ਯਸ਼ਸਵੀ ਜਾਇਸਵਾਲ ਨੂੰ ICC ਦਾ ਮਹੀਨੇ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ

Tuesday, Mar 12, 2024 - 05:18 PM (IST)

ਯਸ਼ਸਵੀ ਜਾਇਸਵਾਲ ਨੂੰ ICC ਦਾ ਮਹੀਨੇ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ

ਦੁਬਈ : ਭਾਰਤ ਦੇ ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੂੰ ਇੰਗਲੈਂਡ ਖਿਲਾਫ ਟੈਸਟ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਮੰਗਲਵਾਰ ਨੂੰ ਫਰਵਰੀ ਲਈ ਆਈ. ਸੀ. ਸੀ. 'ਪਲੇਅਰ ਆਫ ਦਿ ਮੰਥ' ਪੁਰਸਕਾਰ ਲਈ ਚੁਣਿਆ ਗਿਆ। ਖੱਬੇ ਹੱਥ ਦੇ ਇਸ 22 ਸਾਲਾ ਬੱਲੇਬਾਜ਼ ਨੇ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਇਸ ਲੜੀ ਵਿੱਚ 712 ਦੌੜਾਂ ਬਣਾਈਆਂ, ਜੋ ਕਿ ਇੰਗਲੈਂਡ ਖ਼ਿਲਾਫ਼ ਟੈਸਟ ਲੜੀ ਵਿੱਚ ਕਿਸੇ ਭਾਰਤੀ ਬੱਲੇਬਾਜ਼ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਦੌਰਾਨ ਉਸ ਨੇ ਦੋ ਦੋਹਰੇ ਸੈਂਕੜੇ ਅਤੇ ਤਿੰਨ ਅਰਧ ਸੈਂਕੜੇ ਲਗਾ ਕੇ ਭਾਰਤ ਨੂੰ 4-1 ਨਾਲ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ।

ਉਸਨੇ ਰਾਜਕੋਟ ਵਿੱਚ ਆਪਣੇ ਦੋਹਰੇ ਸੈਂਕੜੇ ਦੌਰਾਨ 12 ਛੱਕੇ ਲਗਾ ਕੇ ਇੱਕ ਟੈਸਟ ਪਾਰੀ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਦੇ ਰਿਕਾਰਡ ਦੀ ਬਰਾਬਰੀ ਕੀਤੀ। ਜਾਇਸਵਾਲ ਨੇ ਆਈ. ਸੀ. ਸੀ. ਪਲੇਅਰ ਆਫ ਦਿ ਮਹੀਨਾ ਚੁਣੇ ਜਾਣ ਤੋਂ ਬਾਅਦ ਕਿਹਾ, 'ਮੈਂ ਆਈ. ਸੀ. ਸੀ. ਪੁਰਸਕਾਰ ਪ੍ਰਾਪਤ ਕਰਕੇ ਸੱਚਮੁੱਚ ਖੁਸ਼ ਹਾਂ ਅਤੇ ਮੈਨੂੰ ਉਮੀਦ ਹੈ ਕਿ ਮੈਨੂੰ ਭਵਿੱਖ ਵਿੱਚ ਹੋਰ ਪੁਰਸਕਾਰ ਮਿਲਣਗੇ।' ਉਸ ਨੇ ਕਿਹਾ, 'ਮੇਰੇ ਅਤੇ ਮੇਰੀ ਪੰਜ ਮੈਚਾਂ ਦੀ ਪਹਿਲੀ ਸੀਰੀਜ਼ ਲਈ ਇਹ ਸਭ ਤੋਂ ਵਧੀਆ ਸੀ। ਮੈਨੂੰ ਸੱਚਮੁੱਚ ਇਸਦਾ ਆਨੰਦ ਆਇਆ। ਮੈਂ ਚੰਗਾ ਖੇਡਿਆ ਅਤੇ ਅਸੀਂ ਸੀਰੀਜ਼ 4-1 ਨਾਲ ਜਿੱਤਣ 'ਚ ਕਾਮਯਾਬ ਰਹੇ। ਇਹ ਮੇਰੇ ਸਾਰੇ ਸਾਥੀਆਂ ਦੇ ਨਾਲ ਮੇਰੇ ਲਈ ਇੱਕ ਸ਼ਾਨਦਾਰ ਅਨੁਭਵ ਰਿਹਾ ਹੈ।

ਵਿਸ਼ਾਖਾਪਟਨਮ ਵਿੱਚ 219 ਦੌੜਾਂ ਦੀ ਪਾਰੀ ਖੇਡਣ ਤੋਂ ਬਾਅਦ ਰਾਜਕੋਟ ਵਿੱਚ ਅਜੇਤੂ 214 ਦੌੜਾਂ ਬਣਾਈਆਂ। 22 ਸਾਲ ਅਤੇ 49 ਦਿਨਾਂ ਦੀ ਉਮਰ ਵਿੱਚ, ਉਹ ਡੌਨ ਬ੍ਰੈਡਮੈਨ ਅਤੇ ਵਿਨੋਦ ਕਾਂਬਲੀ ਤੋਂ ਬਾਅਦ ਲਗਾਤਾਰ ਦੋ ਦੋਹਰੇ ਸੈਂਕੜੇ ਲਗਾਉਣ ਵਾਲਾ ਦੁਨੀਆ ਦਾ ਤੀਜਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ। ਉਸਨੇ ਫਰਵਰੀ ਮਹੀਨੇ ਵਿੱਚ ਤਿੰਨ ਟੈਸਟ ਮੈਚਾਂ ਵਿੱਚ 112 ਦੀ ਔਸਤ ਨਾਲ 560 ਦੌੜਾਂ ਬਣਾਈਆਂ ਜਿਸ ਵਿੱਚ 20 ਛੱਕੇ ਸ਼ਾਮਲ ਸਨ। ਜਾਇਵਾਲ ਨੇ ਨਿਊਜ਼ੀਲੈਂਡ ਦੇ ਮਹਾਨ ਖਿਡਾਰੀ ਕੇਨ ਵਿਲੀਅਮਸਨ ਅਤੇ ਸ਼੍ਰੀਲੰਕਾ ਦੇ ਸਲਾਮੀ ਬੱਲੇਬਾਜ਼ ਪਥੁਮ ਨਿਸਾਂਕਾ ਨੂੰ ਪਛਾੜਦੇ ਹੋਏ ਇਹ ਪੁਰਸਕਾਰ ਜਿੱਤਿਆ।


author

Tarsem Singh

Content Editor

Related News