ਸ਼ੁੱਕਰਵਾਰ ਹਰੇ ਨਿਸ਼ਾਨ ਵਿਚ ਬੰਦ ਹੋਏ U.S. ਬਾਜ਼ਾਰ, ਡਾਓ 'ਚ ਇੰਨਾ ਉਛਾਲ

08/17/2019 8:38:46 AM

ਵਾਸ਼ਿੰਗਟਨ— ਸ਼ੁੱਕਰਵਾਰ ਵਾਲਸਟ੍ਰੀਟ 'ਚ ਕਾਰੋਬਾਰ ਸ਼ਾਨਦਾਰ ਰਿਹਾ। ਡਾਓ ਜੋਂਸ, ਐੱਸ. ਐਂਡ ਪੀ.-500 ਇੰਡੈਕਸ ਅਤੇ ਨੈਸਡੈਕ ਹਰੇ ਨਿਸ਼ਾਨ 'ਚ ਬੰਦ ਹੋਏ। ਡਾਓ ਜੋਂਸ 'ਚ 306.62 ਅੰਕ ਯਾਨੀ 1.2 ਫੀਸਦੀ ਦੀ ਤੇਜ਼ੀ ਦਰਜ ਹੋਈ ਤੇ ਇਹ 25,886 ਦੇ ਪੱਧਰ 'ਤੇ ਬੰਦ ਹੋਇਆ।

 

ਉੱਥੇ ਹੀ, ਐੱਸ. ਐਂਡ ਪੀ.-500 ਨੇ 41.08 ਅੰਕ ਯਾਨੀ 1.4 ਫੀਸਦੀ ਦੀ ਬੜ੍ਹਤ ਦਰਜ ਕੀਤੀ ਤੇ 2,888.68 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਇਲਾਵਾ ਨੈਸਡੈਕ ਕੰਪੋਜ਼ਿਟ 1.7 ਫੀਸਦੀ ਦਾ ਉਛਾਲ ਦਰਜ ਕਰਕੇ 7,895.99 ਦੇ ਪੱਧਰ 'ਤੇ ਬੰਦ ਹੋਇਆ। ਸ਼ੁੱਕਰਵਾਰ ਤਿੰਨੋਂ ਇੰਡੈਕਸ ਬੇਸ਼ੱਕ ਮਜਬੂਤੀ 'ਚ ਬੰਦ ਹੋਏ ਹਨ ਪਰ ਡਾਓ ਜੋਂਸ ਨੇ ਹਫਤਾਵਾਰੀ 1.5 ਫੀਸਦੀ ਦੀ ਗਿਰਾਵਟ ਦਰਜ ਕੀਤੀ ਹੈ।
ਸ਼ੁੱਕਰਵਾਰ 30 ਸਾਲਾ ਬਾਂਡ ਯੀਲਡ 'ਚ ਮਜਬੂਤੀ ਦਰਜ ਕੀਤੀ ਗਈ, ਜੋ ਵੀਰਵਾਰ ਨੂੰ ਇਤਿਹਾਸਕ ਹੇਠਲੇ ਪੱਧਰ 'ਤੇ ਚਲੀ ਗਈ ਸੀ। ਬਾਂਡ ਯੀਲਡ 'ਚ ਤੇਜ਼ੀ ਨਾਲ ਬੈਂਕਿੰਗ ਸਟਾਕਸ 'ਚ ਬੜ੍ਹਤ ਦਰਜ ਕੀਤੀ ਗਈ। ਸਿਟੀ ਗਰੁੱਪ ਤੇ ਬੈਂਕ ਆਫ ਅਮਰੀਕਾ 'ਚ ਕ੍ਰਮਵਾਰ 3.5 ਫੀਸਦੀ ਤੇ 3 ਫੀਸਦੀ ਦੀ ਮਜਬੂਤੀ ਆਈ। ਉੱਥੇ ਹੀ, ਚੀਨ ਤੇ ਯੂ. ਐੱਸ. ਵਿਚਕਾਰ ਵਪਾਰਕ ਯੁੱਧ ਹਾਲੇ ਵੀ ਬਾਜ਼ਾਰ ਲਈ ਸਿਰਦਰਦੀ ਬਣਿਆ ਹੋਇਆ ਹੈ। ਡੋਨਾਲਡ ਟਰੰਪ ਨੇ ਇਸ ਹਫਤੇ ਘੋਸ਼ਣਾ ਕੀਤੀ ਹੈ ਕਿ ਯੂ. ਐੱਸ. ਚੀਨੀ ਸਮਾਨਾਂ 'ਤੇ ਟੈਰਿਫ ਦਸੰਬਰ 'ਚ ਲਗਾਵੇਗਾ ਜੋ ਪਹਿਲਾਂ ਸਤੰਬਰ 'ਚ ਲਾਗੂ ਹੋਣ ਵਾਲਾ ਸੀ। ਹਾਲਾਂਕਿ ਚੀਨ ਨੇ ਇਸ 'ਤੇ ਫਿਰ ਵੀ ਸਖਤੀ ਦਿਖਾਈ ਹੈ। ਚੀਨ ਦਾ ਕਹਿਣਾ ਹੈ ਕਿ ਟਰੰਪ ਵੱਲੋਂ ਚੀਨੀ ਸਮਾਨਾਂ 'ਤੇ ਟੈਰਿਫ ਲਾਉਣ ਨਾਲ ਉਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾਵੇਗੀ।


Related News