ਕੋਰੋਨਾਵਾਇਰਸ ਦੇ ਕਾਰਨ ਟਾਲਿਆ ਗਿਆ ਦਿੱਲੀ ''ਚ ਹੋਣ ਵਾਲਾ ਸ਼ੂਟਿੰਗ ਵਰਲਡ ਕੱਪ
Friday, Mar 06, 2020 - 04:36 PM (IST)
ਸਪੋਰਟਸ ਡੈਸਕ— ਚੀਨ, ਦੱਖਣੀ ਕੋਰੀਆ, ਮਲੇਸ਼ੀਆ ਅਤੇ ਇੰਡੋਨੇਸ਼ੀਆ ਜਿਹੇ ਦੇਸ਼ਾਂ ਤੋਂ ਬਾਅਦ ਹੁਣ ਭਾਰਤ 'ਚ ਵੀ ਕੋਰੋਨਾਵਾਇਰਸ ਦਾ ਅਸਰ ਦਿਖਾਈ ਦੇਣ ਲੱਗਾ ਹੈ। ਭਾਰਤ ਨੇ ਇਸ ਵੱਧਦੇ ਖਤਰੇ ਨੂੰ ਧਿਆਨ 'ਚ ਰੱਖਦੇ ਹੋਏ ਅਗਲੇ ਹਫਤੇ ਨਵੀਂ ਦਿੱਲੀ 'ਚ ਹੋਣ ਵਾਲੇ ਆਈ. ਐੱਸ. ਐੱਸ. ਐੱਫ. ਵਰਲਡ ਕੱਪ ਨੂੰ ਟਾਲਣ ਦਾ ਫੈਸਲਾ ਕੀਤਾ ਹੈ। ਭਾਰਤੀ ਸਰਕਾਰ ਨੇ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਸਾਰੇ ਦੇਸ਼ਾਂ ਦੇ ਲੋਕਾਂ ਨੂੰ ਵੀਜ਼ਾ ਨਹੀਂ ਦੇਣ ਦਾ ਫੈਸਲਾ ਕੀਤਾ ਹੈ ਜਿਸ ਤੋਂ ਬਾਅਦ ਵਰਲਡ ਕੱਪ ਨੂੰ ਟਾਲਣ ਦਾ ਫੈਸਲਾ ਲਿਆ ਗਿਆ ਹੈ।
ਮਈ ਅਤੇ ਜੂਨ 'ਚ ਖੇਡਿਆ ਜਾਵੇਗਾ ਆਈ. ਐੱਸ. ਐੱਸ. ਐੱਫ ਵਰਲਡ ਕੱਪ
ਨਵੀਂ ਦਿੱਲੀ 'ਚ ਹੋਣ ਵਾਲੇ ਆਈ. ਐੱਸ. ਐੱਸ. ਐੱਫ ਵਰਲਡ ਕੱਪ 'ਚ ਰਾਈਫਲ, ਪਿਸਟਲ ਅਤੇ ਸ਼ਾਟਗਨ ਤਿੰਨਾਂ ਦੇ ਮੁਕਾਬਲੇ ਖੇਡੇ ਜਾਣੇ ਸਨ। ਇਸ ਨੂੰ ਹੁਣ ਦੋ ਭਾਗਾਂ 'ਚ ਵੰਡ ਦਿੱਤਾ ਗਿਆ ਹੈ। ਰਾਈਫਲ ਅਤੇ ਪਿਸਟਲ ਈਵੈਂਟ ਮਈ ਦੇ ਪਹਿਲੇ ਹਫਤੇ 'ਚ ਖੇਡੇ ਜਾਣਗੇ ਉਥੇ ਹੀ ਜੂਨ ਦੇ ਪਹਿਲੇ ਹਫਤੇ 'ਚ ਸ਼ਾਟਗਨ ਦੇ ਈਵੈਂਟ ਹੋਣਗੇ। ਭਾਰਤੀ ਸਰਕਾਰ ਨੇ ਜਾਪਾਨ, ਇਟਲੀ, ਦੱਖਣੀ ਕੋਰੀਆ ਅਤੇ ਇਰਾਨ ਦੇ ਲੋਕਾਂ ਨੂੰ ਕਿਸੇ ਵੀ ਹਾਲਤ 'ਚ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ।