ਅਫਗਾਨਿਸਤਾਨ ਸਿੱਖ ਮਸਲਾ: ਅਫਗਾਨਿਸਤਾਨ ਦੇ ਸਿੱਖਾਂ ਨੂੰ ਸ਼ਰਨਾਰਥੀ ਬਣੇ ਰਹਿਣ ਨਾਲੋਂ ਨਾਗਰਿਕ ਹੋਣ ਦੀ ਉਡੀਕ

Sunday, Aug 02, 2020 - 11:46 AM (IST)

ਹਰਪ੍ਰੀਤ ਸਿੰਘ ਕਾਹਲੋਂ

ਅਫ਼ਗਾਨਿਸਤਾਨ ’ਚ 5 ਮਹੀਨਿਆਂ ਦੇ ਅੰਦਰ ਹੀ ਅਫ਼ਗਾਨੀ ਸਿੱਖ ਭਾਈਚਾਰੇ ਦੇ ਮਸਲਿਆਂ ’ਚ ਕਈ ਘਟਨਾਵਾਂ ਵਾਪਰੀਆਂ ਹਨ। 25 ਮਾਰਚ 2020 ਨੂੰ ਕਾਬੁਲ ਦੇ ਗੁਰਦੁਆਰੇ ’ਤੇ ਆਈ. ਐੱਸ. ਆਈ. ਐੱਸ. ਦੇ ਹਮਲੇ ਵਿਚ 25 ਸਿੱਖਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ। ਇਸੇ ਹਫਤੇ ਇਕ ਮਹੀਨਾ ਅਗਵਾ ਰਹਿਣ ਪਿੱਛੋਂ ਨਿਦਾਨ ਸਿੰਘ ਸੱਚਦੇਵਾ ਨੂੰ ਰਿਹਾਅ ਕੀਤਾ ਹੈ। 26 ਜੁਲਾਈ ਨੂੰ ਉਨ੍ਹਾਂ ਦੇ ਨਾਲ ਹੀ 10 ਅਫਗਾਨੀ ਸਿੱਖਾਂ ਦੀ ਵੀ ਵਾਪਸੀ ਹੋਈ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਮੁਤਾਬਕ ਇਸ ਵੇਲੇ ਅਸੀਂ ਅਫਗਾਨੀ ਸਿੱਖਾਂ ਨਾਲ ਖੜ੍ਹੇ ਹਾਂ। ਇਸ ਮਸਲੇ ’ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਅਸੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਸੀ। ਉਨ੍ਹਾਂ ਅਫਗਾਨੀ ਸਿੱਖਾਂ ਲਈ ਫੌਰੀ ਵੱਧ ਸਮੇਂ ਦਾ ਵੀਜ਼ਾ ਅਤੇ ਉਨ੍ਹਾਂ ਦੇ ਮੁੜ ਵਸੇਬੇ ਨੂੰ ਯਕੀਨੀ ਬਣਾਉਣ ਲਈ ਹਰ ਮਦਦ ਮੁਹੱਈਆ ਕਰਵਾਈ ਹੈ। ਮਨਜਿੰਦਰ ਸਿੰਘ ਸਿਰਸਾ ਮੁਤਾਬਕ ਅਫਗਾਨੀ ਸਿੱਖਾਂ ਲਈ ਕੈਨੇਡਾ, ਯੂਰਪ, ਜਰਮਨੀ ਤੋਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਪਰ ਅਖੀਰ ਭਾਰਤ ਸਰਕਾਰ ਨੇ ਹੀ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਮੁਤਾਬਕ ਅਸੀਂ ਪੜਾਅ-ਦਰ-ਪੜਾਅ ਅਫਗਾਨਿਸਤਾਨ ਦੇ 600 ਸਿੱਖਾਂ ਨੂੰ ਪੂਰੀ ਸੁਰੱਖਿਆ ਨਾਲ ਭਾਰਤ ਲਿਆਵਾਂਗੇ।

ਅਫਗਾਨ ਹਿੰਦੂ ਅਤੇ ਸਿੱਖ ਵੈਲਫੇਅਰ ਸੁਸਾਇਟੀ ਦੇ ਖਜਿੰਦਰ ਸਿੰਘ ਖੁਰਾਣਾ ਦਾ ਪਿਛੋਕੜ ਅਫਗਾਨਿਸਤਾਨ ਤੋਂ ਹੈ। ਖਜਿੰਦਰ ਸਿੰਘ ਦਿੱਲੀ ਅਫਗਾਨੀ ਸਿੱਖਾਂ ਲਈ ਲੰਮੇ ਸਮੇਂ ਤੋਂ ਕੰਮ ਕਰਦੇ ਆਏ ਹਨ। ਉਨ੍ਹਾਂ ਨੇ ਅਫਗਾਨੀ ਸਿੱਖਾਂ ਦੇ ਹਾਲਾਤ ਸਮਝਾਉਣ ਲਈ ‘ਕਾਬਲ ਦੀ ਸੰਗਤ’ ਕਿਤਾਬ ਵੀ ਲਿਖੀ ਹੈ। ਖਜਿੰਦਰ ਸਿੰਘ ਮੁਤਾਬਕ 1991 ਤੋਂ ਪਹਿਲਾਂ ਅਫਗਾਨਿਸਤਾਨ ਵਿਚ ਸਿੱਖਾਂ ਲਈ ਖੁਸ਼ਗਵਾਰ ਮਾਹੌਲ ਸੀ। ਇਸ ਤੋਂ ਬਾਅਦ ਮਾੜੇ ਹਾਲਾਤਾਂ ਕਾਰਣ ਬਹੁਤੇ ਅਫਗਾਨੀ ਸਿੱਖਾਂ ਨੇ ਇੰਗਲੈਂਡ, ਜਰਮਨੀ, ਹਾਲੈਂਡ ਅਤੇ ਕੈਨੇਡਾ ਦਾ ਰੁਖ਼ ਕੀਤਾ ਅਤੇ ਕੁਝ ਦਿੱਲੀ ਵੀ ਆਏ।

ਖਜਿੰਦਰ ਸਿੰਘ ਖੁਰਾਨਾ ਦੱਸਦੇ ਹਨ ਕਿ ਪੱਛਮੀ ਦਿੱਲੀ ਵਿਚ ਲਗਭਗ 15 ਪਰਿਵਾਰ ਵਸਦੇ ਹਨ। ਦੂਜੇ ਪਾਸੇ ਕੋਰੋਨਾ ਦੇ ਇਸ ਸਮੇਂ ਜਦੋਂ ਪੂਰੀ ਦੁਨੀਆ ’ਚ ਅਸਰ ਵੇਖਣ ਨੂੰ ਮਿਲਿਆ ਹੈ ਤਾਂ ਅਫਗਾਨੀ ਸਿੱਖਾਂ ਦੇ ਪਰਿਵਾਰਾਂ ਵਿਚ ਵੀ ਇਹਦਾ ਅਸਰ ਹੈ। 2018 ਦੇ ਜਲਾਲਾਬਾਦ ਬੰਬ ਧਮਾਕੇ ’ਚ ਰਵੇਲ ਸਿੰਘ ਦਾ ਕਤਲ ਹੋਇਆ ਸੀ। ਰਵੇਲ ਸਿੰਘ ਦੇ ਕਤਲ ਤੋਂ ਬਾਅਦ ਉਨ੍ਹਾਂ ਦੀ ਪਤਨੀ ਪ੍ਰੀਤੀ ਅਤੇ ਬੱਚੇ ਵੀ ਦਿੱਲੀ ਆ ਕੇ ਰਹਿ ਰਹੇ ਹਨ। ਰਵੇਲ ਸਿੰਘ ਦਾ ਪੁੱਤਰ ਪ੍ਰਿੰਸ ਦਿੱਲੀ ਦਰਜ਼ੀ ਦੀ ਦੁਕਾਨ ’ਤੇ ਕੰਮ ਕਰਦਾ ਸੀ। ਕੋਰੋਨਾ ਦੇ ਅਸਰ ਕਰ ਕੇ ਕਾਰੋਬਾਰ ਠੱਪ ਹੋਣ ਕਾਰਣ ਪ੍ਰਿੰਸ ਦਾ ਕੰਮ ਵੀ ਛੁੱਟ ਗਿਆ ਹੈ। ਇਸ ਨੌਕਰੀ ਤੋਂ ਉਹ ਲਗਭਗ 10 ਹਜ਼ਾਰ ਰੁਪਏ ਕਮਾਉਂਦਾ ਸੀ। ਰਵੇਲ ਸਿੰਘ ਦਾ ਪਰਿਵਾਰ 3 ਹਜ਼ਾਰ ਕਿਰਾਏ ’ਤੇ ਰਹਿ ਰਿਹਾ ਹੈ। ਅਜਿਹੇ ’ਚ ਗੁਜ਼ਾਰਾ ਕਰਨਾ ਕਾਫੀ ਮੁਸ਼ਕਲ ਹੈ।

ਸਿਰਸਾ ਇਸ ਮਸਲੇ ਬਾਰੇ ਬੋਲਦਿਆਂ ਦੱਸਦੇ ਹਨ ਕਿ ਕੋਰੋਨਾ ਦਾ ਅਸਰ ਇੱਕਲੇ ਅਫਗਾਨੀ ਸਿੱਖਾਂ ’ਤੇ ਨਹੀਂ ਸਗੋਂ ਪੂਰੀ ਦੁਨੀਆ ’ਤੇ ਪਿਆ ਹੈ। ਦਿੱਲੀ ਗੁਰਦੁਆਰਾ ਕਮੇਟੀ ਲੰਗਰ ਅਤੇ ਹੋਰ ਜ਼ਰੂਰਤਾਂ ਲਈ ਮਦਦ ਨੂੰ ਯਕੀਨੀ ਬਣਾ ਰਹੀ ਹੈ। ਖਜਿੰਦਰ ਸਿੰਘ ਖੁਰਾਣਾ ਮੁਤਾਬਕ ਸ਼ੁਰੂਆਤ ਵਿਚ ਕੁਝ ਅਫਗਾਨੀ ਸਿੱਖਾਂ ਨੂੰ 5 ਸਾਲ ਬਾਅਦ ਅਤੇ ਕੁਝ ਨੂੰ 7 ਸਾਲ ਬਾਅਦ ਨਾਗਰਿਕਤਾ ਮਿਲ ਗਈ ਸੀ। ਇਸਦੇ ਬਾਵਜੂਦ ਇਸ ਵੇਲੇ ਵੀ ਕਈ ਅਫਗਾਨੀ ਸਿੱਖ ਅਜਿਹੇ ਹਨ ਜੋ ਭਾਰਤ ਵਿਚ ਨਾਗਰਿਕਤਾ ਦੀ ਉਡੀਕ ’ਚ ਹਨ। ਖਜਿੰਦਰ ਸਿੰਘ ਮੁਤਾਬਕ ਇਹਦਾ ਇਕ ਕਾਰਣ ਰੀਅਨਾਉਂਸੇਸ਼ਨ ਸਰਟੀਫਿਕੇਟ ਹੈ। ਇਸ ਲਈ ਅਫਗਾਨੀ ਸਫ਼ਾਰਤਖਾਨੇ ਜਾਕੇ ਅਰਜ਼ੀ ਦੇਣੀ ਪੈਂਦੀ ਹੈ। ਇਹਦੀ ਤਫਤੀਸ਼ ਅਫਗਾਨਿਸਤਾਨ ਵਿਚ 4 ਮੰਤਰਾਲਿਆਂ ਤੋਂ ਹੋਣ ’ਤੇ ਰਾਸ਼ਟਰਪਤੀ ਦੇ ਦਸਤਖਤ ਹੁੰਦੇ ਹਨ। ਖਜਿੰਦਰ ਸਿੰਘ ਮੁਤਾਬਕ ਸੀ. ਏ. ਏ. ਦਾ ਫਾਇਦਾ ਉਨ੍ਹਾਂ ਨੂੰ ਅਜੇ ਤੱਕ ਪੂਰਾ ਨਹੀਂ ਮਿਲਿਆ।

ਕੋਟ
‘‘ਲੰਮੀ ਕਾਗਜ਼ੀ ਕਾਰਵਾਈ ਤੋਂ ਰਾਹਤ ਦਵਾਕੇ ਫਿਲਹਾਲ ਅਫਗਾਨੀ ਸਿੱਖਾਂ ਨੂੰ ਇਸ ਤੋਂ ਛੁਟਕਾਰਾ ਦਵਾ ਉਨ੍ਹਾਂ ਨੂੰ ਰੁਜ਼ਗਾਰ ਦੀ ਆਗਿਆ ਵੀ ਲੈ ਦਿੱਤੀ ਗਈ ਹੈ। ਹੁਣ ਅਫਗਾਨੀ ਸਿੱਖਾਂ ਨੂੰ ਰੀਅਨਾਉਂਸੇਸ਼ਨ ਸਰਟੀਫਿਕੇਟ ਤੋਂ ਛੋਟ ਹੈ। ਅਮਿਤ ਸ਼ਾਹ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਅਫਗਾਨੀ ਸਿੱਖਾਂ ਨੂੰ ਬਹੁਤ ਛੇਤੀ ਨਾਗਰਿਕਤਾ ਦਿੱਤੀ ਜਾਵੇਗੀ। ਸੀ. ਏ. ਏ. ਦਾ ਫੌਰੀ ਫਾਇਦਾ ਦਿੱਲੀ ਅਤੇ ਅੰਮ੍ਰਿਤਸਰ ਜੇ ਨਹੀਂ ਮਿਲ ਰਿਹਾ ਤਾਂ ਇਸ ਲਈ ਪੰਜਾਬ ਤੋਂ ਕਾਂਗਰਸ ਅਤੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਹੈ।’’ ਮਨਜਿੰਦਰ ਸਿੰਘ ਸਿਰਸਾ

PunjabKesari

ਕੋਟ
‘‘ਅਫਗਾਨੀ ਸਿੱਖ ਲੰਮੇ ਸਮੇਂ ਤੋਂ ਨਾਗਰਿਕਤਾ ਦੀ ਉਡੀਕ ਵਿਚ ਹਨ ਪਰ ਸੀ. ਏ. ਏ. ਦਾ ਫਾਇਦਾ ਵੀ ਫਿਲਹਾਲ ਅਫਗਾਨੀ ਸਿੱਖਾਂ ਨੂੰ ਨਹੀਂ ਮਿਲ ਰਿਹਾ। ਆਖਰ ਹੁਣ ਉਡੀਕ ਕੀ ਹੈ? ਇਸਨੂੰ ਮਹਿਸੂਸ ਕੀਤਾ ਜਾਵੇ ਕਿ ਅਫਗਾਨੀ ਸਿੱਖਾਂ ਨੂੰ ਸ਼ਰਨ ਦੇਣ ਨਾਲੋਂ ਨਾਗਰਿਕਤਾ ਦੇਣ ’ਚ ਹੀ ਅਫਗਾਨੀ ਪਰਿਵਾਰਾਂ ਦਾ ਮਨਾਸਿਕ-ਸਮਾਜਿਕ-ਆਰਥਿਕ ਵਿਕਾਸ ਹੈ।’’  ਖਜਿੰਦਰ ਸਿੰਘ ਖੁਰਾਣਾ

PunjabKesari

ਜਗਬਾਣੀ ਐਕਸਕਲੂਸਿਵ

PunjabKesari
‘ਜਗਬਾਣੀ’ ਨਾਲ ਖਾਸ ਮੁਲਾਕਾਤ ਦੌਰਾਨ ਘੱਟਗਿਣਤੀ ਭਾਈਚਾਰੇ ’ਚੋਂ ਅਫਗਾਨਿਸਤਾਨ ਸਿੱਖ ਐੱਮ. ਪੀ. ਨਰਿੰਦਰਪਾਲ ਸਿੰਘ ਖ਼ਾਲਸਾ ਨੇ ਹਰਪ੍ਰੀਤ ਸਿੰਘ ਕਾਹਲੋਂ ਨਾਲ ਕੀਤੀ ਮੁਲਾਕਾਤ ਦੌਰਾਨ ਪੇਸ਼ ਕੀਤਾ ਆਪਣਾ ਨਜ਼ਰੀਆ।

ਅਫਗਾਨਿਸਤਾਨ ਵਿਚ ਹਮਲੇ ਸਿੱਖਾਂ ’ਤੇ ਨਹੀਂ ਪੂਰੇ ਮੁਲਕ ’ਤੇ ਹਨ, ਇਹ ਵੇਲਾ ਮਿਲਕੇ ਚੱਲਣ ਦਾ ਹੈ : ਨਰਿੰਦਰਪਾਲ ਸਿੰਘ ਖ਼ਾਲਸਾ

PunjabKesari

ਸਵਾਲ : ਅਫਗਾਨਿਸਤਾਨ ਸਰਕਾਰ ਸਿੱਖਾਂ ਦੀ ਸੁਰੱਖਿਆ ਸਬੰਧੀ ਕੀ ਕਰ ਰਹੀ ਹੈ?
ਜਵਾਬ- ਇਸ ਗੱਲ ਨੂੰ ਸਮਝੀਏ ਕਿ ਕਾਬੁਲ ’ਚ ਅਫਗਾਨਿਸਤਾਨ ਦੀ ਲੜਾਈ 40 ਸਾਲਾਂ ਤੋਂ ਚੱਲ ਰਹੀ ਹੈ। ਇੰਝ ਦੇ ਹਮਲੇ ਜੋ ਹੋ ਰਹੇ ਹਨ ਉਹ ਸਿੱਖਾਂ ਦੇ ਨਾਲ-ਨਾਲ ਮੁਸਲਮਾਨ ਭਰਾਵਾਂ ’ਤੇ ਵੀ ਹੋ ਰਹੇ ਹਨ। ਇਹ ਹਮਲੇ ਸਿਰਫ ਸਾਡੇ ’ਤੇ ਨਹੀਂ ਪੂਰੇ ਦੇਸ਼ ’ਤੇ ਹਨ। ਜੇ ਇਸ ਮੌਕੇ ਅਸੀਂ ਆਪਣਾ ਵਤਨ ਛੱਡਕੇ ਜਾਂਦੇ ਹਾਂ ਤਾਂ ਇਹ ਸਾਡੀ ਕਮਜ਼ੋਰੀ ਹੈ। ਇਨ੍ਹਾਂ ਹਾਲਾਤਾਂ ’ਚ ਸਰਕਾਰ ਸਾਡੇ ਨਾਲ ਖੜ੍ਹੀ ਹੈ।

ਮਾਰਚ ’ਚ ਕਾਬੁਲ ਗੁਰਦੁਆਰੇ ਵਿਖੇ ਹਮਲੇ ਦੌਰਾਨ 25 ਸਿੱਖ ਕਤਲ ਕੀਤੇ ਗਏ। ਅਜਿਹੇ ’ਚ ਅਫਗਾਨੀ ਸਵਾਲ : ਸਿੱਖ ਭਾਈਚਾਰੇ ਦੀ ਸਮਾਜਕ-ਆਰਥਕ ਅਤੇ ਧਾਰਮਿਕ ਸੁਰੱਖਿਆ ਕਿਹੋ ਜਿਹੀ ਹੋਵੇਗੀ?
ਜਵਾਬ - ਸਰਕਾਰ ਨੇ ਸਾਰੇ ਗੁਰਦੁਆਰਿਆਂ ਨੂੰ ਸੁਰੱਖਿਆ ਦਿੱਤੀ ਹੈ। ਸਿੱਖਾਂ ਦੀ ਦੁਕਾਨਾਂ ’ਤੇ ਸੁਰੱਖਿਆ ਮਹਿਕਮਾ ਰੋਜ਼ਾਨਾ ਹਾਲ-ਚਾਲ ਪੁੱਛਦਾ ਹੈ ਪਰ ਇਹ ਸੰਭਵ ਨਹੀਂ ਹੈ ਕਿ ਹਰ ਦੁਕਾਨ ’ਤੇ ਇਕ-ਇਕ ਸਿਕਓਰਿਟੀ ਗਾਰਡ ਖੜ੍ਹਾ ਕੀਤਾ ਜਾਵੇ। ਇਸ ਦੇ ਬਾਵਜੂਦ ਸੁਰੱਖਿਆ ਲਈ ਬਕਾਇਦਾ ਇਕ ਦਸਤਾ ਬਣਾਇਆ ਹੈ ਜੋ ਸ਼ੋਸ਼ਲ ਨੈਟਵਰਕਿੰਗ ਰਾਹੀਂ ਇਕ-ਦੂਜੇ ਦੇ ਸੰਪਰਕ ਵਿਚ ਹੈ। ਜਿੱਥੇ ਵੀ ਥੌੜ੍ਹੀ ਸੂਹ ਮਿਲਦੀ ਹੈ ਸੁਰੱਖਿਆ ਦਸਤਾ ਉੱਥੇ ਪਹੁੰਚਦਾ ਹੈ।

