WPL 2025: ਮੁੰਬਈ ਇੰਡੀਅਨਜ਼ 'ਤੇ ਕਰੋੜਾਂ ਦੀ ਬਾਰਿਸ਼, ਦਿੱਲੀ ਨੂੰ ਵੀ ਮਿਲਿਆ ਇਨਾਮ
Sunday, Mar 16, 2025 - 01:40 AM (IST)

ਸਪੋਰਟਸ ਡੈਸਕ - ਮੁੰਬਈ ਇੰਡੀਅਨਜ਼ ਨੇ ਦੂਜੀ ਵਾਰ ਮਹਿਲਾ ਪ੍ਰੀਮੀਅਰ ਲੀਗ ਦਾ ਖਿਤਾਬ ਜਿੱਤਿਆ ਹੈ। ਮੁੰਬਈ ਨੇ ਲੀਗ ਦੇ ਤੀਜੇ ਸੀਜ਼ਨ 'ਚ ਫਾਈਨਲ 'ਚ ਦਿੱਲੀ ਕੈਪੀਟਲਸ ਨੂੰ ਹਰਾ ਕੇ ਫਿਰ ਤੋਂ ਟਰਾਫੀ 'ਤੇ ਕਬਜ਼ਾ ਕਰ ਲਿਆ ਹੈ। ਇਸ ਦੇ ਨਾਲ ਹੀ ਮੁੰਬਈ ਇਸ ਲੀਗ ਦੇ ਛੋਟੇ ਇਤਿਹਾਸ ਵਿੱਚ ਸਭ ਤੋਂ ਸਫਲ ਟੀਮ ਬਣ ਗਈ ਹੈ ਅਤੇ ਹਰਮਨਪ੍ਰੀਤ ਕੌਰ ਸਭ ਤੋਂ ਸਫਲ ਕਪਤਾਨ ਬਣ ਗਈ ਹੈ। ਇਸ ਜਿੱਤ ਤੋਂ ਬਾਅਦ ਮੁੰਬਈ ਇੰਡੀਅਨਜ਼ ਨੂੰ ਨਾ ਸਿਰਫ ਇਕ ਚਮਕਦਾਰ ਟਰਾਫੀ ਮਿਲੀ ਸਗੋਂ ਇਸ 'ਤੇ ਕਾਫੀ ਧਨ ਦੀ ਵੀ ਬਰਸਾਤ ਹੋਈ। ਇਸ ਦੇ ਨਾਲ ਹੀ ਲਗਾਤਾਰ ਤੀਜੀ ਵਾਰ ਫਾਈਨਲ ਹਾਰਨ ਵਾਲੀ ਦਿੱਲੀ ਨੂੰ ਵੀ ਆਪਣੇ ਦਮਦਾਰ ਪ੍ਰਦਰਸ਼ਨ ਲਈ ਪੈਸਾ ਮਿਲਿਆ ਹੈ। ਇਨ੍ਹਾਂ ਤੋਂ ਇਲਾਵਾ ਪਲੇਅਰ ਆਫ ਦਾ ਟੂਰਨਾਮੈਂਟ ਅਤੇ ਪਰਪਲ ਕੈਪ-ਆਰੇਂਜ ਕੈਪ ਜਿੱਤਣ ਵਾਲੇ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਕਿਸ ਨੂੰ ਮਿਲਿਆ ਕਿਹੜਾ ਇਨਾਮ ਅਤੇ ਕਿੰਨੇ ਪੈਸੇ?
- ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਦੂਜੀ ਵਾਰ ਲੀਗ ਟਰਾਫੀ ਆਪਣੇ ਨਾਂ ਕੀਤੀ ਅਤੇ 6 ਕਰੋੜ ਰੁਪਏ ਦਾ ਇਨਾਮ ਵੀ ਹਾਸਲ ਕੀਤਾ।
- ਉਪ ਜੇਤੂ ਦਿੱਲੀ ਕੈਪੀਟਲਜ਼ ਨੂੰ ਟਰਾਫੀ ਦੇ ਨਾਲ 3 ਕਰੋੜ ਰੁਪਏ ਇਨਾਮ ਵਜੋਂ ਮਿਲੇ।
- ਮੁੰਬਈ ਇੰਡੀਅਨਜ਼ ਦੇ ਆਲਰਾਊਂਡਰ ਨੇਟ ਸਿਵਰ-ਬਰੰਟ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਉਸ ਨੇ 523 ਦੌੜਾਂ ਬਣਾਈਆਂ ਅਤੇ 12 ਵਿਕਟਾਂ ਵੀ ਲਈਆਂ। ਉਸ ਨੂੰ 5 ਲੱਖ ਰੁਪਏ ਮਿਲੇ ਹਨ।
- ਨੇਟ ਸਿਵਰ-ਬਰੰਟ ਨੂੰ ਸਭ ਤੋਂ ਵੱਧ 523 ਦੌੜਾਂ ਬਣਾਉਣ ਲਈ ਔਰੇਂਜ ਕੈਪ ਐਵਾਰਡ ਵੀ ਦਿੱਤਾ ਗਿਆ, ਜਿਸ ਵਿੱਚ ਉਸ ਨੂੰ 5 ਲੱਖ ਰੁਪਏ ਮਿਲੇ।
- ਮੁੰਬਈ ਦੀ ਸਪਿੰਨਰ ਅਮੇਲੀਆ ਕਾਰ ਨੇ ਸਭ ਤੋਂ ਵੱਧ 18 ਵਿਕਟਾਂ ਲਈਆਂ ਅਤੇ ਉਨ੍ਹਾਂ ਨੂੰ ਪਰਪਲ ਕੈਪ ਨਾਲ ਸਨਮਾਨਿਤ ਕੀਤਾ ਗਿਆ। ਉਸ ਨੂੰ 5 ਲੱਖ ਰੁਪਏ ਵੀ ਮਿਲੇ ਹਨ।
- ਨੌਜਵਾਨ ਭਾਰਤੀ ਹਰਫਨਮੌਲਾ ਅਮਨਜੋਤ ਕੌਰ ਨੂੰ ਸੀਜ਼ਨ ਦੀ ਉੱਭਰਦੀ ਪਲੇਅਰ ਚੁਣਿਆ ਗਿਆ, ਜਿਸ ਲਈ ਉਸ ਨੂੰ 5 ਲੱਖ ਰੁਪਏ ਮਿਲੇ।
- ਗੁਜਰਾਤ ਜਾਇੰਟਸ ਨੂੰ WPL ਫੇਅਰ ਪਲੇ ਅਵਾਰਡ ਮਿਲਿਆ, ਜਿਸ ਲਈ ਟੀਮ ਨੂੰ ਟਰਾਫੀ ਦੇ ਨਾਲ 5 ਲੱਖ ਰੁਪਏ ਵੀ ਮਿਲੇ।
- ਮੁੰਬਈ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਫਾਈਨਲ ਦੀ ਪਲੇਅਰ ਆਫ ਦਿ ਮੈਚ ਚੁਣਿਆ ਗਿਆ, ਜਿਸ ਲਈ ਉਸ ਨੂੰ 2.5 ਲੱਖ ਰੁਪਏ ਦਿੱਤੇ ਗਏ।