ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ : ਗੁਕੇਸ਼ ਤੇ ਲਿਰੇਨ ਨੇ ਇਕ ਹੋਰ ਬਾਜ਼ੀ ਡਰਾਅ ਖੇਡੀ
Wednesday, Dec 04, 2024 - 12:27 PM (IST)
ਸਿੰਗਾਪੁਰ– ਵਿਸ਼ਵ ਖਿਤਾਬ ਦੇ ਸਭ ਤੋਂ ਨੌਜਵਾਨ ਚੈਲੰਜਰ ਭਾਰਤ ਦੇ ਡੀ. ