅਤੇ ਕਾਂਸਟੇਬਲ ਆਦਿ ਅਹੁੱਦੇ ਆਉਂਦੇ ਹਨ। ਤੁਸੀਂ ਅਪਡੇਟ ਜਾਨਣ ਲਈ crpf.gov.in ਭਾਵ ਸੀ.ਆਰ.ਪੀ.ਐੱਫ਼. ਦੀ ਵੈਬਸਾਈਟ 'ਤੇ ਲਾਗਿਨ ਕਰ ਸਕਦੇ ਹੋ।

ਕੀ ਨਿੰਬੂ ਤੇ ਸ਼ਹਿਦ ਦੀ ਵਰਤੋਂ ਕਰਨ ਨਾਲ ਸੱਚਮੁੱਚ ਘਟਦਾ ਹੈ ਭਾਰ ਜਾਂ ਨਹੀਂ, ਪੜ੍ਹੋ ਇਹ ਖ਼ਬਰ

● ਅਸਮ ਰਾਈਫਲਜ਼ :
ਇਸ ਅਧੀਨ ਤੁਸੀਂ ਸਿਪਾਹੀ, ਸਪੈਸ਼ਲ ਡਾਕਟਰ, ਜੀ.ਡੀ.ਐੱਮ.ਓ.ਐੱਸ., ਡਾਇਰੈਕਟੋਰੇਟ ਟੈਕ ਟ੍ਰੇਡ, ਰਾਈਫ਼ਲ ਮੈਨ ਅਤੇ ਵੈਟਰਨਰੀ ਡਾਕਟਰ ਆਦਿ ਆਹੁਦਿਆਂ ਲਈ ਆਪਣਾ ਖੇਤਰ ਚੁਣ ਸਕਦੇ ਹੋ। ਅਸਮ ਰਾਈਫਲਜ਼ ਵਿਚ ਸਮੇਂ ਸਮੇਂ ਭਰਤੀ ਅਨੁਸਾਰ ਨਿਯਮ ਲਾਗੂ ਹੁੰਦੇ ਹਨ, ਜਿਨ੍ਹਾਂ ਬਾਰੇ ਅਪਡੇਟ ਪ੍ਰਾਪਤ ਕਰਨ ਲਈ www.assamrifles.gov.in (ਵੈਬਸਾਈਟ) ਨੂੰ ਵਾਚਿਆ ਜਾ ਸਕਦਾ ਹੈ।

● ਐੱਸ.ਐੱਸ.ਬੀ. ਭਾਵ ਸਸ਼ਤਰਾ ਸੀਮਾ ਬੱਲ ਵਲੋਂ ਇੰਡੋ-ਨੇਪਾਲ ਅਤੇ ਇੰਡੋ-ਭੂਟਾਨ ਸਰਹੱਦਾਂ ਦੀ ਸੁਰੱਖਿਆ ਹਿੱਤ ਕਾਰਜ ਕੀਤਾ ਜਾਂਦਾ ਹੈ। ਐੱਸ.ਐੱਸ.ਬੀ. ਅਧੀਨ ਉਕਤ ਉਮੀਦਵਾਰ ਕਾਂਸਟੇਬਲ, ਸਹਾਇਕ ਸਬ-ਇੰਸਪੈਕਟਰ, ਵਧੀਕ ਜੱਜ ਅਤੇ ਅਟਾਰਨੀ ਜਨਰਲ ਆਦਿ ਅਹੁੱਦਿਆਂ ਲਈ  ਅਪਲਾਈ ਕਰ ਸਕਦਾ ਹੈ। ਇਸ ਸੰਬੰਧੀ ਨਵੇਂ ਅਪਡੇਟ ਜਾਨਣ ਲਈ ਵੈਬਸਾਈਟ www.ssb.nic.in 'ਤੇ ਲਾਗਿਨ ਕੀਤਾ ਜਾ ਸਕਦਾ ਹੈ।

