ਵਿਦੇਸ਼ੀ ਪੰਜਾਬੀਆਂ ਵੱਲੋਂ ਕੇਜਰੀਵਾਲ ਨੂੰ ਕੋਰਾ ਜਵਾਬ ਤੇ ਖਹਿਰਾ ਨੂੰ ਸਮਰਥਨ ਸਹੀ ਫੈਸਲਾ : ਪੰਡੋਰੀ ਗੋਲਾ
Sunday, Nov 11, 2018 - 04:47 PM (IST)

ਤਰਨਤਾਰਨ (ਧਰਮ ਪਨੂੰ) - ਵੱਖ-ਵੱਖ ਦੇਸ਼ਾਂ ’ਚ ਰਹਿੰਦੇ ਪੰਜਾਬੀ ਐੱਨ. ਆਰ. ਆਈਜ਼ ਵੱਲੋਂ ਮੀਟਿੰਗ ਕਰ ਕੇ ਇਕ ਰਾਇ ਹੋ ਕੇ ਅਰਵਿੰਦ ਕੇਜਰੀਵਾਲ ਤੋਂ ਪਾਸਾ ਵੱਟਣਾ, ਹਮਾਇਤ ਨਾ ਦੇਣ ਤੇ ਸੁਖਪਾਲ ਸਿੰਘ ਖਹਿਰਾ ਗਰੁੱਪ ਨੂੰ ਹਮਾਇਤ ਦੇਣ ਦਾ ਜੋ ਐਲਾਨ ਕੀਤਾ ਹੈ ਉਹ ਵਿਦੇਸ਼ੀ ਪੰਜਾਬੀਆਂ ਦਾ ਸਹੀ ਤੇ ਪੰਜਾਬ ਦੇ ਭਲੇ ਲਈ ਸਹੀ ਫੈਸਲਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵਕ ਤੇ ਕ੍ਰਾਂਤੀਕਾਰੀ ਬਜ਼ੁਰਗ ਗੁਰਚਰਨ ਸਿੰਘ ਪ੍ਰਧਾਨ ਪੰਡੋਰੀ ਗੋਲਾ ਨੇ ‘ਜਗਬਾਣੀ’ ਨਾਲ ਆਪਣੇ ਨਿਵਾਸ ਅਸਥਾਨ ’ਤੇ ਗੱਲਬਾਤ ਕਰਦਿਆਂ ਕੀਤਾ। ਪ੍ਰਧਾਨ ਰੰਧਾਵਾ ਨੇ ਕਿਹਾ ਕਿ ਜਦੋਂ ਅਰਵਿੰਦ ਕੇਜਰੀਵਾਲ ਨੇ ਸਵੈ-ਰਾਜ ਲਿਆਉਣ ਦਾ ਐਲਾਨ ਕੀਤਾ ਤਾਂ ਪੰਜਾਬੀਆਂ ਨੇ ਵੋਟਾਂ ਪਾ ਕੇ 4 ਐੱਮ. ਪੀ. ਪੰਜਾਬ ’ਚ ਚੁਣ ਕੇ ਭੇਜੇ। ਕੇਜਰੀਵਾਲ ਦੇ ਅਡ਼ੀਅਲ, ਹੰਕਾਰੀ, ਰਾਜਸੀ ਵਤੀਰੇ ਨੇ ਦੋ ਐੱਮ. ਪੀ. ਛੇਤੀ ਹੀ ਪਾਰਟੀ ’ਚੋਂ ਮੁਅੱਤਲ ਕਰ ਦਿੱਤੇ, ਜੋ ਹੁਣ ਵੀ ਹਨ। ਸੁੱਚਾ ਸਿੰਘ ਛੋਟੇਪੁਰ ਨੂੰ ਬੇਕਸੂਰ ਪਾਰਟੀ ’ਚੋਂ ਕੱਢਣ ਤੇ ਨਵਜੋਤ ਸਿੰਘ ਸਿੱਧੂ, ਜਗਮੀਤ ਸਿੰਘ ਬਰਾਡ਼, ਮਨਪ੍ਰੀਤ ਸਿੰਘ ਬਾਦਲ, ਬੀਰ ਦਵਿੰਦਰ ਸਿੰਘ ਤੇ ਪ੍ਰਗਟ ਸਿੰਘ ਵਿਧਾਇਕ ਵਰਗਿਆਂ ਹੋਰ ਕਈ ਇਮਾਨਦਾਰ, ਸੁੰਘਡ਼, ਸਿਆਸਤਦਾਨਾਂ ਨੂੰ ਮੌਕੇ ’ਤੇ ਸਾਂਭ ਨਾ ਸਕਣਾ ਇਨ੍ਹਾਂ ਦੇ ਹੰਕਾਰੀ ਤੇ ਅਡ਼ੀਅਲ ਵਤੀਰੇ ਦੀ ਉਦਾਹਰਣ ਹੈ। ਹੁਣ ਸੁਖਪਾਲ ਸਿੰਘ ਖਹਿਰਾ ਵਰਗੇ ਨਿਧੱਡ਼ਕ, ਸਿਆਣੇ ਸਿਆਸਤਦਾਨ, ਦਲੇਰ, ਪਡ਼੍ਹੇ-ਲਿਖੇ, ਹਿੰਮਤੀ, ਮਿਹਨਤੀ ਤੇ ਇਮਾਨਦਾਰ ‘ਆਪ’ ਆਗੂ ਵਿਧਾਇਕ ਨੂੰ ਸੰਭਾਲਣ ਦੀ ਬਜਾਏ ਉਸ ਨੂੰ ਵੀ ਆਪਣੀ ਹੰਕਾਰੀ ਅਡ਼ੀਅਲ ਸੁਭਾਅ ਕਾਰਨ ਪਾਰਟੀ ’ਚੋਂ ਖਹਿਰਾ ਤੇ ਕੰਵਰ ਸੰਧੂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਵਿਦੇਸ਼ੀ ਰਹਿੰਦੇ ਪੰਜਾਬੀਆਂ ਨੂੰ ਪੱਕੀ ਜਾਣਕਾਰੀ ਹੋ ਗਈ ਹੈ ਕਿ ਕੇਜਰੀਵਾਲ ਪੰਜਾਬ ਲਈ ਚਿੰਤਕ ਨਹੀਂ ਹੈ। ਐੱਨ. ਆਰ. ਆਈਜ਼ ਨੇ ਲਿਖਤੀ ਚਿੱਠੀ ’ਤੇ ਆਪਣੇ ਦਸਤਖਤਾਂ ਹੇਠ ਪ੍ਰਕਾਸ਼ਿਤ ਕਰ ਕੇ ਸੁਖਪਾਲ ਸਿੰਘ ਖਹਿਰਾ ਨੂੰ ਆਪਣੀ ਹਮਾਇਤ ਤੇ ਹਰ ਤਰ੍ਹਾਂ ਬਣਦੀ ਮਦਦ, ਵੋਟ ਦੇਣ ਦਾ ਵੀ ਐਲਾਨ ਕੀਤਾ ਹੈ।