WPL 2024: ਸ਼ੈਫਾਲੀ ਵਰਮਾ ਨੇ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ''ਚ ਬਦਲਣ ਦਾ ਦੱਸਿਆ ਰਾਜ਼
Friday, Mar 01, 2024 - 01:30 PM (IST)
ਬੈਂਗਲੁਰੂ— ਹਮਲਾਵਰ ਬੱਲੇਬਾਜ਼ ਸ਼ੇਫਾਲੀ ਵਰਮਾ ਨੇ ਕਿਹਾ ਕਿ ਉਨ੍ਹਾਂ ਨੇ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ 'ਚ ਬਦਲਣ ਲਈ ਪਿਛਲੇ ਇਕ ਸਾਲ 'ਚ ਆਪਣੀ ਸ਼ੈਲੀ 'ਚ ਛੋਟੇ ਬਦਲਾਅ ਕੀਤੇ ਹਨ, ਜਿਸ ਦਾ ਅਸਰ ਮਹਿਲਾ ਪ੍ਰੀਮੀਅਰ ਲੀਗ 'ਚ ਦੇਖਣ ਨੂੰ ਮਿਲ ਰਿਹਾ ਹੈ। ਵਰਮਾ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖਿਲਾਫ ਦਿੱਲੀ ਕੈਪੀਟਲਸ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ, ਅਰਧ ਸੈਂਕੜਾ ਜੜਿਆ ਅਤੇ ਦੂਜੀ ਵਿਕਟ ਲਈ ਐਲਿਸ ਕੈਪਸ (46) ਦੇ ਨਾਲ 82 ਦੌੜਾਂ ਦੀ ਸਾਂਝੇਦਾਰੀ ਕੀਤੀ। ਉਨ੍ਹਾਂ ਨੇ ਕਿਹਾ, 'ਪਿਛਲੀ ਵਾਰ ਡਬਲਯੂਪੀਐੱਲ 'ਚ ਮੈਂ 30 ਜਾਂ 40 ਦੇ ਸਕੋਰ 'ਤੇ ਆਊਟ ਹੋ ਰਹੀ ਸੀ। ਮੈਂ ਉਨ੍ਹਾਂ ਪਾਰੀਆਂ ਤੋਂ ਬਹੁਤ ਕੁਝ ਸਿੱਖਿਆ। ਉਨ੍ਹਾਂ ਦੀ ਬਦੌਲਤ ਮੈਂ ਹੁਣ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ 'ਚ ਬਦਲਣ 'ਚ ਸਮਰੱਥ ਹਾਂ।
ਉਨ੍ਹਾਂ ਨੇ ਕਿਹਾ, 'ਮਾਨਸਿਕਤਾ 'ਚ ਮੁੱਖ ਬਦਲਾਅ ਆਇਆ ਹੈ ਅਤੇ ਮੈਂ ਇਸ ਲੈਅ ਨੂੰ ਬਰਕਰਾਰ ਰੱਖਣਾ ਚਾਹੁੰਦੀ ਹਾਂ।' 15 ਸਾਲ ਦੀ ਉਮਰ 'ਚ ਭਾਰਤ ਲਈ ਖੇਡਣ ਵਾਲੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਬਣੀ 20 ਸਾਲਾ ਸ਼ੈਫਾਲੀ ਨੇ ਕਿਹਾ ਕਿ ਆਸਟ੍ਰੇਲੀਆ ਦੀ ਮੇਗ ਲੈਨਿੰਗ ਨਾਲ ਡਰੈਸਿੰਗ ਰੂਮ ਸਾਂਝਾ ਕਰਨਾ ਕਾਫੀ ਫਾਇਦੇਮੰਦ ਰਿਹਾ ਹੈ। ਉਨ੍ਹਾਂ ਨੇ ਕਿਹਾ, 'ਜਦੋਂ ਕੋਈ ਤਜਰਬੇਕਾਰ ਖਿਡਾਰੀ ਤੁਹਾਡੇ ਨਾਲ ਹੁੰਦਾ ਹੈ ਤਾਂ ਤੁਹਾਡੇ ਹਾਵ-ਭਾਵ ਆਪਣੇ-ਆਪ ਬਦਲ ਜਾਂਦੇ ਹਨ। ਉਨ੍ਹਾਂ ਵਰਗੀ ਖਿਡਾਰਨ ਨਾਲ ਖੇਡਣਾ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਆਪਣੀ ਬੱਲੇਬਾਜ਼ੀ ਨਾਲ ਖੇਡ ਨੂੰ ਬਦਲ ਦਿੱਤਾ ਹੈ।