T20 World Cup ; ਚੈਂਪੀਅਨ ਟੀਮ 'ਤੇ ਵਰ੍ਹੇਗਾ ਪੈਸਿਆਂ ਦਾ ਮੀਂਹ ! ਰਨਰਅੱਪ ਟੀਮ ਵੀ ਹੋ ਜਾਏਗੀ ਮਾਲਾਮਾਲ
Saturday, Mar 07, 2026 - 12:09 PM (IST)
ਅਹਿਮਦਾਬਾਦ : ਆਈਸੀਸੀ ਟੀ-20 ਵਿਸ਼ਵ ਕੱਪ 2026 ਦਾ ਫਾਈਨਲ ਮੁਕਾਬਲਾ ਐਤਵਾਰ, 8 ਮਾਰਚ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਇਤਿਹਾਸਕ ਮੈਦਾਨ 'ਤੇ ਭਾਰਤੀ ਟੀਮ ਆਪਣੀ ਤੀਜੀ ਟੀ-20 ਟਰਾਫੀ ਜਿੱਤਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ, ਜਦਕਿ ਨਿਊਜ਼ੀਲੈਂਡ ਦੀ ਟੀਮ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਨ ਲਈ ਜ਼ੋਰ ਲਗਾਏਗੀ।
ਖਿਤਾਬ ਜੇਤੂ ਤੇ ਉਪ ਜੇਤੂ ਟੀਮ ਨੂੰ ਮਿਲਣਗੇ ਇੰਨੇ ਕਰੋੜ
ਇਸ ਵਾਰ ਆਈਸੀਸੀ ਨੇ ਇਨਾਮੀ ਰਾਸ਼ੀ (Prize Money) ਵਿੱਚ ਪਿਛਲੇ ਵਿਸ਼ਵ ਕੱਪ ਦੇ ਮੁਕਾਬਲੇ 20 ਫੀਸਦੀ ਦਾ ਵਾਧਾ ਕੀਤਾ ਹੈ। ਕੁੱਲ 13.5 ਮਿਲੀਅਨ ਡਾਲਰ (ਲਗਭਗ 123.77 ਕਰੋੜ ਰੁਪਏ) ਦਾ ਇਨਾਮੀ ਪੂਲ ਰੱਖਿਆ ਗਿਆ ਹੈ। ਫਾਈਨਲ ਜਿੱਤਣ ਵਾਲੀ ਟੀਮ ਨੂੰ ਲਗਭਗ 27.50 ਕਰੋੜ ਰੁਪਏ ਮਿਲਣਗੇ, ਜਦਕਿ ਉਪ-ਜੇਤੂ (Runner-up) ਟੀਮ ਨੂੰ ਵੀ ਲਗਭਗ 14.67 ਕਰੋੜ ਰੁਪਏ ਦੀ ਵੱਡੀ ਰਾਸ਼ੀ ਦਿੱਤੀ ਜਾਵੇਗੀ।
ਸੈਮੀਫਾਈਨਲ ਦਾ ਸਫ਼ਰ ਅਤੇ ਹੋਰ ਟੀਮਾਂ ਦੇ ਇਨਾਮ
ਦੋਵੇਂ ਟੀਮਾਂ ਇਸ ਸਮੇਂ ਸ਼ਾਨਦਾਰ ਫਾਰਮ ਵਿੱਚ ਹਨ। ਭਾਰਤ ਨੇ ਦੂਜੇ ਸੈਮੀਫਾਈਨਲ ਵਿੱਚ ਇੰਗਲੈਂਡ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ ਹੈ, ਜਦਕਿ ਨਿਊਜ਼ੀਲੈਂਡ ਨੇ ਪਹਿਲੇ ਸੈਮੀਫਾਈਨਲ ਵਿੱਚ ਦੱਖਣੀ ਅਫ਼ਰੀਕਾ ਨੂੰ ਮਾਤ ਦੇ ਕੇ ਖ਼ਿਤਾਬੀ ਮੁਕਾਬਲੇ ਵਿੱਚ ਪ੍ਰਵੇਸ਼ ਕੀਤਾ। ਸੈਮੀਫਾਈਨਲ ਵਿੱਚ ਹਾਰਨ ਵਾਲੀਆਂ ਟੀਮਾਂ ਨੂੰ ਲਗਭਗ 7.24 ਕਰੋੜ ਰੁਪਏ ਦਿੱਤੇ ਜਾਣਗੇ । ਇਸ ਤੋਂ ਇਲਾਵਾ 5ਵੇਂ ਤੋਂ 12ਵੇਂ ਸਥਾਨ ਦੀਆ ਟੀਮਾਂ ਨੂੰ ਲਗਭਗ 3.48 ਕਰੋੜ ਰੁਪਏ ਮਿਲਣਗੇ। 13ਵੇਂ ਤੋਂ 20ਵੇਂ ਸਥਾਨ ਦੀਆਂ ਟੀਮਾਂ ਨੂੰ ਲਗਭਗ 2.29 ਕਰੋੜ ਰੁਪਏ ਮਿਲਣਗੇ।
ਪ੍ਰਸ਼ੰਸਕਾਂ 'ਚ ਭਾਰੀ ਉਤਸ਼ਾਹ
ਫਾਈਨਲ ਮੈਚ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਭਾਰੀ ਕ੍ਰੇਜ਼ ਦੇਖਿਆ ਜਾ ਰਿਹਾ ਹੈ, ਜਿਸ ਕਾਰਨ ਅਹਿਮਦਾਬਾਦ ਸ਼ਹਿਰ ਵਿਚ ਹੋਟਲਾਂ ਅਤੇ ਹਵਾਈ ਜਹਾਜ਼ ਦੀਆਂ ਟਿਕਟਾਂ ਦੀਆਂ ਕੀਮਤਾਂ ਅਸਮਾਨੀ ਪਹੁੰਚ ਚੁੱਕੀਆਂ ਹਨ।
