ਮੁੰਬਈ ਨੂੰ ਛੱਡ ਕੇ ਹੁਣ ਗੋਆ ਲਈ ਖੇਡੇਗਾ ਯਸ਼ਸਵੀ ਜਾਇਸਵਾਲ
Thursday, Apr 03, 2025 - 03:54 PM (IST)

ਮੁੰਬਈ– ਭਾਰਤ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੇ ਨਿੱਜੀ ਕਾਰਨਾਂ ਕਾਰਨ ਆਪਣੀ ਘਰੇਲੂ ਟੀਮ ਮੁੰਬਈ ਨੂੰ ਛੱਡਣ ਦਾ ਫੈਸਲਾ ਕੀਤਾ ਹੈ। ਜਾਇਸਵਾਲ ਨੇ ਮੁੰਬਈ ਕ੍ਰਿਕਟ ਸੰਘ ਨੂੰ ਮੰਗਲਵਾਰ ਨੂੰ ਲਿਖੇ ਪੱਤਰ ਵਿਚ ਕਿਹਾ ਸੀ ਕਿ ਉਹ ਮੁੰਬਈ ਛੱਡ ਕੇ ਗੋਆ ਲਈ ਖੇਡਣਾ ਚਾਹੁੰਦਾ ਹੈ। ਐੱਮ. ਸੀ. ਏ. ਨੇ ਉਸਦੀ ਅਪੀਲ ਮੰਨ ਲਈ ਹੈ। ਹੁਣ ਜਾਇਸਵਾਲ 2025-26 ਸੈਸ਼ਨ ਵਿਚ ਗੋਆ ਲਈ ਖੇਡੇਗਾ।
ਐੱਮ. ਸੀ. ਏ. ਦੇ ਇਕ ਅਧਿਕਾਰੀ ਨੇ ਦੱਸਿਆ, ‘‘ਇਹ ਹੈਰਾਨੀ ਦੀ ਗੱਲ ਹੈ। ਉਸ ਨੇ ਕੁਝ ਸੋਚ ਕੇ ਹੀ ਇਹ ਕਦਮ ਚੁੱਕਿਆ ਹੋਵੇਗਾ। ਉਸ ਨੇ ਸਾਨੂੰ ਕਿਹਾ ਕਿ ਉਸ ਨੂੰ ਰਿਲੀਜ਼ ਕਰ ਦਿੱਤਾ ਜਾਵੇ ਤੇ ਅਸੀਂ ਉਸਦੀ ਅਪੀਲ ਮੰਨ ਲਈ।’’
ਜਾਇਸਵਾਲ ਨੇ ਮੁੰਬਈ ਲਈ ਆਖਰੀ ਮੈਚ 23 ਤੋਂ 25 ਜਨਵਰੀ ਵਿਚਾਲੇ ਰਣਜੀ ਟਰਾਫੀ ਵਿਚ ਜੰਮੂ-ਕਸ਼ਮੀਰ ਵਿਰੁੱਧ ਖੇਡਿਆ ਸੀ। ਉਸ ਨੇ 4 ਤੇ 26 ਦੌੜਾਂ ਬਣਾਈਆਂ ਜਦਕਿ ਮੁੰਬਈ ਨੂੰ ਟੂਰਨਾਮੈਂਟ ਦੇ ਇਤਿਹਾਸ ਵਿਚ ਪਹਿਲੀ ਵਾਰ ਜੰਮੂ-ਕਸ਼ਮੀਰ ਨੇ 5 ਵਿਕਟਾਂ ਨਾਲ ਹਰਾਇਆ।