ਜਨਮ ਦਿਹਾੜੇ ’ਤੇ ਵਿਸ਼ੇਸ਼ : ਪ੍ਰਭੂ ਸਿਮਰਨ ਨਾਲ ਜੋੜਦੀ ਹੈ ‘ਭਗਤ ਧੰਨਾ ਜੀ’ ਦੀ ਬਾਣੀ

Tuesday, Apr 20, 2021 - 04:04 PM (IST)

ਜਨਮ ਦਿਹਾੜੇ ’ਤੇ ਵਿਸ਼ੇਸ਼ : ਪ੍ਰਭੂ ਸਿਮਰਨ ਨਾਲ ਜੋੜਦੀ ਹੈ ‘ਭਗਤ ਧੰਨਾ ਜੀ’ ਦੀ ਬਾਣੀ

ਮੁਗਲ ਕਾਲ ਦੌਰਾਨ ਭਾਰਤ ਵਿਚ ਇਸਲਾਮ ਧਰਮ ਬਹੁਤ ਤੇਜ਼ੀ ਨਾਲ ਵਧਿਆ। ਮੁਗਲ ਬਾਦਸ਼ਾਹਾਂ ਨੇ ਇਸਲਾਮ ਨੂੰ ਫੈਲਾਉਣ ਲਈ ਜਬਰਨ ਧਰਮ ਤਬਦੀਲ ਕਰਵਾਉਣਾ ਸ਼ੁਰੂ ਕਰ ਦਿੱਤਾ। ਹਿੰਦੂ ਧਰਮ ਵਿਚ ਵੀ ਬਹੁਤ ਸਾਰੀਆਂ ਗਿਰਾਵਟਾਂ ਆ ਚੁੱਕੀਆਂ ਸਨ। ਜਾਤ-ਪਾਤ, ਊਚ-ਨੀਚ, ਕਰਮ-ਕਾਂਡ, ਅੰਧ-ਵਿਸ਼ਵਾਸ ਵਰਗੀਆਂ ਬੁਰਾਈਆਂ ਵਿਚ ਸਮਾਜ ਬੁਰੀ ਤਰ੍ਹਾਂ ਜਕੜਿਆ ਗਿਆ ਸੀ। ਮੁਸਲਮਾਨਾਂ ਅਤੇ ਹਿੰਦੂਆਂ ਵਿਚ ਆਪਸੀ ਭੇਦ-ਭਾਵ ਹੱਦ ਦਰਜੇ ਤਕ ਵਧ ਚੁੱਕਾ ਸੀ। ਇਸ ਸਮੇਂ ਵਿਚ ਇਕ ਕ੍ਰਾਂਤੀਕਾਰੀ ਲਹਿਰ ਉੱਠੀ, ਜਿਸ ਨੂੰ ਭਗਤੀ ਲਹਿਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। 

ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ ‘ਭਗਤ ਧੰਨਾ ਜੀ ਦਾ ਜਨਮ ਟਾਂਕ ਦੇ ਇਲਾਕੇ ਧੂਆਨ ਪਿੰਡ (ਧੂਆ ਕਲਾਂ) ਵਿਚ (ਜੋ ਦੇਓਲੀ ਤੋਂ 20 ਮੀਲ ਹੈ) ਸੰਨ 1416 ਈਸਵੀ ਵਿਚ ਜੱਟ ਵੰਸ਼ ਵਿਚ ਪਿਤਾ ਸ਼੍ਰੀ ਭੋਲਾ ਜੀ ਅਤੇ ਮਾਤਾ ਧੰਨੋ ਜੀ ਘਰ ਹੋਇਆ। ਭਗਤ ਧੰਨਾ ਜੀ ਦਾ ਪਿਛੋਕੜ ਜੈ ਪੂਰ ਜ਼ਿਲ੍ਹੇ ਦੇ ਪਿੰਡ ਡਿਗੀ ਕਿਸ਼ਨਗੜ੍ਹ ਨਾਲ ਜੁੜਦਾ ਹੈ ਅਤੇ ਇਥੋਂ ਉੱਠ ਕੇ ਉਨ੍ਹਾਂ ਦੇ ਵਡੇਰੇ ਧੂਆਨ ਪਿੰਡ ਵਿਚ ਆਣ ਵੱਸੇ ਸਨ। ਪਿੰਡ ਧੂਆਨ ਦੇ ਚੜ੍ਹਦੇ ਪਾਸੇ ਥੜ੍ਹਾ ਬਣਿਆ ਹੋਇਆ ਹੈ। ਕਿਹਾ ਜਾਂਦੈ ਕਿ ਗਊਆਂ ਚਾਰਨ ਵੇਲੇ ਭਗਤ ਧੰਨਾ ਜੀ ਇਸ ਥੜ੍ਹੇ 'ਤੇ ਬੈਠ ਕੇ ਨਾਮ ਸਿਮਰਨ ਵਿਚ ਸੁਰਤੀ ਲਗਾ ਲੈਂਦੇ ਸਨ।’

ਅੰਗਰੇਜ਼ ਵਿਦਵਾਨ ਮੈਕਾਲਿਫ ਪੋਥੀ ਛੇਵੀਂ ਸਫਾ 106 'ਤੇ ਭਗਤ ਧੰਨਾ ਜੀ ਬਾਰੇ ਲਿਖਦਾ ਹੈ : ਰਾਜਪੁਤਾਨੇ ਵਿਚ ਦੇਓਲੀ ਛਾਵਣੀ ਤੋਂ 30 ਮੀਲ ਦੀ ਵਿੱਥ 'ਤੇ ਟਾਂਕ ਦੇ ਇਲਾਕੇ ਵਿਚ ਇਕ ਪਿੰਡ ਹੈ, ਜਿਸ ਦਾ ਨਾਮ ਧੂਆਨ ਹੈ। ਇਥੇ ਇਕ ਜੱਟ ਘਰਾਣੇ ਵਿਚ ਧੰਨਾ ਜੀ ਸੰਨ 1416 ਵਿਚ ਪੈਦਾ ਹੋਏ। ਛੋਟੀ ਉਮਰ ਤੋਂ ਹੀ ਧੰਨਾ ਧਾਰਮਿਕ ਲਗਨ ਵਾਲਾ ਸੀ। ਇਕ ਦਿਨ ਧੰਨੇ ਦੇ ਘਰ ਦਾ ਪੁਰੋਹਿਤ ਪੂਜਾ ਕਰਨ ਆਇਆ। ਪੂਜਾ ਦੀ ਸਾਰੀ ਰਸਮ ਧੰਨੇ ਨੇ ਵੀ ਵੇਖੀ ਅਤੇ ਆਖਰ ਪੰਡਿਤ ਪਾਸੋਂ ਉਸ ਨੇ ਇਕ ਠਾਕਰ ਮੰਗਿਆ। ਪਹਿਲਾਂ ਤਾਂ ਪੰਡਿਤ ਟਾਲਦਾ ਰਿਹਾ ਪਰ ਧੰਨੇ ਦਾ ਹੱਠ ਵੇਖ ਛੋਟਾ ਜਿਹਾ ਕਾਲੇ ਰੰਗ ਦਾ ਪੱਥਰ ਉਸ ਨੂੰ ਪੂਜਣ ਲਈ ਦੇ ਦਿੱਤਾ। ਧੰਨੇ ਨੇ ਬੜੀ ਸ਼ਰਧਾ ਨਾਲ ਉਸ ਠਾਕਰ ਦੀ ਪੂਜਾ ਸ਼ੁਰੂ ਕਰ ਦਿੱਤੀ। ਉਸ ਦੀ ਦ੍ਰਿੜ੍ਹਤਾ ਦੇਖ ਕੇ ਪੰਡਿਤ ਕਦੀ-ਕਦੀ ਆ ਕੇ ਪੂਜਾ ਭਗਤੀ ਦਾ ਰਾਹ ਦੱਸਦਾ ਤੇ ਆਖਰ ਇਕ ਦਿਨ ਠਾਕਰ ਪੂਜਾ ਵਿਚੋਂ ਧੰਨੇ ਨੂੰ ਰੱਬ ਲੱਭ ਪਿਆ।

ਇਸ ਦਾ ਹਵਾਲਾ ਪ੍ਰੋ. ਸਾਹਿਬ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਪੋਥੀ ਤੀਜੀ ਪੰਨਾ 897 ਉਤੇ ਦਿੱਤਾ ਹੈ। ਅੱਗੇ ਜਾ ਕੇ ਪ੍ਰੋ. ਸਾਹਿਬ ਸਿੰਘ ਨੇ ਪੱਥਰ ਪੂਜਾ ਵਾਲੀ ਸਾਖੀ ਉਤੇ ਟਿੱਪਣੀ ਕੀਤੀ ਹੈ ਅਤੇ ਕਿਹਾ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮੂਰਤੀ-ਪੂਜਾ ਕਰਨ ਵਾਲੇ ਲਈ ਬੜੇ ਕਰੜੇ ਸ਼ਬਦ ਵਰਤਦਿਆਂ ''ਗੁਨਾਹਗਾਰ'' ਲੂਣ ਹਰਾਮੀ ਕਿਹਾ ਹੈ : 
ਗੁਨਹਗਾਰ ਲੂਣ ਹਰਾਮੀ।। 
ਪਾਹਣ ਨਾਵ ਨ ਪਾਰਗਿਰਾਮੀ।।

ਭਗਤ ਧੰਨੇ ਦੇ ਆਪਣੇ ਸ਼ਬਦਾਂ ਵਿਚੋਂ ਵੀ ਤਾਂ ਕਿਤੇ ਵੀ ਠਾਕੁਰ ਪੁਜਾ ਦੀ ਗਵਾਹੀ ਨਹੀਂ ਮਿਲਦੀ। ਭਗਤ ਧੰਨਾ ਜੀ ਨੇ ਗ੍ਰਹਿਸਥ ਜੀਵਨ ਬਤੀਤ ਕੀਤਾ, ਕਿਰਤ ਕੀਤੀ ਅਤੇ ਨਾਮ ਜਪ ਕੇ, ਪ੍ਰਭੂ-ਭਗਤੀ ਨਾਲ ਮਨ ਜੋੜੀ ਰੱਖਿਆ। ਭਗਤ ਧੰਨਾ ਜੀ ਬਾਰੇ ਸ੍ਰੀ ਗੁਰੂ ਅਰਜਨ ਦੇਵ ਜੀ ਬਸੰਤ ਰਾਗ ਵਿਚ ਭਗਤਾਂ ਦੀ ਸਾਖੀ ਵਿਚ ਜਿਥੇ ਹੋਰ ਭਗਤਾਂ ਦਾ ਜ਼ਿਕਰ ਕਰਦੇ ਹਨ, ਉਥੇ ਨਾਲ ਹੀ ਭਗਤ ਧੰਨਾ ਜੀ ਦੀ ਕਠਿਨ ਸਾਧਨਾ ਦਾ ਜ਼ਿਕਰ ਕਰਦਿਆਂ ਫੁਰਮਾਨ ਕਰਦੇ ਹਨ :
ਧੰਨੇ ਸੇਵਿਆ ਬਾਲ ਬੁਧਿ।।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਭਗਤ ਧੰਨਾ ਜੀ ਦੇ ਤਿੰਨ ਸ਼ਬਦ ਗੁਰੂ ਅਰਜਨ ਦੇਵ ਜੀ ਨੇ ਬਾਣੀ ਵਿਚ ਸ਼ਾਮਲ ਕੀਤੇ। ਇਨ੍ਹਾਂ ਵਿਚੋਂ ਦੋ ਸ਼ਬਦ ਰਾਗ ਆਸਾ ਵਿਚ 'ਆਸਾ ਬਾਣੀ ਭਗਤ ਧੰਨਾ ਜੀ ਕੀ’ ਸਿਰਲੇਖ ਹੇਠ ਅਤੇ ਧਨਾਸਰੀ ਰਾਗ ਵਿਚ ਆਰਤੀ ਦੇ ਸ਼ਬਦਾਂ ਵਿਚ ਹੈ। ਇਨ੍ਹਾਂ ਤਿੰਨਾਂ ਸ਼ਬਦਾਂ ਦੀ ਭਾਸ਼ਾ ਭਾਵੇਂ ਸਧੁਕੜੀ ਹੈ ਪਰ ਰਾਜਸਥਾਨੀ ਦਾ ਪ੍ਰਭਾਵ ਸਪੱਸ਼ਟ ਦਿਸਦਾ ਹੈ। ਆਸਾ ਰਾਗ ਦੇ ਪਹਿਲੇ ਸ਼ਬਦ ਵਿਚ ਭਗਤ ਧੰਨਾ ਜੀ ਨੇ ਆਪਣੇ ਪੂਰਬਲੇ ਜਨਮ ਦੀ ਭਟਕਣਾ ਅਤੇ ਪ੍ਰਭੂ ਨੂੰ ਪ੍ਰਾਪਤ ਕਰਨ ਦੀ ਬਿਹਬਲਤਾ ਨੂੰ ਬਿਆਨ ਕੀਤਾ ਹੈ। ਦੂਜੇ ਸ਼ਬਦ ਵਿਚ ਆਤਮ ਸਥਿਰਤਾ ਦਾ ਪ੍ਰਗਟਾਵਾ ਹੈ। ਇਸ ਵਿਚ ਇਹ ਤਸੱਲੀ ਪ੍ਰਗਟ ਕੀਤੀ ਗਈ ਹੈ ਕਿ ਪਰਮਾਤਮਾ ਦੀ ਭਗਤੀ ਕਿਉਂ ਨਾ ਕੀਤੀ ਜਾਵੇ, ਜੋ ਹਰ ਜੀਵ ਨੂੰ ਰੋਜ਼ੀ ਦਿੰਦਾ ਹੈ।

