ਕੀ ਠੰਡੇ ਬਸਤੇ ਪੈ ਗਈ ਯੁਵਰਾਜ ਸਿੰਘ ਦੀ ਬਾਇਓਪਿਕ, ਕਰਨ ਜੌਹਰ ਨਾਲ ਨਹੀਂ ਬਣੀ ਇਸ ਗੱਲ ’ਤੇ ਸਹਿਮਤੀ
Friday, Oct 08, 2021 - 06:31 PM (IST)
ਮੁੰਬਈ (ਬਿਊਰੋ)– ਹਿੰਦੀ ਫ਼ਿਲਮ ਜਗਤ ’ਚ ਬਹੁਤ ਸਾਰੇ ਖਿਡਾਰੀਆਂ ਦੀ ਬਾਇਓਪਿਕ ਬਣਾਈ ਗਈ ਹੈ। ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਐੱਮ. ਐੱਸ. ਧੋਨੀ ਦੀ ਬਾਇਓਪਿਕ ਕੀਤੀ, ਜਦਕਿ ਪ੍ਰਿਅੰਕਾ ਚੋਪੜਾ ਨੇ ਦਿੱਗਜ ਮੁੱਕੇਬਾਜ਼ ਐੱਮ. ਸੀ. ਮੈਰੀਕਾਮ ਦੀ ਬਾਇਓਪਿਕ ’ਚ ਮੁੱਖ ਭੂਮਿਕਾ ਨਿਭਾਈ। ਅਦਾਕਾਰ ਇਮਰਾਨ ਹਾਸ਼ਮੀ ਨੇ ਮੁਹੰਮਦ ਅਜ਼ਹਰੂਦੀਨ ਦੀ ਬਾਇਓਪਿਕ ’ਚ ਉਨ੍ਹਾਂ ਦੀ ਜ਼ਿੰਦਗੀ ਪਰਦੇ ’ਤੇ ਲਿਆਂਦੀ। ਇਸ ਦੇ ਨਾਲ ਹੀ ਫਰਹਾਨ ਅਖਤਰ ਨੇ ਮਿਲਖਾ ਸਿੰਘ ਵਰਗੇ ਖਿਡਾਰੀ ਦੀ ਭੂਮਿਕਾ ਨਿਭਾਈ ਸੀ।
ਇਹ ਖ਼ਬਰ ਵੀ ਪੜ੍ਹੋ : ਡਰੱਗਸ ਕੇਸ : ਸ਼ਾਹਰੁਖ ਦੇ ਪੁੱਤਰ 'ਤੇ ਕੰਗਨਾ ਦਾ ਸ਼ਬਦੀ ਹਮਲਾ, ਕਿਹਾ 'ਆਰੀਅਨ ਦੇ ਬਚਾਅ 'ਚ ਆ ਰਹੇ ਨੇ ਮਾਫੀਆ ਪੱਪੂ'
ਇਸ ਦੌਰਾਨ ਖ਼ਬਰ ਆਈ ਕਿ ਸਾਬਕਾ ਧਾਕੜ ਕ੍ਰਿਕਟਰ ਯੁਵਰਾਜ ਸਿੰਘ ’ਤੇ ਫ਼ਿਲਮ ਬਣਨ ਜਾ ਰਹੀ ਹੈ, ਜਿਸ ਕਾਰਨ ਕ੍ਰਿਕਟ ਪ੍ਰੇਮੀਆਂ ਦੇ ਨਾਲ-ਨਾਲ ਫ਼ਿਲਮ ਪ੍ਰੇਮੀਆਂ ’ਚ ਵੀ ਖ਼ੁਸ਼ੀ ਸੀ। ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਤੇ ਨਿਰਦੇਸ਼ਕ ਕਰਨ ਜੌਹਰ ਯੁਵਰਾਜ ਦੀ ਬਾਇਓਪਿਕ ਬਣਾਉਣ ਜਾ ਰਹੇ ਸਨ ਪਰ ਹੁਣ ਉਨ੍ਹਾਂ ਨੇ ‘ਸਿਕਸਰ ਕਿੰਗ’ ਦੀ ਮੰਗ ਕਾਰਨ ਇਸ ਪ੍ਰਾਜੈਕਟ ਨੂੰ ਰੱਦ ਕਰ ਦਿੱਤਾ ਹੈ।
ਕਰਨ ਜੌਹਰ ਯੁਵਰਾਜ ਸਿੰਘ ਦੇ ਜੀਵਨ ’ਤੇ ਬਾਇਓਪਿਕ ਬਣਾਉਣ ਨੂੰ ਲੈ ਕੇ ਬਹੁਤ ਉਤਸ਼ਾਹਿਤ ਸਨ ਪਰ ਇਸ ਦੌਰਾਨ ਕੁਝ ਅਜਿਹਾ ਹੋਇਆ, ਜਿਸ ਕਾਰਨ ਕਰਨ ਨੇ ਹੁਣ ਬਾਇਓਪਿਕ ਬਣਾਉਣ ਦਾ ਵਿਚਾਰ ਛੱਡ ਦਿੱਤਾ ਹੈ। ਯੁਵਰਾਜ ਦੀ ਜ਼ਿੰਦਗੀ ਉਤਾਰ-ਚੜ੍ਹਾਅ ਨਾਲ ਭਰੀ ਰਹੀ। ਕ੍ਰਿਕਟ ’ਚ ਉਨ੍ਹਾਂ ਦੇ ਨਾਂਅ ਕਈ ਵੱਡੇ ਰਿਕਾਰਡ ਹਨ। ਇਸ ਦੇ ਨਾਲ, ਉਸ ਨੇ ਕੈਂਸਰ ਵਰਗੀ ਘਾਤਕ ਬੀਮਾਰੀ ਨੂੰ ਵੀ ਹਰਾਇਆ ਤੇ ਕ੍ਰਿਕਟ ਦੇ ਮੈਦਾਨ ’ਤੇ ਦੁਬਾਰਾ ਚੌਕਿਆਂ ਤੇ ਛੱਕਿਆਂ ਦਾ ਮੀਂਹ ਵਰ੍ਹਾਇਆ। ਕਰਨ ਜੌਹਰ ਨੇ ਯੁਵਰਾਜ ਦੀ ਜ਼ਿੰਦਗੀ ਨੂੰ ਵੱਡੇ ਪਰਦੇ ’ਤੇ ਲਿਆਉਣ ਦੀ ਇੱਛਾ ਜ਼ਾਹਿਰ ਕੀਤੀ। ਇਸ ਬਾਰੇ ਦੋਵਾਂ ਦਰਮਿਆਨ ਕਈ ਮੀਟਿੰਗਾਂ ਹੋਈਆਂ ਪਰ ਮਾਮਲਾ ਸੁਲਝ ਨਹੀਂ ਸਕਿਆ।
ਇਹ ਖ਼ਬਰ ਵੀ ਪੜ੍ਹੋ : ਸੋਨਮ ਬਾਜਵਾ ਨਾਲ ਮਿਲ ਸ਼ਹਿਨਾਜ਼ ਗਿੱਲ ਨੇ ਕੁੱਟਿਆ ਦਿਲਜੀਤ ਦੋਸਾਂਝ, ਨਵੀਂ ਵੀਡੀਓ ਆਈ ਸਾਹਮਣੇ
ਦੱਸਿਆ ਜਾ ਰਿਹਾ ਹੈ ਕਿ ਯੁਵਰਾਜ ਸਿੰਘ ਬਾਲੀਵੁੱਡ ਦੇ ਇਕ ਵੱਡੇ ਸਿਤਾਰੇ ਨੂੰ ਆਪਣੀ ਭੂਮਿਕਾ ’ਚ ਦੇਖਣਾ ਚਾਹੁੰਦੇ ਸਨ ਪਰ ਕਰਨ ਚਾਹੁੰਦੇ ਸਨ ਕਿ ਉਨ੍ਹਾਂ ਦਾ ਕਿਰਦਾਰ ‘ਗਲੀ ਬੁਆਏ’ ਫੇਮ ਸਿਧਾਂਤ ਚਤੁਰਵੇਦੀ ਨਿਭਾਏ। ਸਿਧਾਂਤ ਨੇ ਵੈੱਬ ਸੀਰੀਜ਼ ‘ਇਨਸਾਈਡ ਐੱਜ’ ’ਚ ਇਕ ਕ੍ਰਿਕਟਰ ਦਾ ਕਿਰਦਾਰ ਵੀ ਨਿਭਾਇਆ ਹੈ। ਇੰਨਾ ਹੀ ਨਹੀਂ, ਕਰਨ ਦਾ ਮੰਨਣਾ ਹੈ ਕਿ ਉਸ ਦਾ ਚਿਹਰਾ ਯੁਵਰਾਜ ਨਾਲ ਮਿਲਦਾ ਹੈ। ਅਜਿਹੀ ਸਥਿਤੀ ’ਚ ਸਿਧਾਂਤ ਸੰਪੂਰਨ ਕਾਸਟਿੰਗ ਹੈ ਪਰ ਯੁਵਰਾਜ ਸਿੰਘ ਨੇ ਕਰਨ ਦੀ ਚੋਣ ਨੂੰ ਸਿੱਧਾ ਰੱਦ ਕਰ ਦਿੱਤਾ ਹੈ।
ਖ਼ਬਰਾਂ ਅਨੁਸਾਰ ਯੁਵਰਾਜ ਚਾਹੁੰਦੇ ਸਨ ਕਿ ਉਨ੍ਹਾਂ ਦੀ ਭੂਮਿਕਾ ਰਿਤਿਕ ਰੌਸ਼ਨ ਜਾਂ ਫਿਰ ਰਣਬੀਰ ਕਪੂਰ ਨਿਭਾਉਣ ਪਰ ਕਰਨ ਨੇ ਉਸ ਦੀ ਮੰਗ ਨਹੀਂ ਮੰਨੀ। ਉਨ੍ਹਾਂ ਕਿਹਾ ਕਿ ਉਹ ਕਹਾਣੀ ਅਨੁਸਾਰ ਅਦਾਕਾਰ ਦੀ ਚੋਣ ਕਰਨਗੇ। ਕਰਨ ਜੌਹਰ ਦਾ ਮੰਨਣਾ ਹੈ ਕਿ ਯੁਵਰਾਜ ਬਹੁਤ ਵੱਡੀ ਸ਼ਖਸੀਅਤ ਹੈ, ਜੇਕਰ ਕੋਈ ਵੀ ਚੰਗਾ ਅਦਾਕਾਰ ਉਸ ਦੀ ਭੂਮਿਕਾ ਨੂੰ ਪਰਦੇ ’ਤੇ ਪੇਸ਼ ਕਰੇਗਾ ਤਾਂ ਲੋਕ ਉਸ ਨੂੰ ਜ਼ਰੂਰ ਪਸੰਦ ਕਰਨਗੇ। ਫਿਲਹਾਲ, ਅਜਿਹਾ ਲੱਗਦਾ ਹੈ ਕਿ ਯੁਵਰਾਜ ਦੀ ਬਾਇਓਪਿਕ ਨੂੰ ਰੋਕ ਦਿੱਤਾ ਗਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।