ਸੱਟ ਦਾ ਸ਼ਿਕਾਰ ਹੋਏ ਰਿਧੀਮਾਨ ਸਾਹਾ ਦਾ ਹੋਇਆ ਗਲਤ ਇਲਾਜ, ਹੁਣ ਤੁਰੰਤ ਸਰਜਰੀ ਦੀ ਜ਼ਰੂਰਤ
Friday, Jul 20, 2018 - 02:37 PM (IST)
ਨਵੀਂ ਦਿੱਲੀ— ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਸੱਟ ਦੇ ਕਾਰਨ ਮੌਜੂਦਾ ਇੰਗਲੈਂਡ ਦੌਰੇ ਤੋਂ ਬਾਹਰ ਚਲ ਰਹੇ ਹਨ। ਹੁਣ ਖਬਰ ਆਈ ਹੈ ਕਿ ਸਾਹਾ ਦੀ ਇਹ ਸੱਟ ਉਨ੍ਹਾਂ ਦੇ ਕਰੀਅਰ ਨੂੰ ਪ੍ਰਭਾਵਿਤ ਕਰ ਸਕਦੀ ਹੈ। ਦਰਅਸਲ ਰਿਧੀਮਾਨ ਸਾਹਾ ਦੇ ਮੋਢੇ ਦੀ ਸੱਟ ਬੇਹੱਦ ਗੰਭੀਰ ਹੈ ਅਤੇ ਇਸ ਦੇ ਲਈ ਸਾਹਾ ਨੂੰ ਤੁਰੰਤ ਸਰਜਰੀ ਕਰਾਉਣ ਦੀ ਸਲਾਹ ਦਿੱਤੀ ਗਈ ਹੈ। ਸਰਜਰੀ ਕਰਾਉਣ ਦਾ ਮਤਲਬ ਹੈ ਕਿ ਸਾਹਾ ਕੁਝ ਸਮੇਂ ਤੱਕ ਬੱਲਾ ਵੀ ਨਹੀਂ ਚੁੱਕ ਸਕਣਗੇ ਅਤੇ ਅਗਲੇ 2 ਤੋਂ 4 ਮਹੀਨਿਆਂ ਤੱਕ ਕ੍ਰਿਕਟ ਤੋਂ ਦੂਰ ਰਹਿਣਗੇ। ਕਰੀਅਰ ਦੇ ਇਸ ਮੋੜ 'ਤੇ ਜਦੋਂ ਸਾਹਾ 33 ਸਾਲਾਂ ਦੇ ਹੋ ਚੁੱਕੇ ਹਨ, ਮੋਢੇ ਦੀ ਇਹ ਸੱਟ ਉਨ੍ਹਾਂ ਦੇ ਕ੍ਰਿਕਟ ਕਰੀਅਰ ਦੇ ਲਈ ਬੇਹੱਦ ਖਤਰਨਾਕ ਸਾਬਤ ਹੋ ਸਕਦੀ ਹੈ।
ਫੀਜ਼ੀਓ ਦੀ ਗਲਤੀ? - ਅਜਿਹੀਆਂ ਖਬਰਾਂ ਹਨ ਕਿ ਸਾਹਾ ਦਾ ਰਿਹੈਬਲੀਟੇਸ਼ਨ ਫੀਜ਼ੀਓ ਵੱਲੋਂ ਗਲਤ ਤਰੀਕੇ ਨਾਲ ਕੀਤਾ ਗਿਆ ਹੈ, ਜਿਸ ਦੇ ਕਾਰਨ ਸਾਹਾ ਦੇ ਮੋਢੇ ਦੀ ਸੱਟ ਗੰਭੀਰ ਹੋ ਗਈ ਹੈ। ਖਬਰਾਂ ਮੁਤਾਬਕ ਹਾਲਾਤ ਇੱਥੋਂ ਤੱਕ ਖਰਾਬ ਹੋ ਚੁੱਕੇ ਹਨ ਕਿ ਸਾਹਾ ਸਟ੍ਰੈਚਿੰਗ ਵੀ ਨਹੀਂ ਕਰ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਹੁਣ ਸਰਜਰੀ ਦੇ ਬਾਅਦ ਹੀ ਸਾਹਾ ਮੈਦਾਨ 'ਤੇ ਵਾਪਸੀ ਕਰ ਸਕਣਗੇ। ਸੱਟ ਦੇ ਕਾਰਨ ਉਹ ਮੌਜੂਦਾ ਇੰਗਲੈਂਡ ਦੌਰੇ ਦੇ ਨਾਲ ਹੀ ਇਸ ਸਾਲ ਦੇ ਅੰਤ 'ਚ ਹੋਣ ਵਾਲੇ ਆਸਟਰੇਲੀਆਈ ਦੌਰੇ ਤੋਂ ਵੀ ਬਾਹਰ ਹੋ ਸਕਦੇ ਹਨ।
