ਸੈਂਸੈਕਸ 767 ਅੰਕ ਵੱਧ ਕੇ 49,867 'ਤੇ, ਨਿਫਟੀ 14,700 ਤੋਂ ਪਾਰ ਬੰਦ
Monday, Mar 01, 2021 - 03:57 PM (IST)

ਮੁੰਬਈ- ਬਾਂਡ ਯੀਲਡ ਵਿਚ ਨਰਮੀ ਦੇ ਮੱਦੇਨਜ਼ਰ ਗਲੋਬਲ ਬਾਜ਼ਾਰਾਂ ਵਿਚ ਤੇਜ਼ੀ ਦੇ ਰੁਖ਼ ਵਿਚਕਾਰ ਮਾਰਚ ਦੇ ਪਹਿਲੇ ਕਾਰੋਬਾਰੀ ਦਿਨ ਭਾਰਤੀ ਬਾਜ਼ਾਰ ਹਰੇ ਨਿਸ਼ਾਨ 'ਤੇ ਰਹੇ। ਸੋਮਵਾਰ ਦੇ ਸੈਸ਼ਨ ਵਿਚ ਆਟੋ, ਸੀਮੈਂਟ ਤੇ ਬੈਂਕਿੰਗ ਸਟਾਕਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੀ. ਐੱਸ. ਈ. ਸੈਂਸੈਕਸ 767 ਅੰਕ ਯਾਨੀ 1.6 ਫ਼ੀਸਦੀ ਦੀ ਬੜ੍ਹਤ ਨਾਲ 49,867 ਦੇ ਪੱਧਰ ਅਤੇ ਨਿਫਟੀ 254.35 ਅੰਕ ਯਾਨੀ 1.75 ਫ਼ੀਸਦੀ ਚੜ੍ਹ ਕੇ 14,783.5 ਦੇ ਪੱਧਰ 'ਤੇ ਬੰਦ ਹੋਇਆ।
ਪੀ. ਐੱਸ. ਯੂ. ਬੈਂਕ ਇੰਡੈਕਸ ਨੂੰ ਛੱਡ ਕੇ ਬਾਕੀ ਸਾਰੇ ਸੈਕਟਰਲ ਸੂਚਕ ਹਰੇ ਨਿਸ਼ਾਨ 'ਤੇ ਰਹੇ। ਨਿਫਟੀ ਮੀਡੀਆ ਇੰਡੈਕਸ ਟਾਪ ਸੈਕਟਰਲ ਗੇਨਰ ਰਿਹਾ, ਜੋ 4.3 ਫ਼ੀਸਦੀ ਦੀ ਮਜਬੂਤੀ ਵਿਚ ਬੰਦ ਹੋਇਆ। ਇਸ ਤੋਂ ਬਾਅਦ 2.4 ਫ਼ੀਸਦੀ ਦੀ ਤੇਜ਼ੀ ਨਾਲ ਨਿਫਟੀ ਆਟੋ ਰਿਹਾ। ਨਿਫਟੀ ਫਾਰਮਾ ਅਤੇ ਨਿਫਟੀ ਬੈਂਕ ਇੰਡੈਕਸ ਨੇ 1.4-1.4 ਫ਼ੀਸਦੀ ਦੀ ਮਜਬੂਤੀ ਦਰਜ ਕੀਤੀ।
ਉੱਥੇ ਹੀ, ਬੀ. ਐੱਸ. ਈ. ਸੈਕਟਰਲ ਇੰਡੈਕਸ ਵਿਚ ਟੈਲੀਕਾਮ ਨੂੰ ਛੱਡ ਕੇ ਸਾਰੇ ਹਰੇ ਨਿਸ਼ਾਨ 'ਤੇ ਬੰਦ ਹੋਏ। ਬੀ. ਐੱਸ. ਈ. ਦੇ 30 ਪ੍ਰਮੁੱਖ ਸ਼ੇਅਰਾਂ ਵਿਚੋਂ 29 ਹਰੇ ਨਿਸ਼ਾਨ ਵਿਚ ਬੰਦ ਹੋਏ। ਸੈਂਸੈਕਸ ਦੀ ਬੜ੍ਹਤ ਵਿਚ ਐੱਚ. ਡੀ. ਐੱਫ. ਸੀ., ਐੱਚ. ਡੀ. ਐੱਫ. ਸੀ. ਬੈਂਕ, ਕੋਟਕ ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ, ਇੰਫੋਸਿਸ ਦਾ ਯੋਗਦਾਨ ਰਿਹਾ। ਇਸ ਤੋਂ ਪਿਛਲੇ ਕਾਰੋਬਾਰੀ ਸੈਸ਼ਨ ਵਿਚ ਬਾਂਡ ਯੀਲਡ ਵਿਚ ਉਛਾਲ ਕਾਰਨ ਗਲੋਬਲ ਬਾਜ਼ਾਰ ਭਾਰੀ ਗਿਰਾਵਟ ਨਾਲ ਲਾਲ ਨਿਸ਼ਾਨ 'ਤੇ ਬੰਦ ਹੋਏ ਸਨ। ਸੈਂਸੈਕਸ 49,099 'ਤੇ ਆ ਗਿਆ ਸੀ।