● ਆਈ.ਟੀ.ਬੀ.ਪੀ. ਭਾਵ ਇੰਡੋ-ਤਿੱਬਤੀ ਬਾਰਡਰ ਪੁਲਸ ਮੁੱਖ ਤੌਰ 'ਤੇ ਭਾਰਤ-ਚੀਨ ਸਰਹੱਦ ਦੀ ਰਾਖੀ ਕਰਦੀ ਹੈ। ਇਸ ਵਲੋਂ ਪਹਾੜੀ ਇਲਾਕਿਆਂ ਵਿਚ ਮਾਹਰ ਮਾਊਂਟੇਨੀਅਰ ਫੋਰਸ ਅਤੇ ਸਕਾਇਰਾਂ ਨਾਲ  ਸੰਬੰਧਿਤ ਵਿਸ਼ੇਸ਼ ਪਹਾੜੀ ਫੋਰਸ ਹੈ। ਜੋ ਹਿਮਾਲਿਆ ਵਿਚ ਕੁਦਰਤੀ ਆਫ਼ਤਾਂ ਸਮੇਂ ਬਚਾਅ ਹਿੱਤ ਅਤੇ ਰਾਹਤ ਕਾਰਜਾਂ ਲਈ ਆਪਣੀ ਭੂਮਿਕਾ ਨਿਭਾਉਂਦੀ ਹੈ। ਇਸ ਅਧੀਨ ਚਾਰ ਪੱਧਰ/ਲੈਵਲ 'ਤੇ ਨੌਜਵਾਨਾਂ ਦੀ ਭਰਤੀ ਕੀਤੀ ਜਾਂਦੀ ਹੈ। ਜਿਸ ਵਿਚ 1) ਸਹਾਇਕ ਕਮਾਂਡੈਂਟ (ਯੂ.ਪੀ.ਐੱਸ.ਸੀ. ਦੇ ਇਮਤਿਹਾਨ), 2) ਸਬ-ਇੰਸਪੈਕਟਰ (ਯੂ.ਪੀ.ਐੱਸ.ਸੀ. ਇਮਤਿਹਾਨ ਰਾਹੀਂ), 3) ਹੈੱਡ ਕਾਂਸਟੇਬਲ ਅਤੇ 4) ਕਾਂਸਟੇਬਲ/,ਸਿਪਾਹੀ (ਭਰਤੀ ਰੈਲੀਆਂ ਰਾਹੀਂ)।

ਸਰੀਰ ‘ਚ ਹੋਣ ਇਹ ਪਰੇਸ਼ਾਨੀਆਂ ਤਾਂ ਭੁੱਲ ਕੇ ਨਾ ਖਾਓ ਬਦਾਮ, ਹੋ ਸਕਦੈ ਨੁਕਸਾਨ

ਜ਼ਿਕਰਯੋਗ ਹੈ ਕਿ ਵੱਖ-ਵੱਖ ਟ੍ਰੇਡਸਮੈਨਾਂ ਦੀ ਭਰਤੀ ਲਈ ਅਤੇ ਇਸ ਤੋਂ ਇਲਾਵਾ ਸਰਜਰੀ, ਦਵਾਈਆਂ ਅਤੇ ਆਰਥੋਪੀਡਿਕਸ ਆਦਿ ਅਹੁੱਦਿਆਂ ਲਈ ਅਪਲਾਈ ਕੀਤਾ ਜਾ ਸਕਦਾ ਹੈ। ਜਿਸ ਵਿਚ ਹਜ਼ਾਰਾਂ ਦੀ ਤਦਾਦ ਵਿਚ ਨੌਕਰੀ ਲਈ ਮੌਕੇ ਮਿਲਦੇ ਹਨ। ਜਿਵੇਂ ਮੈਡੀਕਲ ਅਧਿਕਾਰੀ, ਮਾਹਰ ਡਾਕਟਰ ਆਦਿ। ਇਸੇ ਤਰ੍ਹਾਂ ਰੇਡੀਓ-ਲੌਜੀ, ਗਾਇਨੀਕੋਲੌਜੀ, ਬਾਲ ਰੋਗ ਵਿਗਿਆਨ, ਅੱਖਾਂ ਦੇ ਰੋਗ ਵਿਗਿਆਨ, ਸਾਹ ਸੰਬੰਧੀ ਮੁਸ਼ਕਲਾਂ ਦੇ ਵਿਗਿਆਨ ਅਤੇ ਮਨੋਵਿਗਿਆਨ ਆਦਿ ਖੇਤਰਾਂ ਵਿਚ ਆਪਣੀ ਭੂਮਿਕਾ ਨਿਭਾਈ ਜਾ ਸਕਦੀ ਹੈ। ਆਈ.ਟੀ.ਬੀ.ਪੀ. ਵਿਚ ਭਰਤੀਆਂ ਅਤੇ ਨਵੇਂ ਅਪਡੇਟ ਜਾਨਣ ਲਈ ਵੈਬਸਾਈਟ www.itbpolice.nic.in 'ਤੇ ਲਾਗਿਨ ਕਰ ਸਕਦੇ ਹੋ।

ਪਿਆਰੇ ਪਾਠਕੋ ! ਜੇਕਰ ਆਪਾਂ ਹੁਣ ਤੱਕ ਹੋਈ ਭਰਤੀ ਅਨੁਸਾਰ ਵਿਚਾਰ ਕਰੀਏ ਤਾਂ ਗ਼ੈਰ ਗਜ਼ਟਿਡ ਵੱਖ ਵੱਖ ਅਹੁਦਿਆਂ ਲਈ 10ਵੀਂ ਪਾਸ ਅਤੇ 12ਵੀਂ ਪਾਸ ਉਮੀਦਵਾਰ (ਭਾਵ ਗ਼ੈਰ ਗ੍ਰੈਜੂਏਟ) ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਦੀ ਚੋਣ ਲਈ ਵੱਖਰਾ ਟੈਸਟ ਲਿਆ ਜਾਂਦਾ ਹੈ। ਜਦਕਿ ਗਜ਼ਟਿਡ ਅਹੁੱਦਿਆਂ ਲਈ ਕਿਸੇ ਸਟ੍ਰੀਮ ਵਿਚ ਗ੍ਰੈਜੂਏਟ ਅਪਲਾਈ ਕਰ ਸਕਦੇ ਹਨ। ਆਮ ਕਰਕੇ ਸੈਂਟਰ ਪੁਲਸ ਫੋਰਸ ਦੇ ਵੱਖ-ਵੱਖ ਖੇਤਰਾਂ ਵਲੋਂ ਆਪਣੀ ਵੱਖੋ-ਵੱਖਰੀ ਭਰਤੀ ਕੀਤੀ ਜਾਂਦੀ ਹੈ। 
      
ਵੈਸੇ ਤਾਂ ਸੈਂਟਰ ਪੁਲਸ ਦੀ ਹਰ ਨਵੀਂ ਭਰਤੀ ਨਾਲ ਨਿਯਮ ਨੱਥੀ ਕੀਤੇ ਜਾਂਦੇ ਹਨ ਪਰ ਜੇਕਰ ਪੁਰਾਣੇ ਨਿਯਮਾਂ ਨੂੰ ਧਿਆਨ ਵਿਚ ਰੱਖੀਏ ਤਾਂ ਜਦੋਂ ਇਨ੍ਹਾਂ ਸਾਰੀਆਂ ਸੈਂਟਰ ਪੁਲਸ ਫੋਰਸਿਜ਼ ਦੀ ਜੌਇੰਟ ਭਰਤੀ ਨਿਕਲੀ ਸੀ ਜਿਸ ਵਿਚ ਉਕਤ ਨਿਯਮ ਇਹ ਸਨ :- ਜਿਸ ਵਿਚ ਮੁੰਡਿਆਂ ਨੇ ਪੰਜ ਕਿਲੋਮੀਟਰ ਦੌੜ ਨੂੰ 24 ਮਿੰਟ ਵਿਚ ਪੂਰਿਆ ਕਰਨਾ ਸੀ। ਜਦਕਿ ਕੁੜੀਆਂ ਲਈ 1600 ਮੀਟਰ ਦੌੜ ਅੱਠ ਮਿੰਟ ਵਿਚ ਪੂਰੀ ਕਰਨ ਦਾ ਨਿਯਮ ਲਾਗੂ ਕੀਤਾ ਗਿਆ ਸੀ। ਇੱਥੇ ਦੱਸਣਾ ਚਾਹਾਂਗਾ ਕਿ ਸੈਂਟਰ ਪੁਲਸ ਵਿਚ ਕੱਦ ਘੱਟੋ ਘੱਟ 5.7 ਫੁੱਟ ਮੁੰਡਿਆਂ ਲਈ ਅਤੇ ਘੱਟੋ ਘੱਟ 5.3 ਫੁੱਟ ਕੁੜੀਆਂ ਲਈ (ਟ੍ਰੇਡਸਮੈਨਾਂ ਨੂੰ ਛੱਡਕੇ) ਨੂੰ ਮੁੱਖ ਰੱਖ ਕੇ ਭਰਤੀ ਕੀਤੀ ਜਾਂਦੀ ਹੈ। ਗ਼ੌਰਤਲਬ ਹੈ ਬਹੁਤੀ ਵਾਰ ਸਾਡੇ ਨੌਜਵਾਨ ਪੰਜਾਬ ਪੁਲਸ 'ਤੇ ਨਿਗ੍ਹਾ ਰੱਖਦੇ ਹਨ ਜਿਹੜੀ ਬਹੁਤ ਲੰਮੇ ਅੰਤਰਾਲ ਬਾਅਦ ਆਉਂਦੀ ਹੈ। ਦੂਜੀ ਗੱਲ ਕਿ ਪੰਜਾਬ ਪੁਲਸ ਵਿਚ ਕੱਦ ਅਤੇ ਪ੍ਰਤੀਸ਼ਤ ਦੇ ਨੰਬਰ ਹੁੰਦੇ ਹਨ ਅਤੇ ਇੰਚ ਤੇ ਪ੍ਰਤੀਸ਼ਤ ਵਾਧੇ ਅਨੁਸਾਰ ਨੰਬਰਾਂ ਦਾ ਫਾਇਦਾ ਉਮੀਦਵਾਰ ਨੂੰ ਹੁੰਦਾ ਹੈ। ਜਦਕਿ ਸੈਂਟਰ ਪੁਲਸ ਵਿਚ ਅਜਿਹਾ ਕੋਈ ਨਿਯਮ ਲਾਗੂ ਨਹੀਂ ਹੁੰਦਾ। ਇਸ ਵਿਚ ਕੇਵਲ ਦਸਵੀਂ ਜਾਂ ਬਾਰ੍ਹਵੀਂ ਪਾਸ ਹੋਣਾਂ ਜ਼ਰੂਰੀ ਹੈ। ਅਗਲਾ ਨੁਕਤੇ ਹੈ ਕਿ ਪੰਜਾਬ ਪੁਲਿਸ ਭਰਤੀ ਜਾਂ ਫੌਜ ਭਰਤੀ ਸਮੇਂ ਜਿਹੜੇ ਨੌਜਵਾਨ ਤੇਜ਼ ਨਹੀਂ ਦੌੜ ਸਕਦੇ, ਪਰ ਉਨ੍ਹਾਂ ਦਾ ਸਟੈਮਿਨਾ ਚੰਗਾ ਹੈ ਉਹ ਨੌਜਵਾਨ ਸੈਂਟਰ ਪੁਲਸ ਵਿਚ ਭਰਤੀ ਸੰਬੰਧੀ ਸੋਚ ਸਕਦੇ ਹਨ। ਇਸੇ ਤਰ੍ਹਾਂ ਹੋਰ ਸਰੀਰਕ ਮਾਪਦੰਡ ਸਮੇਂ ਸਮੇਂ ਨਿਰਧਾਰਤ ਕੀਤੇ ਗਏ ਫਿਜ਼ੀਕਲ ਸਟੈਂਡਰਡਜ਼ ਅਨੁਸਾਰ ਲਾਗੂ ਹੁੰਦੇ ਹਨ।ਇਸ ਮਗਰੋਂ ਲਿਖਤੀ ਟੈਸਟ ਲਿਆ ਜਾਂਦਾ ਹੈ। ਜੋ ਆਮ ਕਰਕੇ ਰੀਜ਼ਨਿੰਗ, ਆਮ ਜਾਣਕਾਰੀ (ਜੀ.ਕੇ.), ਕਰੰਟ ਅਫ਼ੇਅਰ ਆਦਿ ਨੂੰ ਆਧਾਰ ਬਣਾਕੇ ਹੁੰਦਾ ਹੈ। ਜਿਸ ਦੀ ਤਿਆਰੀ ਆਮ ਤੌਰ 'ਤੇ ਐੱਨ.ਸੀ.ਈ. ਆਰ.ਟੀ. ਦੀਆਂ ਕਿਤਾਬਾਂ ਪੜ੍ਹਕੇ ਕੀਤੀ ਜਾ ਸਕਦੀ ਹੈ। ਉਸ ਮਗਰੋਂ ਸਖ਼ਤ ਮੈਡੀਕਲ ਚੈੱਕ ਕੀਤਾ ਜਾਂਦਾ ਹੈ। 