ਦੱਖਣੀ ਅਫਰੀਕਾ ਦੌਰੇ 'ਤੇ ਲੱਗੀ ਸੀ ਸੱਟ - ਜ਼ਿਕਰਯੋਗ ਹੈ ਕਿ ਰਿਧੀਮਾਨ ਸਾਹਾ ਨੂੰ ਜਨਵਰੀ 'ਚ ਦੱਖਣੀ ਅਫਰੀਕਾ ਦੌਰੇ ਦੌਰਾਨ ਅੰਗੂਠੇ 'ਤੇ ਸੱਟ ਲੱਗੀ ਸੀ। ਇਹ ਮਾਮੂਲੀ ਸੱਟ ਸੀ, ਇਸ ਦੇ ਨਾਲ ਹੀ ਸਾਹਾ ਨੂੰ ਮੋਢੇ 'ਚ ਵੀ ਹਲਕਾ ਦਰਦ ਸੀ। ਹਾਲਾਂਕਿ ਨਾ ਤਾਂ ਸਾਹਾ ਨੇ ਅਤੇ ਨਾ ਹੀ ਟੀਮ ਮੈਨੇਜਮੈਂਟ ਨੇ ਇਸ ਨੂੰ ਗੰਭੀਰਤਾ ਨਾਲ ਲਿਆ। ਕੁਝ ਦਿਨਾਂ ਬਾਅਦ ਸਾਹਾ ਦੇ ਅੰਗੂਠੇ ਦੀ ਸੱਟ ਠੀਕ ਹੋ ਗਈ ਅਤੇ ਉਨ੍ਹਾਂ ਇਸ ਤੋਂ ਬਾਅਦ ਆਈ.ਪੀ.ਐੱਲ. 'ਚ ਹਿੱਸਾ ਵੀ ਲਿਆ। ਮੰਨਿਆ ਜਾ ਰਿਹਾ ਹੈ ਕਿ ਆਈ.ਪੀ.ਐੱਲ. ਦੇ ਦੌਰਾਨ ਸਾਹਾ ਦੇ ਮੋਢੇ ਦੀ ਸੱਟ ਉੱਭਰ ਆਈ ਸੀ, ਜਿਸ ਨੂੰ ਹੁਣ ਸਰਜਰੀ ਨਾਲ ਹੀ ਠੀਕ ਕੀਤਾ ਜਾ ਸਕੇਗਾ।
ਬੀ.ਸੀ.ਸੀ.ਆਈ. ਚੁੱਪ - ਰਿਧੀਮਾਨ ਸਾਹਾ ਦੀ ਸੱਟ 'ਤੇ ਅਜੇ ਤੱਕ ਬੀ.ਸੀ.ਸੀ.ਆਈ. ਦੀ ਚੁੱਪੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਬੀ.ਸੀ.ਸੀ.ਆਈ. ਨੇ ਸਾਹਾ ਦੇ ਰਿਹੈਬਲੀਟੇਸ਼ਨ ਦੀ ਗੱਲ ਦੀ ਜਨਤਕ ਸੂਚਨਾ ਕਿਉਂ ਨਹੀਂ ਦਿੱਤੀ? ਅਜੇ ਇਹ ਸਾਫ ਨਹੀਂ ਹੈ ਕਿ ਸਾਹਾ ਦੀ ਸਰਜਰੀ ਕਿੱਥੇ ਕਰਾਈ ਜਾਵੇਗੀ। ਜ਼ਿਕਰਯੋਗ ਹੈ ਕਿ ਆਸਟਰੇਲੀਆ ਅਤੇ ਦੱਖਣੀ ਅਫਰੀਕਾ ਬੋਰਡ ਕਾਂਟਰੈਕਟ ਦੇ ਤਹਿਤ ਆਪਣੇ ਖਿਡਾਰੀਆਂ ਦੇ ਰਿਹੈਬਲੀਟੇਸ਼ਨ ਅਤੇ ਵਾਪਸੀ ਦੀ ਸੰਭਾਵਨਾ 'ਤੇ ਸਮੇਂ-ਸਮੇਂ 'ਤੇ ਅਪਡੇਟ ਦਿੰਦਾ ਹੈ, ਜਦਕਿ ਬੀ.ਸੀ.ਸੀ.ਆਈ. ਨੇ ਸਾਹਾ ਦੇ ਮਾਮਲੇ 'ਚ ਇਸ ਤਰ੍ਹਾਂ ਦਾ ਕੋਈ ਅਪਡੇਟ ਨਹੀਂ ਦਿੱਤਾ ਹੈ।
