ਕ੍ਰਿਕਟਰ ਯੁਵਰਾਜ ਸਿੰਘ ਨੂੰ ਹਾਈਕੋਰਟ ਤੋਂ ਝਟਕਾ, SC-ST ਐਕਟ ਤਹਿਤ ਚੱਲੇਗਾ ਮੁਕੱਦਮਾ

02/18/2022 2:05:43 PM

ਹਿਸਾਰ (ਵਾਰਤਾ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੂੰ ਝਟਕਾ ਦਿੰਦੇ ਹੋਏ ਅਨੁਸੂਚਿਤ ਜਾਤੀ ਅਤੇ ਜਨਜਾਤੀ ਐਕਟ ਦੇ ਤਹਿਤ ਉਨ੍ਹਾਂ ਖ਼ਿਲਾਫ਼ ਹਾਂਸੀ 'ਚ ਦਰਜ ਮਾਮਲੇ ਨੂੰ ਖਾਰਿਜ ਕਰਨ ਨੂੰ ਲੈ ਕੇ ਦਾਇਰ ਪਟੀਸ਼ਨ 'ਤੇ ਵੀਰਵਾਰ ਨੂੰ ਕੁਝ ਰਾਹਤ ਦਿੰਦੇ ਹੋਏ ਇਸ ਨੂੰ ਖਾਰਿਜ ਕਰ ਦਿੱਤਾ। ਜਸਟਿਸ ਅਮੋਲ ਰਤਨ ਸਿੰਘ ਦੀ ਡਿਵੀਜ਼ਨ ਬੈਂਚ ਦੇ ਫ਼ੈਸਲੇ ਅਨੁਸਾਰ ਉਕਤ ਐਕਟ ਤਹਿਤ ਯੁਵਰਾਜ ਖ਼ਿਲਾਫ਼ ਮਾਮਲਾ ਦਰਜ ਚੱਲੇਗਾ ਪਰ ਇਸ ਵਿਚ ਸ਼ਾਮਲ ਧਾਰਾ 153ਏ ਹਟਾ ਦਿੱਤੀ ਗਈ ਹੈ। ਯੁਵਰਾਜ ਨੇ ਹਾਂਸੀ ਸਿਟੀ ਪੁਲਸ ਸਟੇਸ਼ਨ 'ਚ ਆਪਣੇ ਖ਼ਿਲਾਫ਼ ਦਰਜ ਮਾਮਲੇ ਨੂੰ ਰੱਦ ਕਰਨ ਲਈ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਅੱਜ ਇਕ ਹੁਕਮ ਜਾਰੀ ਕਰਕੇ ਅੰਸ਼ਕ ਤੌਰ 'ਤੇ ਖਾਰਿਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਡੈਬਿਊ ਮੈਚ 'ਚ ਪਲੇਅਰ ਆਫ ਦਿ ਮੈਚ ਦਾ ਖ਼ਿਤਾਬ ਜਿੱਤਣ ਵਾਲੇ 6ਵੇਂ ਭਾਰਤੀ ਖਿਡਾਰੀ ਬਣੇ ਰਵੀ ਬਿਸ਼ਨੋਈ

ਮਾਮਲੇ ਵਿਚ ਸ਼ਿਕਾਇਤਕਰਤਾ ਰਜਤ ਕਲਸਨ ਦੇ ਵਕੀਲ ਅਰਜੁਨ ਸ਼ਿਓਰਾਨ ਨੇ ਕਿਹਾ ਕਿ ਅਦਾਲਤ ਦੇ ਹੁਕਮਾਂ ਅਨੁਸਾਰ ਯੁਵਰਾਜ ਸਿੰਘ ਖ਼ਿਲਾਫ਼ ਮਾਮਲਾ ਚੱਲੇਗਾ ਪਰ ਇਸ ਵਿਚੋਂ ਧਾਰਾ 153ਏ ਹਟਾ ਦਿੱਤੀ ਗਈ ਹੈ। ਅਦਾਲਤ ਨੇ ਯੁਵਰਾਜ ਦੀ ਇਸ ਦਲੀਲ ਨੂੰ ਰੱਦ ਕਰ ਦਿੱਤਾ ਕਿ 'ਭੰਗੀ' ਸ਼ਬਦ ਭੰਗ ਪੀਣ ਵਾਲਿਆਂ ਲਈ ਵਰਤਿਆ ਜਾਂਦਾ ਹੈ। ਹੁਣ ਇਸ ਮਾਮਲੇ 'ਚ ਯੁਵਰਾਜ 'ਤੇ ਹਿਸਾਰ 'ਚ ਅਨੁਸੂਚਿਤ ਜਾਤੀ ਅਤੇ ਜਨਜਾਤੀ ਅੱਤਿਆਚਾਰ ਕਾਨੂੰਨ ਦੇ ਤਹਿਤ ਸਥਾਪਿਤ ਵਿਸ਼ੇਸ਼ ਅਦਾਲਤ 'ਚ ਮੁਕੱਦਮਾ ਚੱਲੇਗਾ ਅਤੇ ਉਨ੍ਹਾਂ ਨੂੰ ਹਰ ਪੇਸ਼ੀ 'ਤੇ ਅਦਾਲਤ 'ਚ ਪੇਸ਼ ਹੋਣਾ ਹੋਵੇਗਾ। ਇਸ ਤੋਂ ਪਹਿਲਾਂ ਪੰਜਾਬ ਹਰਿਆਣਾ ਹਾਈਕੋਰਟ ਨੇ ਯੁਵਰਾਜ ਦੇ ਖ਼ਿਲਾਫ਼ ਦਰਜ ਮਾਮਲੇ ਵਿਚ ਪਹਿਲਾਂ ਹੀ ਅਗਾਊਂ ਜ਼ਮਾਨਤ ਦੇ ਦਿੱਤੀ ਹੋਈ ਸੀ ਅਤੇ ਉਹ ਹਾਂਸੀ ਪੁਲਸ ਦੀ ਜਾਂਚ ਵਿਚ ਵੀ ਸ਼ਾਮਲ ਹੋ ਚੁੱਕੇ ਹਨ। ਹਾਂਸੀ ਪੁਲਸ ਨੇ ਇਸ ਮਾਮਲੇ ਵਿਚ ਰਸਮੀ ਤੌਰ ’ਤੇ ਯੁਵਰਾਜ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅੰਤ੍ਰਿਮ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ। ਹਾਂਸੀ ਪੁਲਸ ਹੁਣ ਹਿਸਾਰ ਦੀ ਵਿਸ਼ੇਸ਼ ਅਦਾਲਤ ਵਿਚ ਯੁਵਰਾਜ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰੇਗੀ।

ਇਹ ਵੀ ਪੜ੍ਹੋ: ਭਾਰਤੀ ਖੇਡ ਅਥਾਰਟੀ ਨੇ ਓਲੰਪਿਕ 2024 ਅਤੇ 2028 ਦੀ ਤਿਆਰੀ ਲਈ 398 ਕੋਚ ਕੀਤੇ ਨਿਯੁਕਤ

ਜ਼ਿਕਰਯੋਗ ਹੈ ਕਿ ਯੁਵਰਾਜ ਨੇ ਆਪਣੇ ਸਾਥੀ ਕ੍ਰਿਕਟਰ ਰੋਹਿਤ ਸ਼ਰਮਾ ਅਤੇ ਯੁਜਵੇਂਦਰ ਚਾਹਲ ਨਾਲ ਇੰਸਟਾਗ੍ਰਾਮ 'ਤੇ ਵੀਡੀਓ ਚੈਟ ਕਰਦੇ ਹੋਏ ਅਨੁਸੂਚਿਤ ਜਾਤੀ ਸਮਾਜ ਲਈ ਅਪਮਾਨਜਨਕ ਟਿੱਪਣੀ ਕੀਤੀ ਸੀ ਅਤੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ। ਹਾਂਸੀ ਦੇ ਦਲਿਤ ਅਧਿਕਾਰ ਕਾਰਕੁਨ ਰਜਤ ਕਲਸਨ ਨੇ ਯੁਵਰਾਜ ਦੇ ਖ਼ਿਲਾਫ਼ ਹਾਂਸੀ ਸਿਟੀ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕਰਵਾਇਆ ਸੀ, ਜਿਸ ਨੂੰ ਖਾਰਜ ਕਰਵਾਉਣ ਲਈ ਯੁਵਰਾਜ ਹਾਈ ਕੋਰਟ ਦਾ ਰੁਖ ਕੀਤਾ ਸੀ।

ਇਹ ਵੀ ਪੜ੍ਹੋ: ਇੰਗਲੈਂਡ ਦੇ ਸਾਬਕਾ ਕ੍ਰਿਕਟਰ ਕੇਵਿਨ ਪੀਟਰਸਨ ਨੇ PM ਮੋਦੀ ਤੋਂ ਮੰਗੀ ਮਦਦ, ਮਿਲਿਆ ਇਹ ਜਵਾਬ

ਸ਼ਿਕਾਇਤਕਰਤਾ ਰਜਤ ਕਲਸਨ ਨੇ ਯੁਵਰਾਜ ਸਿੰਘ ਤੋਂ ਇਲਾਵਾ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੀ ਅਭਿਨੇਤਰੀ ਮੁਨਮੁਨ ਦੱਤਾ ਉਰਫ਼ ਬਬੀਤਾ ਜੀ ਅਤੇ ਬਾਲੀਵੁੱਡ ਅਭਿਨੇਤਰੀ ਯੁਵਿਕਾ ਚੌਧਰੀ ਦੇ ਖ਼ਿਲਾਫ਼ ਵੀ ਸਿਟੀ ਥਾਣੇ 'ਚ ਮਾਮਲਾ ਦਰਜ ਕਰਵਾਇਆ ਹੈ, ਕਿਉਂਕਿ ਉਨ੍ਹਾਂ ਨੇ ਵੀ ਸੋਸ਼ਲ ਮੀਡੀਆ 'ਤੇ ਅਨੁਸੂਚਿਤ ਜਾਤੀ ਸਮਾਜ ਲਈ ਵੀਡੀਓ ਜਾਰੀ ਕਰਕੇ ਅਪਮਾਨਜਨਕ ਟਿੱਪਣੀ ਕੀਤੀ ਸੀ, ਜਿਸ ਲਈ ਉਨ੍ਹਾਂ ਨੂੰ ਪੁਲਸ ਜਾਂਚ ਵਿਚ ਸ਼ਾਮਲ ਹੋਣਾ ਪਿਆ ਸੀ। ਪੁਲਸ ਨੇ ਉਨ੍ਹਾਂ ਨੂੰ ਰਸਮੀ ਤੌਰ ’ਤੇ ਗ੍ਰਿਫ਼ਤਾਰ ਕਰਕੇ ਅੰਤ੍ਰਿਮ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ। ਹੁਣ ਹਾਂਸੀ ਪੁਲਸ ਲਈ ਯੁਵਰਾਜ, ਯੁਵਿਕਾ ਚੌਧਰੀ ਅਤੇ ਮੁਨਮੁਨ ਦੱਤਾ ਦੇ ਖ਼ਿਲਾਫ਼ ਵਿਸ਼ੇਸ਼ ਅਦਾਲਤ 'ਚ ਚਾਰਜਸ਼ੀਟ ਦਾਇਰ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News