ਇੱਥੇ ਇਹ ਵੀ ਵਿਚਾਰਨ ਯੋਗ ਹੈ ਕਿ ਇਨ੍ਹਾਂ ਭਰਤੀ ਦੇ ਐਪਲੀਕੇਸ਼ਨ ਫਾਰਮ ਭਰਨ ਲਈ ਕੁੜੀਆਂ ਅਤੇ ਐੱਸ.ਸੀ. ਤੋਂ ਕੋਈ ਫੀਸ ਨਹੀਂ ਲਈ ਜਾਂਦੀ, ਜਦਕਿ ਜਨਰਲ ਅਤੇ ਬੀ.ਸੀ. ਲਈ ਨਾ-ਮਾਤਰ 100/- ਫੀਸ ਰੱਖੀ ਜਾਂਦੀ ਹੈ। ਸੈਂਟਰ ਪੁਲਸ ਫੋਰਸਿਜ਼ ਵਿਚ ਭਰਤੀ ਲਈ ਉਮਰ ਹੱਦ ਆਮ ਤੌਰ 'ਤੇ 18 ਤੋਂ 25 ਸਾਲ ਤੱਕ ਜਨਰਲ, 18 ਤੋਂ 28 ਸਾਲ ਤੱਕ ਬੀ.ਸੀ. ਅਤੇ 18 ਤੋਂ 30 ਸਾਲ ਤੱਕ ਐੱਸ.ਸੀ. ਕੈਟਾਗਿਰੀ ਵਾਲੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਇਸ ਉਪਰੰਤ ਜ਼ਰੂਰੀ ਡਾਕੂਮੈਂਟਸ ਨਾਲ ਨੱਥੀ ਹੋਣੇ ਜ਼ਰੂਰੀ ਹਨ : 

1) 10ਵੀਂ ਜਮਾਤ ਦੀ ਮਾਰਕਸ਼ੀਟ
2) 12ਵੀਂ ਜਮਾਤ ਦੀ ਮਾਰਕਸ਼ੀਟ
3) ਚਰਿੱਤਰ/ਕਰੈਕਟਰ ਸਰਟੀਫਿਕੇਟ ( ਵਿਦਿਅਕ ਸੰਸਥਾ ਵਲੋਂ)
4) ਚਰਿੱਤਰ/ਕਰੈਕਟਰ ਸਰਟੀਫਿਕੇਟ (ਸਰਪੰਚ ਜਾਂ ਐੱਮ.ਸੀ. ਤੋਂ)
5) ਨੋ-ਕਲੇਮ ਸਰਟੀਫਿਕੇਟ
6) ਕੁਆਰੇ ਹੋਣ ਦਾ ਅਨਮੈਰਿਡ ਸਰਟੀਫਿਕੇਟ
7) ਜਾਤੀ / ਕਾਸਟ ਸਰਟੀਫਿਕੇਟ
8) ਆਧਾਰ ਕਾਰਡ
9) ਐਂਟਰੀ ਫਾਰਮ / ਐਪਲੀਕੇਸ਼ਨ ਫਾਰਮ ਦਾ ਪ੍ਰਿੰਟ
10) ਉਮੀਦਵਾਰ ਦੀਆਂ ਫੋਟੋਆਂ।

ਅੰਤ ਵਿਚ ਉਮੀਦਵਾਰ ਦੇਸ਼ ਸੰਬੰਧੀ ਪਿਆਰ ਦੇ ਜਜ਼ਬੇ ਨੂੰ ਮੁੱਖ ਰੱਖਦਿਆਂ ਆਪਣੀਆਂ ਸੇਵਾਵਾਂ ਦੇ ਸਕਦਾ ਹੈ। ਉਸ ਨੂੰ ਚੰਗਾ ਮਿਹਨਤਾਨਾ ਵੀ ਦਿੱਤਾ ਜਾਂਦਾ ਹੈ। ਉਹ ਆਪਣੇ ਦੇਸ਼ ਵਿਚ ਆਪਣੀ ਯੋਗਤਾ ਅਨੁਸਾਰ ਆਪਣੀ ਭੂਮਿਕਾ ਨਿਭਾਅ ਸਕਦਾ ਹੈ। ਆਖ਼ਰ ਵਿਚ ਉਮੀਦਵਾਰਾਂ ਨੂੰ ਸੂਚਿਤ ਕਰਨਾ ਬਣਦਾ ਹੈ ਕਿ ਸਮੇਂ ਅਤੇ ਹਾਲਤਾਂ ਅਨੁਸਾਰ ਨਿਯਮਾਂ ਵਿਚ ਤਬਦੀਲੀ ਹੁੰਦੀ ਰਹੀ ਹੈ ਅਤੇ ਅੱਗੇ ਹੁੰਦੀ ਰਹੇਗੀ ਸੋ ਤੁਸੀਂ ਸੈਂਟਰ ਪੁਲਸ ਦੀਆਂ ਵੱਖ-ਵੱਖ ਫੋਰਸਿਜ਼ ਦੀਆਂ ਵੈਬਸਾਈਟਾਂ ਤੋਂ ਅਪਡੇਟ ਜ਼ਰੂਰ ਵੇਖਦੇ ਰਹੋ।


rajwinder kaur

Content Editor rajwinder kaur