ਯੁਵਾ ਵਿਸ਼ਵ ਮੁੱਕੇਬਾਜ਼ੀ ’ਚ ਭਾਰਤ ਨੇ 4 ਤਮਗ਼ੇ ਪੱਕੇ ਕੀਤੇ
Monday, Apr 19, 2021 - 06:43 PM (IST)

ਨਵੀਂ ਦਿੱਲੀ— ਏਸ਼ੀਆਈ ਚੈਂਪੀਅਨ ਵਿੰਕਾ ਤੇ ਅਲਫ਼ੀਆ ਪਠਾਨ ਉਨ੍ਹਾਂ ਚਾਰ ਭਾਰਤੀ ਮੁੱਕੇਬਾਜ਼ਾਂ ’ਚ ਸ਼ਾਮਲ ਹਨ ਜਿਨ੍ਹਾਂ ਨੇ ਪੋਲੈਂਡ ਦੇ ਕਿਲਸੇ ’ਚ ਚਲ ਰਹੀ ਪੁਰਸ਼ ਅਤੇ ਮਹਿਲਾ ਯੁਵਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫ਼ਾਈਨਲ ’ਚ ਪ੍ਰਵੇਸ਼ ਕਰ ਲਿਆ। ਗੀਤਿਕਾ ਤੇ ਪੂਨਮ ਦੋ ਹੋਰ ਮੁੱਕੇਬਾਜ਼ ਹਨ ਜਿਨ੍ਹਾਂ ਨੇ ਆਖ਼ਰੀ ਚਾਰ ਪੜਾਅ ’ਚ ਜਗ੍ਹਾ ਬਣਾਈ ਤੇ ਉਨ੍ਹਾਂ ਨੇ ਦੇਸ਼ ਲਈ ਘੱਟੋ-ਘੱਟ ਇਕ ਕਾਂਸੀ ਤਮਗਾ ਪੱਕਾ ਕੀਤਾ।
ਚਾਰਾਂ ਮੁੱਕੇਬਾਜ਼ਾਂ ਨੇ ਆਪਣੇ ਕੁਆਰਟਰ ਫ਼ਾਈਨਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਾਨੀਪਤ ਦੀ ਮੁੱਕੇਬਾਜ਼ ਵਿੰਕਾ ਨੇ 60 ਕਿਲੋਗ੍ਰਾਮ ਵਰਗ ’ਚ ਆਪਣੀ ਕੋਲੰਬੀਆਈ ਮੁਕਾਬਲੇਬਾਜ਼ ਕੈਮਿਲਾ ਨੂੰ 5-0 ਨਾਲ ਹਰਾਇਆ ਜਦਕਿ 2019 ਏਸ਼ੀਆਈ ਜੂਨੀਅਰ ਚੈਂਪੀਅਨ ਅਲਫ਼ੀਆ (81 ਕਿਲੋਗ੍ਰਾਮ ਤੋਂ ਵੱਧ) ਨੇ ਵੀ ਇਸੇ ਫ਼ਰਕ ਨਾਲ ਹੰਗਰੀ ਦੀ ਮੁੱਕੇਬਾਜ਼ ਰੇਕਾ ਹਾਫ਼ਮੈਨ ਨੂੰ ਹਰਾਇਆ। ਪੂਨਮ ਨੇ 57 ਕਿਲੋਗ੍ਰਾਮ ਵਰਗ ’ਚ ਕਜ਼ਾਖ਼ਸਤਾਨ ਦੀ ਨਾਜੇਰਕੇ ਸੇਰਿਕ ’ਤੇ 5-0 ਨਾਲ ਆਸਾਨ ਜਿੱਤ ਨਾਲ ਸੈਮੀਫ਼ਾਈਨਲ ’ਚ ਪ੍ਰਵੇਸ਼ ਕੀਤਾ।
ਗੀਤਿਕਾ (48 ਕਿਲੋਗ੍ਰਾਮ) ਨੇ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਰੋਮਾਨੀਆ ਦੀ ਐਲੀਜ਼ਾਬੇਥ ਓਸਤਾਨ ’ਤੇ ਸ਼ੁਰੂ ਤੋਂ ਹੀ ਮੁੱਕਿਆ ਦੀ ਬਰਸਾਤ ਕਰ ਦਿੱਤੀ ਜਿਸ ਨਾਲ ਰੈਫ਼ਰੀ ਨੂੰ ਪਹਿਲੇ ਰਾਊਂਡ ’ਚ ਹੀ ਮੁਕਾਬਲਾ ਰੋਕਣ ਲਈ ਮਜਬੂਰ ਹੋਣਾ ਪਿਆ ਤੇ ਹਰਿਆਣਾ ਦੀ ਇਸ ਮੁੱਕੇਬਾਜ਼ ਨੂੰ ਜੇਤੂ ਐਲਾਨਿਆ ਗਿਆ। ਜਦਕਿ ਇਕ ਹੋਰ ਮਹਿਲਾ ਮੁੱਕੇਬਾਜ਼ ਖ਼ੁਸ਼ੀ (81 ਕਿਲੋਗ੍ਰਾਮ) ਨੂੰ ਕੁਆਰਟਰ ਫ਼ਾਈਨਲ ’ਚ ਤੁਰਕੀ ਦੀ ਬੁਸਰਾ ਇਸਲੀਦਾਰ ਤੋਂ ਹਾਰ ਮਿਲੀ।
ਪੁਰਸ਼ਾਂ ਦੇ ਵਰਗ ’ਚ ਮਨੀਸ਼ (75 ਕਿਲੋਗ੍ਰਾਮ) ਤੇ ਸੁਮਿਤ (69 ਕਿਲੋਗ੍ਰਾਮ) ਨੇ ਕ੍ਰਮਵਾਰ ਜੋਰਡਨ ਦੇ ਅਬਦੁੱਲ੍ਹਾ ਅਲਾਰਾਗ ਤੇ ਸਲੋਵਾਕੀਆ ਦੇ ਲਾਡਸਲਾਵ ਹੋਰਵਾਥ ’ਤੇ 5-0 ਦੇ ਬਰਾਬਰ ਫ਼ਰਕ ਨਾਲ ਜਿੱਤ ਦਰਜ ਕਰਕੇ ਕੁਆਰਟਰ ਫ਼ਾਈਨਲ ’ਚ ਸਥਾਨ ਪੱਕਾ ਕੀਤਾ। ਇਸ ਵਿਚਾਲੇ ਆਕਾਸ਼ਾ ਗੋਰਖਾ (60 ਕਿਲੋਗ੍ਰਾਮ) ਤੇ ਵਿਨੀਤ (81 ਕਿਲੋਗ੍ਰਾਮ) ਅੱਗੇ ਨਾ ਵੱਧ ਸਕੇ ਜਿਨ੍ਹਾਂ ਨੂੰ ਆਖ਼ਰੀ 16 ਦੇ ਮੁਕਾਬਲਿਆਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ।