US ਬਾਜ਼ਾਰ ਲਾਲ ਨਿਸ਼ਾਨ ''ਤੇ ਬੰਦ, ਡਾਓ ਨੇ ਲਾਈ 227 ਅੰਕ ਦੀ ਡੁੱਬਕੀ

02/22/2020 11:36:21 AM

ਵਾਸ਼ਿੰਗਟਨ— ਗਲੋਬਲ ਇਕਨੋਮੀ 'ਤੇ ਹੁਣ ਸਿੱਧਾ-ਸਿੱਧਾ ਕੋਰੋਨਾ ਵਾਇਰਸ ਦਾ ਖਤਰਾ ਮੰਡਰਾਉਣ ਦਾ ਖਦਸ਼ਾ ਦਿਸਣ ਲੱਗਾ ਹੈ। ਸ਼ੁੱਕਰਵਾਰ ਨੂੰ ਯੂ. ਐੱਸ. ਬਾਜ਼ਾਰ ਇਸ ਚਿੰਤਾ 'ਚ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ। ਡਾਓ ਜੋਂਸ ਦੀ 227.57 ਅੰਕ ਯਾਨੀ 0.8 ਫੀਸਦੀ ਦੀ ਡੁੱਬਕੀ ਲੱਗੀ ਅਤੇ ਇਹ 28,992.41 ਦੇ ਪੱਧਰ 'ਤੇ ਬੰਦ ਹੋਇਆ ਹੈ। ਐੱਸ. ਐਂਡ ਪੀ.-500 ਇੰਡੈਕਸ 1.1 ਫੀਸਦੀ ਦੀ ਗਿਰਾਵਟ ਨਾਲ 3,337.75 ਦੇ ਪੱਧਰ 'ਤੇ, ਜਦੋਂ ਕਿ ਨੈਸਡੈਕ ਕੰਪੋਜ਼ਿਟ 1.8 ਫੀਸਦੀ ਦੀ ਗੱਸ਼ ਖਾ ਕੇ 9,576.59 ਦੇ ਪੱਧਰ 'ਤੇ ਬੰਦ ਹੋਇਆ ਹੈ। ਸ਼ੁੱਕਰਵਾਰ ਦੀ ਗਿਰਾਵਟ ਕਾਰਨ ਡਾਓ ਜੋਂਸ, ਐੱਸ. ਐਂਡ ਪੀ.-500 ਤੇ ਨੈਸਡੈਕ ਕੰਪੋਜ਼ਿਟ ਹਫਤੇ ਭਰ ਦੇ ਹਿਸਾਬ ਨਾਲ 1 ਫੀਸਦੀ ਤੋਂ ਵੱਧ ਡਾਊਨ ਹੋਏ ਹਨ।

 

ਸ਼ੁੱਕਰਵਾਰ ਨੂੰ ਮਾਈਕਰੋਸਾਫਟ 'ਚ 3 ਫੀਸਦੀ ਤੋਂ ਵੱਧ ਦੀ ਗਿਰਾਵਟ ਦਰਜ ਹੋਈ, ਜੋ ਡਾਓ 'ਚ ਕਮਜ਼ੋਰੀ ਦਾ ਪ੍ਰਮੁੱਖ ਕਾਰਨ ਰਿਹਾ। ਤਕਨਾਲੋਜੀ ਸੈਕਟਰ 'ਚ 2.3 ਫੀਸਦੀ ਦੀ ਗਿਰਾਵਟ ਨਾਲ ਐੱਸ. ਐਂਡ ਪੀ.-500 'ਤੇ ਦਬਾਅ ਬਣਿਆ। ਇਸ ਤੋਂ ਇਲਾਵਾ ਫੇਸਬੁੱਕ, ਐਮਾਜ਼ੋਨ, ਨੈੱਟਫਲਿਕਸ, ਅਲਫਾਬੇਟ ਅਤੇ ਐਪਲ ਘੱਟੋ-ਘੱਟ 1.5 ਫੀਸਦੀ ਦੀ ਗਿਰਾਵਟ 'ਚ ਬੰਦ ਹੋਏ, ਜਿਸ ਕਾਰਨ ਨੈਸਡੈਕ ਕੰਪੋਜ਼ਿਟ 1.8 ਫੀਸਦੀ ਤੱਕ ਟੁੱਟ ਕੇ 9,500 ਦੇ ਨਜ਼ਦੀਕ ਜਾ ਪੁੱਜਾ।

ਸ਼ੁੱਕਰਵਾਰ ਤੱਕ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ 75,000 ਤੋਂ ਵੱਧ ਕੋਰੋਨਾ ਵਾਇਰਸ ਪੀੜਤਾਂ ਦੀ ਪੁਸ਼ਟੀ ਤੇ 2,000 ਤੋਂ ਵੱਧ ਮੌਤਾਂ ਦੀ ਰਿਪੋਰਟ ਕੀਤੀ ਹੈ। ਵਿਸ਼ਵ ਦੇ ਹੋਰ ਦੇਸ਼ਾਂ 'ਚ ਵੀ ਕਈ ਨਵੇਂ ਮਾਮਲੇ ਸਾਹਮਣੇ ਆਏ ਹਨ। ਦੱਖਣੀ ਕੋਰੀਆ 'ਚ 200 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਪਹਿਲਾਂ ਤੋਂ ਹੀ ਸੰਕਟ ਦਾ ਸਾਹਮਣਾ ਕਰ ਰਹੀ ਚੀਨੀ ਆਰਥਿਕਤਾ 'ਤੇ ਵਾਇਰਸ ਨੇ ਹੋਰ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੱਤਾ ਹੈ। 'ਚਾਈਨਾ ਪੈਸੈਂਜਰ ਕਾਰ ਐਸੋਸੀਏਸ਼ਨ' ਦੇ ਡਾਟਾ ਮੁਤਾਬਕ, ਫਰਵਰੀ ਦੇ ਪਹਿਲੇ ਦੋ ਹਫਤਿਆਂ 'ਚ ਕਾਰਾਂ ਦੀ ਵਿਕਰੀ 92 ਫੀਸਦੀ ਘੱਟ ਰਹੀ। ਉੱਥੇ ਹੀ, ਐਪਲ ਸਮੇਤ ਕਈ ਯੂ. ਐੱਸ. ਫਰਮਾਂ ਨੇ ਵੀ ਵਾਇਰਸ ਕਾਰਨ ਆਮਦਨੀ 'ਚ ਗਿਰਾਵਟ ਦਾ ਖਦਸ਼ਾ ਪ੍ਰਗਟ ਕੀਤਾ ਹੈ।


Related News