ਵਿੰਡੀਜ਼ ਖਿਲਾਫ ਪਹਿਲੇ ਟੀ-20 'ਚ ਚਾਹਲ ਦਾ ਕਮਾਲ, ਅਸ਼ਵਿਨ ਦੇ ਇਸ ਰਿਕਾਰਡ ਦੀ ਕੀਤੀ ਬਰਾਬਰੀ
Saturday, Dec 07, 2019 - 10:54 AM (IST)

ਸਪੋਰਟਸ ਡੈਸਕ— ਕਪਤਾਨ ਵਿਰਾਟ ਕੋਹਲੀ ਦੀ ਅਜੇਤੂ 94 ਦੌੜਾਂ ਦੀ ਸਰਵਸ੍ਰੇਸ਼ਠ ਪਾਰੀ ਤੇ ਓਪਨਰ ਲੋਕੇਸ਼ ਰਾਹੁਲ (62) ਦੇ ਬਿਹਤਰੀਨ ਅਰਧ ਸੈਂਕੜੇ ਅਤੇ ਦੋਵਾਂ ਵਿਚਾਲੇ ਦੂਜੀ ਵਿਕਟ ਲਈ 100 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਵੈਸਟਇੰਡੀਜ਼ ਨੂੰ ਪਹਿਲੇ ਟੀ-20 ਮੁਕਾਬਲੇ 'ਚ ਸ਼ੁੱਕਰਵਾਰ ਨੂੰ 6 ਵਿਕਟਾਂ ਨਾਲ ਹਰਾ ਕੇ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕਰ ਲਈ। ਭਾਰਤ ਨੇ ਇਸ ਜਿੱਤ ਦੇ ਨਾਲ 3 ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਵੀ ਬਣਾ ਲਈ। ਭਾਰਤੀ ਕ੍ਰਿਕਟ ਟੀਮ ਦੇ ਸਟਾਰ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਵੈਸਟਇੰਡੀਜ਼ ਖਿਲਾਫ ਪਹਿਲੇ ਟੀ-20 ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ।
ਅਸ਼ਵਿਨ ਦੇ ਰਿਕਾਰਡ ਦੀ ਕੀਤੀ ਬਰਾਬਰੀ
29 ਸਾਲਾ ਚਾਹਲ ਨੇ ਟੀ-20 ਕ੍ਰਿਕਟ 'ਚ ਭਾਰਤ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ 'ਚ ਭਾਰਤ ਦੇ ਆਫ ਸਪਿਨਰ ਰਵਿਚੰਦਰਨ ਅਸ਼ਵਿਨ ਦੇ ਇਕ ਰਿਕਾਰਡ ਦੀ ਬਰਾਬਰੀ ਕਰ ਲਈ। ਚਾਹਲ ਨੇ ਇਸ ਮੈਚ 'ਚ 36 ਦੌੜਾਂ ਖਰਚ ਕਰ 2 ਵਿਕਟਾਂ ਹਾਸਲ ਕੀਤੀਆਂ। ਭਾਰਤ ਲਈ ਖੇਡ ਦੇ ਸਭ ਤੋਂ ਛੋਟੇ ਫਾਰਮੈਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ 'ਚ ਚਾਹਲ ਅਤੇ ਅਸ਼ਵਿਨ ਹੁਣ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਹਨ। ਦੋਵਾਂ ਗੇਂਦਬਾਜ਼ਾਂ ਦੇ ਨਾਂ 52-52 ਵਿਕਟਾਂ ਹਨ। ਚਾਹਲ ਨੇ ਇਸ ਮੈਚ 'ਚ ਪਹਿਲਾਂ ਸ਼ਿਮਰਨ ਹੇਟਮਾਇਰ ਨੂੰ ਰੋਹਿਤ ਸ਼ਰਮਾ ਦੇ ਹੱਥੋਂ ਕੈਚ ਆਊਟ ਕਰਵਾਇਆ। ਉਹ 56 ਦੌੜਾਂ ਬਣਾ ਆਊਟ ਹੋਇਆ। ਫਿਰ ਇਸ ਤੋਂ ਬਾਅਦ ਵਿੰਡੀਜ਼ ਦੇ ਕਪਤਾਨ ਕਿਰੋਨ ਪੋਲਾਰਡ ਨੂੰ 37 ਦੌੜਾਂ ਦੇ ਨਿਜੀ ਸਕੋਰ 'ਤੇ ਬੋਲਡ ਕਰ ਅਸ਼ਵਿਨ ਦੇ ਰਿਕਾਰਡ ਦੀ ਬਰਾਬਰੀ ਕੀਤੀ।
ਭਾਰਤੀ ਸਟਾਰ ਗੇਂਦਬਾਜ਼ ਚਾਹਲ ਨੇ ਇਸ ਮੈਚ ਤੋਂ ਪਹਿਲਾਂ 34 ਮੈਚਾਂ 'ਚ 21.34 ਦੀ ਔਸਤ ਨਾਲ 50 ਵਿਕਟਾਂ ਲੈ ਚੁੱਕਾ ਸੀ। ਖ਼ੁਰਾਂਟ ਆਫ ਸਪਿਨਰ ਰਵਿਚੰਦਰਨ ਅਸ਼ਵਿਨ ਨੇ 46 ਮੈਚਾਂ 'ਚ 52 ਵਿਕਟਾਂ ਹਾਸਲਕ ਕੀਤੀਆਂ ਹਨ ਜਦੋਂ ਕਿ ਜਸਪ੍ਰੀਤ ਬੁਮਰਾਹ ਨੇ 42 ਮੈਚਾਂ 'ਚ 51 ਵਿਕਟਾਂ ਹਾਸਲ ਕੀਤੀ ਹਨ। ਅਸ਼ਵਿਨ ਅਤੇ ਬੁਮਰਾਹ ਦੇ ਇਸ ਸੀਰੀਜ਼ 'ਚ ਨਾ ਖੇਡਣ ਦਾ ਚਾਹਲ ਨੂੰ ਫਾਇਦਾ ਮਿਲਿਆ।