ਸ਼ੁੱਕਰਵਾਰ ਗਿਰਾਵਟ 'ਚ ਬੰਦ ਹੋਏ US ਬਾਜ਼ਾਰ, ਡਾਓ 0.3% ਟੁੱਟਾ

07/20/2019 9:13:00 AM

ਵਾਸ਼ਿੰਗਟਨ— ਸ਼ੁੱਕਰਵਾਰ ਅਮਰੀਕੀ ਬਾਜ਼ਾਰਾਂ 'ਚ ਉਸ ਵਕਤ ਗਿਰਾਵਟ ਸ਼ੁਰੂ ਹੋ ਗਈ ਜਦੋਂ ਈਰਾਨ ਵੱਲੋਂ ਬ੍ਰਿਟਿਸ਼ ਤੇਲ ਟੈਂਕਰ ਨੂੰ ਕਬਜ਼ੇ 'ਚ ਲੈਣ ਦੀ ਖਬਰ ਸਾਹਮਣੇ ਆਈ। ਨਿਵੇਸ਼ਕਾਂ 'ਚ ਘਬਰਾਹਟ ਕਾਰਨ ਸਟਾਕਸ ਬਾਜ਼ਾਰ ਲਾਲ ਨਿਸ਼ਾਨ 'ਚ ਬੰਦ ਹੋਏ। 
 

 

ਡਾਓ ਜੋਂਸ 68.77 ਅੰਕ ਯਾਨੀ 0.3 ਫੀਸਦੀ ਡਿੱਗ ਕੇ 27,154.20 'ਤੇ ਬੰਦ ਹੋਇਆ। ਐੱਸ. ਐਂਡ ਪੀ.-500 ਇੰਡੈਕਸ 0.6 ਫੀਸਦੀ ਦੀ ਗਿਰਾਵਟ 'ਚ 2,976.61 'ਤੇ ਜਾ ਪੁੱਜਾ। ਨੈਸਡੈਕ ਕੰਪੋਜ਼ਿਟ 0.7 ਫੀਸਦੀ ਟੁੱਟ ਕੇ 8,146.49 ਦੇ ਪੱਧਰ 'ਤੇ ਬੰਦ ਹੋਇਆ।
ਪਿਛਲਾ ਹਫਤਾ ਐੱਸ. ਐਂਡ ਪੀ.-500 ਤੇ ਨੈਸਡੈਕ ਕੰਪੋਜ਼ਿਟ ਲਈ ਮਈ ਦੇ ਅੰਤਿਮ ਦਿਨਾਂ ਮਗਰੋਂ ਸਭ ਤੋਂ ਖਰਾਬ ਰਿਹਾ। ਨੈਸਡੈਕ ਕੰਪੋਜ਼ਿਟ ਤੇ ਐੱਸ. ਐਂਡ ਪੀ.-500 ਦੋਹਾਂ ਨੇ ਇਸ ਹਫਤੇ 1 ਫੀਸਦੀ ਤੋਂ ਵਧ ਦੀ ਗਿਰਾਵਟ ਦਰਜ ਕੀਤੀ ਹੈ। ਡਾਓ ਜੋਂਸ ਨੇ ਹਫਤੇ 'ਚ ਕੁੱਲ ਮਿਲਾ ਕੇ 0.6 ਫੀਸਦੀ ਦਾ ਨੁਕਸਾਨ ਦਰਜ ਕੀਤਾ ਹੈ, ਜਦੋਂ ਕਿ ਹਫਤੇ ਦੇ ਸ਼ੁਰੂ 'ਚ ਤਿੰਨੋਂ ਪ੍ਰਮੁੱਖ ਇੰਡੈਕਸ ਨੇ ਆਲਟਾਈਮ ਹਾਈ ਦਾ ਪੱਧਰ ਦਰਜ ਕੀਤਾ ਸੀ।

ਕਾਰਪੋਰੇਟ ਤਿਮਾਹੀ ਨਤੀਜੇ ਵੀ ਬਾਜ਼ਾਰ ਦੀ ਚਾਲ ਨਿਰਧਾਰਤ ਕਰ ਰਹੇ ਹਨ। ਐੱਸ. ਐਂਡ ਪੀ.-500 ਕੰਪਨੀਆਂ 'ਚੋਂ 15 ਫੀਸਦੀ ਫਰਮਾਂ ਆਪਣੇ ਤਿਮਾਹੀ ਨਤੀਜੇ ਜਾਰੀ ਕਰ ਚੁੱਕੀਆਂ ਹਨ। ਇਨ੍ਹਾਂ 'ਚੋਂ 79 ਫੀਸਦੀ ਨੇ ਬਾਜ਼ਾਰ ਉਮੀਦਾਂ ਤੋਂ ਬਿਹਤਰ ਨਤੀਜੇ ਦਿੱਤੇ ਹਨ। ਉੱਥੇ ਹੀ, ਸ਼ੁੱਕਰਵਾਰ ਮਾਈਕਰੋਸਾਫਟ ਦੇ ਨਤੀਜੇ ਵੀ ਬਿਹਤਰ ਰਹੇ, ਜਿਸ ਨਾਲ ਉਸ ਦੇ ਸਟਾਕਸ 0.15 ਫੀਸਦੀ ਤਕ ਉਛਲ ਕੇ ਬੰਦ ਹੋਏ। ਨਿਵੇਸ਼ਕਾਂ ਲਈ ਅਗਲਾ ਹਫਤਾ ਕਾਫੀ ਰੁਝੇਵੇਂ ਵਾਲਾ ਰਹਿਣਾ ਵਾਲਾ ਹੈ ਕਿਉਂਕਿ ਐੱਸ. ਐਂਡ ਪੀ.-500 ਦੀਆਂ ਲਗਭਗ 25 ਫੀਸਦੀ ਕੰਪਨੀਆਂ ਤਿਮਾਹੀ ਨਤੀਜੇ ਜਾਰੀ ਕਰਨਗੀਆਂ। ਹਾਲਾਂਕਿ ਬਾਜ਼ਾਰ ਨੂੰ ਇਸ ਵਾਰ ਤਿਮਾਹੀ ਨਤੀਜੇ ਸੁਸਤ ਰਹਿਣ ਦੀ ਉਮੀਦ ਹੈ।


Related News