ਸਫਲ ਬੱਲੇਬਾਜ਼ੀ ਕੋਚ ਬਣਨ ਲਈ ਜ਼ਿਆਦਾ ਮੈਚ ਖੇਡਣਾ ਜ਼ਰੂਰੀ ਨਹੀਂ : ਗੰਭੀਰ

Wednesday, May 20, 2020 - 07:01 PM (IST)

ਸਫਲ ਬੱਲੇਬਾਜ਼ੀ ਕੋਚ ਬਣਨ ਲਈ ਜ਼ਿਆਦਾ ਮੈਚ ਖੇਡਣਾ ਜ਼ਰੂਰੀ ਨਹੀਂ : ਗੰਭੀਰ

ਨਵੀਂ ਦਿੱਲੀ– ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਤੇ ਹੁਣ ਸੰਸਦ ਮੈਂਬਰ ਬਣ ਚੁੱਕੇ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਟੀਮ ਦਾ ਕੋਚ ਬਣਨ ਲਈ ਜ਼ਿਆਦਾ ਮੈਚ ਖੇਡਣਾ ਜ਼ਰੂਰੀ ਨਹੀਂ ਹੈ। ਹਾਲ ਹੀ ਵਿਚ ਟੀਮ ਇੰਡੀਆ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੇ ਟੀਮ ਦੇ ਬੱਲੇਬਾਜ਼ੀ ਕੋਚ ਵਿਕਰਮ ਰਾਠੌੜ ’ਤੇ ਨਿਸ਼ਾਨਾ ਵਿੰਨਦਿਆਂ ਕਿਹਾ ਸੀ ਕਿ ਉਸਦੇ ਕੋਲ ਜ਼ਿਆਦਾ ਕੌਮਾਂਤਰੀ ਮੈਚਾਂ ਦਾ ਤਜਰਬਾ ਨਹੀਂ ਹੈ, ਇਸ ਲਈ ਉਸ ਨੂੰ ਬੱਲੇਬਾਜ਼ੀ ਕੋਚ ਨਹੀਂ ਬਣਾਉਣਾ ਚਾਹੀਦਾ ਸੀ। ਹਾਲਾਂਕਿ ਯੁਵਰਾਜ ਦੇ ਸਾਬਕਾ ਸਾਥੀ ਖਿਡਾਰੀ ਗੰਭੀਰ ਦਾ ਵਿਚਾਰ ਇਸ ਮਾਮਲੇ ਵਿਚ ਉਸ ਤੋਂ ਬਿਲਕੁਲ ਵੱਖਰਾ ਹੈ।

PunjabKesari

ਗੰਭੀਰ ਨੇ ਕਿਹਾ,‘‘ਇਕ ਸਫਲ ਕੋਚ ਬਣਨ ਲਈ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਕੋਲ ਜ਼ਿਆਦਾ ਮੈਚਾਂ ਦਾ ਤਜਰਬਾ ਹੋਵੇ। ਇਹ ਪੈਮਾਨਾ ਚੋਣਕਾਰਾਂ ਲਈ ਸਹੀ ਹੈ ਪਰ ਕੋਚ ਬਣਨ ਲਈ ਸਹੀ ਨਹੀਂ ਹੈ। ਉਸ ਨੇ ਕਿਹਾ,‘‘ਸੰਭਵ ਹੈ ਕਿ ਤੁਸੀਂ ਟੀ-20 ਸਵਰੂਪ ਲਈ ਇਕ ਵੱਖਰਾ ਟੀ-20 ਕੋਚ ਨਿਯੁਕਤ ਕਰ ਲਾਓ ਪਰ ਇਹ ਸੱਚ ਨਹੀਂ ਹੈ ਕਿ ਤੁਸੀਂ ਵੱਧ ਕੌਮਾਂਤਰੀ ਮੈਚਾਂ ਦੇ ਤਜਰਬੇ ਦੇ ਬਿਨਾਂ ਸਫਲ ਕੋਚ ਨਹੀਂ ਬਣ ਸਕਦੇ ਹੋ।’’

PunjabKesari

ਸਾਬਕਾ ਓਪਨਰ ਨੇ ਕਿਹਾ,‘‘ਟੀ-20 ਦੇ ਕੋਚ ਮੂਲ ਰੂਪ ਨਾਲ ਖਿਡਾਰੀਆਂ ਦੀ ਮਾਨਸਿਕਤਾ ਸਥਿਰ ਰੱਖਣ ਦਾ ਕੰਮ ਕਰਦੇ ਹਨ ਤੇ ਅਜਿਹੀ ਮਾਨਸਿਕਤਾ ਤੈਅ ਕਰਦੇ ਹਨ, ਜਿਸ ਨਾਲ ਖਿਡਾਰੀ ਵੱਡੀਆਂ ਸ਼ਾਟਾਂ ਖੇਡ ਸਕਣ। ਕੋਈ ਵੀ ਕੋਚ ਤੁਹਾਨੂੰ ਲੈਪ ਸ਼ਾਟ ਜਾਂ ਰਿਵਰਸ ਸ਼ਾਟ ਖੇਡਣਾ ਨਹੀਂ ਸਿਖਾ ਸਕਦਾ। ਕੋਈ ਕੋਚ ਅਜਿਹਾ ਨਹੀਂ ਕਰਦਾ ਹੈ। ਜੇਕਰ ਕੋਚ ਕਿਸੇ ਖਿਡਾਰੀ ਦੇ ਨਾਲ ਅਜਿਹਾ ਕਰਦਾ ਹੈ ਤਾਂ ਉਹ ਖਿਡਾਰੀ ਨੂੰ ਬਿਹਤਰ ਬਣਾਉਣ ਦੀ ਬਜਾਏ ਉਸਦਾ ਨੁਕਸਾਨ ਕਰ ਰਿਹਾ ਹੈ।’’
 


author

Ranjit

Content Editor

Related News