ਸਵਾਲ : ਅਫਗਾਨਿਸਤਾਨ ’ਚ ਬਤੌਰ ਸਿੱਖ ਆਗੂ ਤੁਹਾਡੀਆਂ ਚੁਣੌਤੀਆਂ ਕੀ ਹਨ?
ਜਵਾਬ- ਇਥੇ ਦੋ ਮਸਲੇ ਹਨ। ਇਕ ਪਾਸੇ ਅਫਗਾਨਿਸਤਾਨ ਵਿਚ ਸਿੱਖ ਨਾ ਹੋਣ ਇਹ ਪਾਕਿਸਤਾਨ ਚਾਹੁੰਦਾ ਹੈ। ਦੂਜਾ ਸਾਡੇ ਸਿੱਖ ਭਰਾ ਬੇਹੱਦ ਖੌਫ ਵਿਚ ਹਨ ਅਤੇ ਕਮਜ਼ੋਰ ਪੈ ਗਏ ਹਨ। ਇਸ ਵੇਲੇ ਭਾਰਤ ਸਿੱਖਾਂ ਨੂੰ ਵੀਜ਼ੇ ਦੇ ਰਿਹਾ ਹੈ ਪਰ ਸਾਡੀ ਅਫਗਾਨ ਸਰਕਾਰ ਵੀ ਤਾਂ ਸਿੱਖਾਂ ਨਾਲ ਹੀ ਖੜ੍ਹੀ ਹੈ। ਸਾਡੇ ਸਿੱਖ ਭਰਾ ਸਾਡਾ ਸਾਥ ਦੇਣ ਅਤੇ ਅਸੀਂ ਆਪਣੇ ਹਾਲਾਤ ਸਰਕਾਰ ਨਾਲ ਸਾਂਝੇ ਕਰੀਏ। ਸਾਡੇ ਸਿੱਖ ਭਰਾ ਸਾਡਾ ਹੀ ਸਾਥ ਨਹੀਂ ਦੇ ਰਹੇ ਤਾਂ ਅਸੀਂ ਉਨ੍ਹਾਂ ਦੇ ਆਗੂ ਕੀ ਕਰ ਸਕਦੇ ਹਾਂ। ਸਰਕਾਰ ਨੇ ਗੁਰਦੁਆਰਿਆਂ ਦੀ ਮੁੜ ਉਸਾਰੀ ਲਈ ਵਿੱਤੀ ਸਹਾਇਤਾ ਜਾਰੀ ਕੀਤੀ ਹੈ। ਸਰਕਾਰ ਭਾਈਚਾਰੇ ਲਈ ਵਿੱਤੀ ਸਹਾਇਤਾ ਦੇ ਰਹੀ ਹੈ। ਜੇ ਸਵਾਲ : ਸਰਕਾਰ ਸਾਡੇ ਨਾਲ ਨਾ ਖੜ੍ਹੀ ਹੋਏ ਤਾਂ ਅਸੀਂ ਆਪਣੇ ਭਾਈਚਾਰੇ ’ਚ ਕਾਰਜ਼ ਕਿਵੇਂ ਕਰਦੇ? ਗੁਰਦੁਆਰਿਆਂ ਦੀ ਕਾਰਸੇਵਾ ਤਾਂ ਹੀ ਸੰਭਵ ਹੋਈ ਹੈ ਕਿਉਂਕਿ ਸਰਕਾਰ ਸਾਡੇ ਨਾਲ ਖੜ੍ਹੀ ਹੈ।

ਸਵਾਲ : ਤੁਹਾਡੇ ਮੁਤਾਬਕ ਅਫਗਾਨੀ ਸਿੱਖਾਂ ਨੂੰ ਕੀ ਸੋਚਣਾ ਚਾਹੀਦਾ ਹੈ। ਤੁਹਾਡੇ ਮੁਤਾਬਕ ਆਉਣ ਵਾਲੇ ਹਾਲਾਤ ਕਿਹੋ ਜਿਹੇ ਹੋਣਗੇ?
ਜਵਾਬ - ਅਫਗਾਨੀ ਸਿੱਖਾਂ ਨੂੰ ਠੰਢੇ ਮਨ ਨਾਲ ਸੋਚਣਾ ਚਾਹੀਦਾ ਹੈ। ਜੇ ਸਿੱਖ ਦਿੱਲੀ ਵੀ ਜਾ ਰਹੇ ਹਨ ਤਾਂ ਉਨ੍ਹਾਂ ਦੀਆਂ ਮੁਸ਼ਕਲਾਂ ਖਤਮ ਨਹੀਂ ਹੋਣਗੀਆਂ। ਉਨ੍ਹਾਂ ਨੂੰ ਉੱਥੇ ਕੰਮਕਾਰ ਮਿਲੇਗਾ ਜਾਂ ਨਹੀਂ ਇਹ ਇਕ ਮਸਲਾ ਰਹੇਗਾ। ਅਫਗਾਨੀ ਸਿੱਖ ਬਹੁਤੇ ਪੜ੍ਹੇ-ਲਿਖੇ ਵੀ ਨਹੀਂ ਹਨ। ਦਿੱਲੀ ’ਚ ਉਨ੍ਹਾਂ ਦਾ ਘਰਵਾਰ ਕੁਝ ਨਹੀਂ ਹੈ। ਇਥੇ ਅਫਗਾਨੀ ਸਿੱਖਾਂ ਨੂੰ 4-5 ਹਜ਼ਾਰ ਦੀਆਂ ਵਿੱਤੀ ਸਹਾਇਤਾ ਮਿਲਦੀ ਸੀ। ਘਰੇਲੂ ਕਬੀਲਦਾਰੀ ਦੇ ਖਰਚੇ, ਖਾਣ-ਪੀਣ ਸਭ ਕੁਝ ਬਾਰੇ ਵੀ ਸੋਚਣਾ ਚਾਹੀਦਾ ਹੈ।

ਸਵਾਲ : ਭਾਰਤ ਤੋਂ ਕਿੰਝ ਦੀ ਮਦਦ ਚਾਹੁੰਦੇ ਹੋ ?
ਜਵਾਬ - ਭਾਰਤ ਨੂੰ ਚਾਹੀਦਾ ਹੈ ਕਿ ਜੇ ਉਹ ਅਫਗਾਨੀ ਸਿੱਖਾਂ ਦੀ ਮਦਦ ਕਰ ਰਿਹਾ ਹੈ ਤਾਂ ਉਹ ਅਫਗਾਨੀ ਸਿੱਖਾਂ ਲਈ ਪਹਿਲਾਂ ਕਾਲੋਨੀ ਦੀ ਉਸਾਰੀ ਕਰੇ। ਇਹ ਅਫਗਾਨੀ ਸਿੱਖਾਂ ਦੀ ਮਦਦ ਹੋਵੇਗੀ। ਉਨ੍ਹਾਂ ਦੇ ਕਾਰੋਬਾਰ ਖੜ੍ਹੇ ਕਰਨ ’ਚ ਮਦਦ ਕੀਤੀ ਜਾਵੇ ਤਾਂ ਜੋ ਅਫਗਾਨੀ ਸਿੱਖਾਂ ਦੀ ਜ਼ਿੰਦਗੀ ਵਿਚ ਆਰਾਮ ਹੋਵੇ।


rajwinder kaur

Content Editor

Related News