WTC ਫਾਈਨਲ ਵੈਨਿਊ ਰਿਕਾਰਡ : ਸਾਊਥੰਪਟਨ ’ਚ ਕਿਹੋ ਜਿਹਾ ਹੈ ਭਾਰਤੀ ਟੀਮ ਦਾ ਰਿਕਾਰਡ, ਜਾਣੋ
Tuesday, May 18, 2021 - 04:36 PM (IST)
ਸਪੋਰਟਸ ਡੈਸਕ : ਸਾਊਥੰਪਟਨ ਦਾ ਮੈਦਾਨ 18 ਜੂਨ ਨੂੰ ਜੰਗ ਦੇ ਮੈਦਾਨ ’ਚ ਬਦਲ ਜਾਵੇਗਾ, ਜਦੋਂ ਵਰਲਡ ਟੈਸਟ ਚੈਂਪੀਅਨਸ਼ਿਪ ਲਈ ਭਾਰਤ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਆਖਰੀ ਵਾਰ ਨਿਊਜ਼ੀਲੈਂਡ ਦੀ ਟੀਮ ਨੇ ਜਨਵਰੀ ’ਚ ਆਸਟਰੇਲੀਆ ਖ਼ਿਲਾਫ਼ ਆਪਣਾ ਮੈਚ ਗੁਆਇਆ ਸੀ ਪਰ ਉਸ ਤੋਂ ਬਾਅਦ ਕੇਨ ਵਿਲੀਅਮਸਨ ਦੀ ਕਪਤਾਨੀ ’ਚ ਨਿਊਜ਼ੀਲੈਂਡ ਦੀ ਟੀਮ ਨੇ ਅਗਲੇ 6 ਟੈਸਟ ਮੈਚ ਜਿੱਤੇ ਹਨ। ਇਨ੍ਹਾਂ ਟੈਸਟਾਂ ਦੌਰਾਨ ਵਿਲੀਅਮਸਨ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ।
ਫਿਲਹਾਲ ਸਾਊਥੰਪਟਨ ਦੇ ਐਂਜੇਸ ਬਾਉਲ ਮੈਦਾਨ ਦੀ ਗੱਲ ਕਰੀਏ ਤਾਂ ਇਥੇ ਹੁਣ ਤਕ ਛੇ ਟੈਸਟ ਹੋ ਚੁੱਕੇ ਹਨ। ਇਥੇ ਪਹਿਲਾ ਟੈਸਟ 16 ਜੂਨ 2011 ’ਚ ਖੇਡਿਆ ਗਿਆ ਸੀ, ਜੋ ਇੰਗਲੈਂਡ ਤੇ ਸ਼੍ਰੀਲੰਕਾ ਦਰਮਿਆਨ ਸੀ। ਇਹ ਟੈਸਟ ਬਰਾਬਰ ਰਿਹਾ ਸੀ। ਮੈਦਾਨ ’ਤੇ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ 25 ਹਜ਼ਾਰ ਹੈ। ਸਾਊਥੰਪਟਨ ’ਚ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਘਰੇਲੂ ਟੀਮ ਯਾਨੀ ਇੰਗਲੈਂਡ ਇਥੇ ਨਹੀਂ ਖੇਡੇਗੀ।
ਸਾਊਥੰਪਟਨ ’ਚ ਵੱਧ ਤੋਂ ਵੱਧ ਸਕੋਰ
ਸਾਊਥੰਪਟਨ ਦੇ ਮੈਦਾਨ ’ਤੇ ਵੱਧ ਤੋਂ ਵੱਧ ਸਕੋਰ ਦਾ ਅੰਕੜਾ ਇੰਗਲੈਂਡ ਦੇ ਨਾਂ ਰਿਹਾ ਹੈ। ਇੰਗਲੈਂਡ ਨੇ ਪਾਕਿਸਤਾਨ ਖਿਲਾਫ ਖੇਡੇ ਗਏ ਮੈਚ ’ਚ ਇਥੇ 583 ਦੌੜਾਂ ਬਣਾਈਆਂ ਸਨ। ਖਾਸ ਗੱਲ ਇਹ ਹੈ ਕਿ ਇਸ ਮੈਚ ਦੌਰਾਨ ਜੈਕ ਕਾਉਲੇ 267 ਦੌੜਾਂ ਬਣਾਉਣ ’ਚ ਸਫਲ ਰਹੇ ਸਨ। ਇਹ ਮੈਚ ਵੀ ਬਰਾਬਰੀ ਉਤੇ ਰਿਹਾ ਸੀ।
ਸਾਊਥੰਪਟਨ ’ਚ ਘੱਟ ਤੋਂ ਘੱਟ ਸਕੋਰ
ਇਸ ਗਰਾਊਂਡ ’ਚ ਟੀਮ ਇੰਡੀਆ ਦੇ ਨਾਂ ’ਤੇ ਘੱਟ ਸਕੋਰ ਹੈ। 2014 ’ਚ ਇਥੇ ਮਹਿੰਦਰ ਸਿੰਘ ਧੋਨੀ ਦੀ ਅਗਵਾਈ ’ਚ ਆਈ ਟੀਮ ਇੰਡੀਆ ਸਿਰਫ 178 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ਇੰਗਲੈਂਡ ਨੇ ਇਹ ਮੈਚ 266 ਦੌੜਾਂ ਨਾਲ ਜਿੱਤਿਆ ਸੀ।
ਵਧੀਆ ਗੇਂਦਬਾਜ਼ੀ
ਮੈਦਾਨ ’ਚ ਵਿੰਡੀਜ਼ ਆਲਰਾਊਂਡਰ ਜੇਸਨ ਹੋਲਡਰ ਦੇ ਨਾਂ ’ਤੇ ਸਭ ਵਧੀਆ ਗੇਂਦਬਾਜ਼ੀ ਕਰਨ ਦਾ ਰਿਕਾਰਡ ਹੈ। ਹੋਲਡਰ ਨੇ ਇਥੇ ਇੰਗਲੈਂਡ ਦੇ ਖ਼ਿਲਾਫ਼ 42 ਦੌੜਾਂ ਦੇ ਕੇ 6 ਵਿਕਟਾਂ ਲਈਆਂ ਸਨ। ਹੋਲਡਰ ਦੇ ਕਾਰਨ ਹੀ ਵਿੰਡੀਜ਼ ਦੀ ਟੀਮ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾਉਣ ’ਚ ਕਾਮਯਾਬ ਰਹੀ ਸੀ।
ਭਾਰਤੀ ਰਿਕਾਰਡ
ਟੀਮ ਇੰਡੀਆ ਨੇ ਇਸ ਮੈਦਾਨ ’ਤੇ ਹੁਣ ਤਕ ਦੋ ਹੀ ਟੈਸਟ ਖੇਡੇ ਪਰ ਨਿਰਾਸ਼ਾ ਦੀ ਗੱਲ ਇਹ ਹੈ ਕਿ ਦੋਵਾਂ ਟੈਸਟਾਂ ’ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਥੇ ਹੀ ਨਿਊਜ਼ੀਲੈਂਡ ਦੀ ਗੱਲ ਕਰੀਏ ਤਾਂ ਹੁਣ ਤਕ ਇਸ ਮੈਦਾਨ ’ਤੇ ਖੇਡੀ ਨਹੀਂ ਹੈ।