ਭਾਰਤੀ ਦੂਤਘਰ ਨੇ ਜਾਰੀ ਕੀਤੀ ਐਡਵਾਈਜ਼ਰੀ, ਯੂਕ੍ਰੇਨ ਦੀ ਬੇਲੋੜੀ ਯਾਤਰਾ ਨਾ ਕਰਨ ਦੀ ਦਿੱਤੀ ਸਲਾਹ
Tuesday, Oct 11, 2022 - 02:20 AM (IST)
ਇੰਟਰਨੈਸ਼ਨਲ ਡੈਸਕ : ਯੂਕ੍ਰੇਨ ’ਚ ਭਾਰਤੀ ਰਾਜਦੂਤ ਨੇ ਭਾਰਤੀਆਂ ਲਈ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ’ਚ ਯੂਕ੍ਰੇਨ ’ਚ ਰਹਿ ਰਹੇ ਭਾਰਤੀਆਂ ਨੂੰ ਬੇਲੋੜੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਦਰਅਸਲ, ਰੂਸ ਨੇ ਕੀਵ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਇਕ ਵਾਰ ਫਿਰ ਵਧ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਯੂਕ੍ਰੇਨ ਸੰਘਰਸ਼ ਫਿਰ ਵਧਣ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੰਗ ਦਾ ਭੜਕਣਾ ਕਿਸੇ ਦੇ ਵੀ ਹਿੱਤ ’ਚ ਨਹੀਂ ਹੈ ਅਤੇ ਸਾਰੀਆਂ ਧਿਰਾਂ ਨੂੰ ਤੁਰੰਤ ਦੁਸ਼ਮਣੀ ਛੱਡ ਕੇ ਕੂਟਨੀਤੀ ਅਤੇ ਗੱਲਬਾਤ ਦਾ ਰਾਹ ਅਪਣਾਉਣਾ ਚਾਹੀਦਾ ਹੈ। ਪਿਛਲੇ ਕੁਝ ਸਮੇਂ ਤੋਂ ਮੁਕਾਬਲਤਨ ਸ਼ਾਂਤੀ ਤੋਂ ਬਾਅਦ ਸੋਮਵਾਰ ਨੂੰ ਯੂਕ੍ਰੇਨ ਦੇ ਕੁਝ ਖੇਤਰਾਂ ’ਚ ਰੂਸ ਦੇ ਮਿਜ਼ਾਈਲ ਹਮਲੇ ਨੂੰ ਲੈ ਕੇ ਮੀਡੀਆ ਦੇ ਸਵਾਲਾਂ ’ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਹ ਗੱਲ ਕਹੀ।
ਇਹ ਖ਼ਬਰ ਵੀ ਪੜ੍ਹੋ : ਸਕੂਲ ਅਧਿਆਪਕਾਂ ਲਈ ਅਹਿਮ ਖ਼ਬਰ, ਸਿੱਖਿਆ ਵਿਭਾਗ ਪੰਜਾਬ ਨੇ ਸ਼ੁਰੂ ਕੀਤਾ ਆਨਲਾਈਨ ਤਬਾਦਲਾ ਪੋਰਟਲ
ਬਾਗਚੀ ਨੇ ਕਿਹਾ, ‘‘ਅਸੀਂ ਸਾਰੀਆਂ ਧਿਰਾਂ ਨੂੰ ਤੁਰੰਤ ਦੁਸ਼ਮਣੀ ਛੱਡਣ ਅਤੇ ਕੂਟਨੀਤੀ ਅਤੇ ਗੱਲਬਾਤ ਦੇ ਰਾਹ ’ਤੇ ਪਰਤਣ ਦੀ ਅਪੀਲ ਕਰਦੇ ਹਾਂ।’’ ਭਾਰਤ ਹਾਲਾਤ ਸਾਧਾਰਨ ਬਣਾਉਣ ਦੀ ਦਿਸ਼ਾ ’ਚ ਅਜਿਹੀਆਂ ਸਾਰੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਯੂਕ੍ਰੇਨ ’ਚ ਸੰਘਰਸ਼ ਦੇ ਵਧਣ ਤੋਂ ਭਾਰਤ ਡੂੰਘੀ ਚਿੰਤਾ ਵਿੱਚ ਹੈ, ਜਿਸ ’ਚ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਨਾਗਰਿਕ ਮਾਰੇ ਗਏ ।
ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਮਜ਼ਦੂਰਾਂ ਤੇ ਉਸਾਰੀ ਮਜ਼ਦੂਰਾਂ ਨੂੰ ਦੀਵਾਲੀ ਦਾ ਦਿੱਤਾ ਤੋਹਫ਼ਾ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਸੰਘਰਸ਼ ਦੀ ਸ਼ੁਰੂਆਤ ਦੇ ਬਾਅਦ ਤੋਂ ਭਾਰਤ ਨੇ ਲਗਾਤਾਰ ਕਿਹਾ ਹੈ ਕਿ ਵਿਸ਼ਵ ਪੱਧਰੀ ਵਿਵਸਥਾ ਸੰਯੁਕਤ ਰਾਸ਼ਟਰ ਚਾਰਟਰ ਦੇ ਸਿਧਾਂਤਾਂ, ਅੰਤਰਰਾਸ਼ਟਰੀ ਕਾਨੂੰਨ ਅਤੇ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੇ ਆਧਾਰ ’ਤੇ ਚਲਦੀ ਹੈ। ਜ਼ਿਕਰਯੋਗ ਹੈ ਕਿ ਰੂਸ ਨੇ ਸੋਮਵਾਰ ਨੂੰ ਯੂਕ੍ਰੇਨ ਦੀ ਰਾਜਧਾਨੀ ਕੀਵ ਸਮੇਤ ਉਸ ਦੇ ਕਈ ਸ਼ਹਿਰਾਂ ’ਤੇ ਹਮਲਾ ਕਰਦਿਆਂ ਨਾਗਰਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਰਾਜਧਾਨੀ ਕੀਵ ’ਚ ਹੋਏ ਹਮਲਿਆਂ ’ਚ 8 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।