ਯਾਰਾਜੀ ਨੇ ਔਰਤਾਂ ਦੀ 100 ਮੀਟਰ ਅੜਿੱਕਾ ਦੌੜ ਜਿੱਤੀ, ਪੈਰਿਸ ਓਲੰਪਿਕ ਕੁਆਲੀਫਾਈ ਤੋਂ ਖੁੰਝੀ
Friday, May 24, 2024 - 10:29 AM (IST)
ਹੇਲਿੰਸਕੀ–ਏਸ਼ੀਅਨ ਗੇਮਜ਼ ਦੀ ਚਾਂਦੀ ਤਮਗਾ ਜੇਤੂ ਜਯੋਤੀ ਯਾਰਾਜੀ ਆਪਣੇ ਰਾਸ਼ਟਰੀ ਰਿਕਾਰਡ ਦੀ ਬਰਾਬਰੀ ਕਰਦੇ ਹੋਏ ਮੋਟੋਨੇਟ ਜੀ. ਪੀ. ਜਯਵਾਸਕਿਲਾ ਐਥਲੈਟਿਕਸ ਮੀਟ ’ਚ ਔਰਤਾਂ ਦੀ 100 ਮੀਟਰ ਅੜਿੱਕਾ ਦੌੜ ਜਿੱਤ ਕੇ ਵੀ ਪੈਰਿਸ ਓਲੰਪਿਕ ਲਈ ਮਾਮੂਲੀ ਫਰਕ ਨਾਲ ਮੁੜ ਕੁਆਲੀਫਾਈ ਨਹੀਂ ਕਰ ਸਕੀ। ਯਾਰਾਜੀ ਬੁੱਧਵਾਰ ਨੂੰ ਫਿਨਲੈਂਡ ਦੇ ਹਰਜੁਨ ਸਟੇਡੀਅਮ ’ਚ ਆਯੋਜਿਤ ਈਵੈਂਟ ’ਚ ਰਾਸ਼ਟਰੀ ਰਿਕਾਰਡ ਦੀ ਬਰਾਬਰੀ ਕਰਨ ’ਚ ਸਫਲ ਰਹੀ ਪਰ ਉਹ ਪੈਰਿਸ 2024 ਓਲੰਪਿਕ ਕੁਆਲੀਫਾਈਂਗ ਮਾਰਕ ਨੂੰ ਪਾਰ ਕਰਨ ’ਚ 0.01 ਸਕਿੰਟ ਤੋਂ ਖੁੰਝ ਗਈ।
ਸੀਜ਼ਨ ਦੇ ਆਪਣੇ ਤੀਜੇ ਆਊਟਡੋਰ ਈਵੈਂਟ ’ਚ ਮੁਕਾਬਲਾ ਕਰਦੇ ਹੋਏ ਯਾਰਾਜੀ ਨੇ ਜਮੈਕਾ ਦੀ ਕ੍ਰਿਸਟਲ ਮੌਰੀਸਨ (12.87 ਸਕਿੰਟ) ਅਤੇ ਫਿਨਲੈਂਡ ਦੀ ਲੋਟਾ ਹਰਾਲਾ (12.95 ਸਕਿੰਟ) ਨੂੰ ਪਿੱਛੇ ਛੱਡ ਦਿੱਤਾ। ਉਹ ਪਿਛਲੇ ਸਾਲ ਚੇਂਗਦੂ ’ਚ ਵਿਸ਼ਵ ਯੂਨੀਵਰਸਿਟੀ ਖੇਡਾਂ ’ਚ ਓਲੰਪਿਕ ਕੁਆਲੀਫਾਇੰਗ ਮਾਰਕ ਤੋਂ ਵੀ ਖੁੰਝ ਗਈ ਸੀ।
ਪੈਰਿਸ 2024 ਓਲੰਪਿਕ ਲਈ ਕੁਆਲੀਫਿਕੇਸ਼ਨ ਦੀ ਮਿਆਦ ਇਸ ਸਾਲ 30 ਜੂਨ ਨੂੰ ਖਤਮ ਹੋਵੇਗੀ। ਇਸ ਦੌਰਾਨ ਤੇਜਸ ਸ਼ਿਰਸੇ ਨੇ ਪੁਰਸ਼ਾਂ ਦੀ 110 ਮੀਟਰ ਅੜਿੱਕਾ ਦੌੜ ’ਚ 13.41 ਸਕਿੰਟ ਦਾ ਸਮਾਂ ਲੈ ਕੇ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ। ਭਾਰਤੀ ਹਰਡਲਰ ਨੇ ਐਲਮੋ ਲੱਕਾ (13.50 ਸਕਿੰਟ) ਅਤੇ ਸੈਂਟੇਰੀ ਕੁਸੀਨੀਏਮੀ (13.64 ਸਕਿੰਟ) ਤੋਂ ਅੱਗੇ ਰਹਿੰਦੇ ਹੋਏ ਦੌੜ ਜਿੱਤੀ। ਤੇਜਸ ਦੀ ਇਹ ਕੋਸ਼ਿਸ਼ ਪੈਰਿਸ 2024 ਲਈ ਕੁਆਲੀਫਾਇੰਗ ਮਾਰਕ -13.27 ਤੋਂ ਘੱਟ ਸੀ।