ਯੁਕੀ ਵਿੰਬਲਡਨ ''ਚ ਫਾਬੀਆਨੋ ਦੇ ਖਿਲਾਫ ਕਰਨਗੇ ਮੁਹਿੰਮ ਦੀ ਸ਼ੁਰੂਆਤ
Saturday, Jun 30, 2018 - 11:46 AM (IST)

ਲੰਡਨ— ਭਾਰਤ ਦੇ ਚੋਟੀ ਦੇ ਸਿੰਗਲ ਟੈਨਿਸ ਖਿਡਾਰੀ ਯੁਕੀ ਭਾਂਬਰੀ ਵਿੰਬਲਡਨ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਆਪਣੇ ਪੁਰਾਣੇ ਮੁਕਾਬਲੇਬਾਜ਼ ਇਟਲੀ ਦੇ ਥਾਮਸ ਫਾਬੀਆਨੋ ਦੇ ਖਿਲਾਫ ਮੈਚ ਨਾਲ ਕਰਨਗੇ। ਇਸ ਮੇਜਰ ਗ੍ਰਾਸ ਕੋਰਟ ਟੂਰਨਾਮੈਂਟ ਦੇ ਡਬਲਜ਼ ਮੁਕਾਬਲਿਆਂ ਦੇ ਡਰਾਅ 'ਚ 6 ਭਾਰਤੀ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਯੁਕੀ ਇਟਲੀ ਦੇ ਇਸ ਖਿਡਾਰੀ ਦੇ ਖਿਲਾਫ ਤਿੰਨ ਵਾਰ ਖੇਡੇ ਹਨ ਪਰ ਹਰ ਵਾਰ ਉਨ੍ਹਾਂ ਦੇ ਹੱਥ ਨਿਰਾਸ਼ਾ ਲੱਗੀ ਹੈ।
ਪਿਛਲੀ ਵਾਰ ਦੋਹਾਂ ਖਿਡਾਰੀਆਂ ਦਾ ਸਾਹਮਣਾ ਨਾਟਿੰਘਮ ਚੈਲੰਜਰ ਪ੍ਰਤੀਯੋਗਿਤਾ 2017 'ਚ ਹੋਇਆ ਸੀ। ਯੁਕੀ ਨੇ ਪੱਤਰਕਾਰਾਂ ਨੂੰ ਕਿਹਾ, ''ਇਹ ਸਖਤ ਮੁਕਾਬਲਾ ਹੋਵੇਗਾ। ਉਮੀਦ ਹੈ ਕਿ ਮੈਂ ਇਸ ਵਾਰ ਨਤੀਜਾ ਬਦਲ ਸਕਾਂ।'' ਰੋਹਨ ਬੋਪੰਨਾ ਅਤੇ ਉਨ੍ਹਾਂ ਦੇ ਫਰਾਂਸਿਸੀ ਸਾਥੀ ਐਡਵਰਡ ਰੋਜਰ-ਵੇਸੇਲਿਨ ਦੀ 12ਵਾਂ ਦਰਜਾ ਪ੍ਰਾਪਤ ਜੋੜੀ ਦਾ ਸਾਹਮਣਾ ਐਲੇਕਸ ਡਿਮੀਨੌਰ ਅਤੇ ਜਾਨ ਮਿਲਮੈਨ ਨਾਲ ਹੋਵੇਗਾ। ਪੂਰਵ ਰਾਜਾ ਅਤੇ ਫੈਬਰਾਈਸ ਮਾਰਿਟਨ ਦੀ ਜੋੜੀ ਪਹਿਲੇ ਦੌਰ 'ਚ ਦੁਸਾਨ ਲਾਜੋਵਿਚ ਅਤੇ ਮਿਰਜ਼ਾ ਬੇਸਕ ਦੇ ਖਿਲਾਫ ਕੋਰਟ 'ਤੇ ਉਤਰੇਗੀ।