ਤੀਸਰਾ ਸ਼ਬਦ ਜੋ ਧਨਾਸਰੀ ਰਾਗ ਵਿਚ ਹੈ, ਇਸ ਵਿਚ ਆਰਤੀ ਗਾ ਕੇ ਪ੍ਰਭੂ ਪਾਸੋਂ ਆਪਣੇ ਜੀਵਨ ਦੀਆਂ ਲੋੜਾਂ ਨੂੰ ਮਹਾਨਤਾ ਦੇ ਕੇ ਮੰਗ ਕੀਤੀ ਹੈ। ਇਹ ਆਰਤੀ ਨਾਲੋਂ ਆਰਤਾ ਕਰਕੇ ਪ੍ਰਸਿੱਧ ਹੈ। ਇਸ ਸ਼ਬਦ ਰਾਹੀਂ ਭਗਤ ਜੀ ਦੇ ਇਸ ਸਾਧਾਰਨ ਸਿੱਧੇ-ਸਾਦੇ ਗ੍ਰਹਿਸਥੀ ਜੀਵਨ ਦੀ ਝਲਕ ਪੈਂਦੀ ਹੈ :
ਗੋਪਾਲ ਤੇਰਾ ਆਰਤਾ।।
ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ।। ਰਹਾਉ।।
ਦਾਲਿ ਸੀਧਾ ਮਾਗਉ ਘੀਉ।। ਹਮਰਾ ਖੁਸੀ ਕਰੈ ਨਿਤ ਜੀਉ।।
ਪਨੀਆ ਛਾਦਨੁ ਨੀਕਾ।। ਅਨਾਜੁ ਮਗਉ ਸਤ ਸੀ ਕਾ।।
ਗਊ ਭੈਸ ਮਗਉ ਲਾਵੇਰੀ।। ਇਕ ਤਾਜਨਿ ਤੁਰੀ ਚੰਗੇਰੀ।।
ਘਰ ਕੀ ਗੀਹਨਿ ਚੰਗੀ।। ਜਨੁ ਧੰਨਾ ਲੇਵੈ ਮੰਗੀ।।

ਭਗਤ ਧੰਨਾ ਪ੍ਰਭੂ ਦੀ ਭਗਤੀ ਕਰਦੇ ਹੋਏ ਉਸ ਪਾਸੋਂ ਜੀਵਨ ਦੀਆਂ ਬੁਨਿਆਦੀ ਅਤੇ ਆਦਰਸ਼ਕ ਲੋੜਾਂ ਦੀ ਮੰਗ ਕਰਦਾ ਹੈ। ਭਗਤ ਨੂੰ ਇਹ ਵਿਸ਼ਵਾਸ ਹੈ ਕਿ ਜਿਹੜਾ ਭਗਤ ਪ੍ਰਭੂ ਦੀ ਭਗਤੀ ਕਰਦਾ ਹੈ, ਪ੍ਰਭੂ ਉਸ ਦੇ ਸਾਰੇ ਕੰਮ ਸੰਵਾਰਦਾ ਹੈ, ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਹੈ। ਇਸ ਤਰ੍ਹਾਂ ਭਗਤ ਧੰਨਾ ਜੀ ਦੀ ਬਾਣੀ ਮਨੁੱਖਤਾ ਨੂੰ ਗ੍ਰਹਿਸਥੀ ਜੀਵਨ ਵਿਚ ਰਹਿ ਕੇ ਦੁਨਿਆਵੀ ਕੰਮ ਕਰਦੇ ਹੋਏ ਪਰਮਾਤਮਾ ਦੇ ਸਿਮਰਨ ਨਾਲ ਜੋੜਦੀ ਹੈ।    

- ਪ੍ਰੋ. ਇੰਜੀ. ਗੁਰਪ੍ਰੀਤ ਸਿੰਘ ਵਿਰਕ 
(ਮੰਡ) (9878088878)


author

rajwinder kaur

Content Editor

Related News