ਮੀਂਹ ਦਿਵਾਏਗਾ ਭਾਰਤ ਨੂੰ ਸੈਮੀਫਾਈਨਲ ਦੀ ਟਿਕਟ ! WI-SA ਦੀ ਟੱਕਰ ਖੋਲ੍ਹੇਗੀ Team India ਦੀ ਕਿਸਮਤ
Thursday, Feb 26, 2026 - 02:07 PM (IST)
ਸਪੋਰਟਸ ਡੈਸਕ : ਟੀ-20 ਵਿਸ਼ਵ ਕੱਪ 2026 ਦੇ ਸੁਪਰ-8 ਪੜਾਅ 'ਚ ਭਾਰਤੀ ਟੀਮ ਲਈ ਸੈਮੀਫਾਈਨਲ ਦੀ ਰਾਹ ਇੱਕ ਦਿਲਚਸਪ ਮੋੜ 'ਤੇ ਪਹੁੰਚ ਗਈ ਹੈ, ਜੇਕਰ ਅੱਜ ਵੈਸਟਇੰਡੀਜ਼ ਅਤੇ ਦੱਖਣੀ ਅਫਰੀਕਾ ਵਿਚਕਾਰ ਅਹਿਮਦਾਬਾਦ ਵਿੱਚ ਹੋਣ ਵਾਲਾ ਮੁਕਾਬਲਾ ਮੀਂਹ ਕਾਰਨ ਬਿਨਾਂ ਕਿਸੇ ਨਤੀਜੇ ਦੇ ਖਤਮ ਹੁੰਦਾ ਹੈ, ਤਾਂ ਗਰੁੱਪ-1 ਦੀ ਤਸਵੀਰ ਪੂਰੀ ਤਰ੍ਹਾਂ ਬਦਲ ਸਕਦੀ ਹੈ, ਜਿਸ ਨਾਲ ਭਾਰਤ ਲਈ ਅੱਗੇ ਵਧਣ ਦਾ ਰਸਤਾ ਸਾਫ਼ ਹੋ ਜਾਵੇਗਾ।
ਕਿਵੇਂ ਬਣੇਗਾ ਸੈਮੀਫਾਈਨਲ ਦਾ ਸਮੀਕਰਨ?
ਜੇਕਰ ਮੀਂਹ ਕਾਰਨ ਮੈਚ ਰੱਦ ਹੋ ਜਾਂਦਾ ਹੈ, ਤਾਂ ਵੈਸਟਇੰਡੀਜ਼ ਅਤੇ ਦੱਖਣੀ ਅਫਰੀਕਾ ਦੋਵਾਂ ਨੂੰ 1-1 ਅੰਕ ਮਿਲੇਗਾ, ਜਿਸ ਨਾਲ ਉਨ੍ਹਾਂ ਦੇ 3-3 ਅੰਕ ਹੋ ਜਾਣਗੇ। ਅਜਿਹੀ ਸਥਿਤੀ ਵਿੱਚ ਭਾਰਤ ਨੂੰ ਕਿਸੇ ਹੋਰ ਟੀਮ ਦੇ ਨਤੀਜਿਆਂ 'ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਭਾਰਤ ਨੂੰ ਸਿਰਫ਼ ਆਪਣੇ ਬਾਕੀ ਬਚੇ ਦੋਵੇਂ ਮੈਚ ਜ਼ਿੰਬਾਬਵੇ ਅਤੇ ਵੈਸਟਇੰਡੀਜ਼ ਖਿਲਾਫ ਜਿੱਤਣੇ ਹੋਣਗੇ। ਦੋ ਜਿੱਤਾਂ ਨਾਲ ਭਾਰਤ ਦੇ 4 ਅੰਕ ਹੋ ਜਾਣਗੇ ਤੇ ਉਹ 3 ਅੰਕਾਂ ਵਾਲੀ ਵੈਸਟਇੰਡੀਜ਼ ਦੀ ਟੀਮ ਨੂੰ ਪਿੱਛੇ ਛੱਡ ਕੇ ਸਿੱਧਾ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਜਾਵੇਗਾ।
ਰਨਰੇਟ ਦੀ ਚਿੰਤਾ ਹੋਵੇਗੀ ਘੱਟ
ਮੌਜੂਦਾ ਸਮੇਂ ਵਿੱਚ ਭਾਰਤ ਦਾ ਨੈੱਟ ਰਨਰੇਟ ਕਾਫ਼ੀ ਖ਼ਰਾਬ ਹੈ। ਪਰ ਜੇਕਰ ਵੈਸਟਇੰਡੀਜ਼-ਅਫਰੀਕਾ ਮੈਚ ਰੱਦ ਹੁੰਦਾ ਹੈ, ਤਾਂ ਰਨਰੇਟ ਦਾ ਦਬਾਅ ਕਾਫ਼ੀ ਹੱਦ ਤੱਕ ਘੱਟ ਜਾਵੇਗਾ। ਫਿਰ ਭਾਰਤ ਨੂੰ ਵੱਡੇ ਅੰਤਰ ਨਾਲ ਜਿੱਤਣ ਦੀ ਲੋੜ ਨਹੀਂ ਹੋਵੇਗੀ, ਸਗੋਂ ਸਿਰਫ਼ ਜਿੱਤ ਦਰਜ ਕਰਨਾ ਹੀ ਕਾਫ਼ੀ ਹੋਵੇਗਾ ਕਿਉਂਕਿ 4 ਅੰਕਾਂ ਵਾਲਾ ਭਾਰਤ ਆਪਣੇ ਆਪ ਹੀ 3 ਅੰਕਾਂ ਵਾਲੀ ਟੀਮ ਤੋਂ ਅੱਗੇ ਨਿਕਲ ਜਾਵੇਗਾ।
ਗਲਤੀ ਦੀ ਕੋਈ ਗੁੰਜਾਇਸ਼ ਨਹੀਂ
ਹਾਲਾਂਕਿ, ਭਾਰਤੀ ਟੀਮ ਲਈ ਸਥਿਤੀ ਬਿਲਕੁਲ ਸਪੱਸ਼ਟ ਹੈ ਕਿ ਉਨ੍ਹਾਂ ਕੋਲ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਹੋਵੇਗੀ। ਜੇਕਰ ਟੀਮ ਇੰਡੀਆ ਆਪਣੇ ਬਾਕੀ ਬਚੇ ਦੋ ਮੈਚਾਂ ਵਿੱਚੋਂ ਇੱਕ ਵੀ ਹਾਰ ਜਾਂਦੀ ਹੈ, ਤਾਂ ਸੈਮੀਫਾਈਨਲ ਦੀਆਂ ਉਮੀਦਾਂ ਪੂਰੀ ਤਰ੍ਹਾਂ ਖਤਮ ਹੋ ਜਾਣਗੀਆਂ।
ਕੀ ਕਹਿੰਦਾ ਹੈ ਮੌਸਮ ਦਾ ਮਿਜ਼ਾਜ?
ਸੂਤਰਾਂ ਅਨੁਸਾਰ, ਅਹਿਮਦਾਬਾਦ ਵਿੱਚ ਹੋਣ ਵਾਲੇ ਇਸ ਅਹਿਮ ਮੁਕਾਬਲੇ ਵਿੱਚ ਮੀਂਹ ਦੀ ਸੰਭਾਵਨਾ ਬਹੁਤ ਹੀ ਘੱਟ ਹੈ। ਅਜਿਹੇ ਵਿੱਚ 1 ਮਾਰਚ ਨੂੰ ਵੈਸਟਇੰਡੀਜ਼ ਖ਼ਿਲਾਫ਼ ਹੋਣ ਵਾਲਾ ਮੁਕਾਬਲਾ ਫੈਸਲਾਕੁੰਨ ਸਾਬਤ ਹੋ ਸਕਦਾ ਹੈ। ਜੇਕਰ ਦੱਖਣੀ ਅਫਰੀਕਾ ਆਪਣੇ ਆਖਰੀ ਮੈਚ ਵਿੱਚ ਜ਼ਿੰਬਾਬਵੇ ਨੂੰ ਹਰਾ ਦਿੰਦਾ ਹੈ, ਤਾਂ ਉਹ 5 ਅੰਕਾਂ ਨਾਲ ਅੱਗੇ ਵਧ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
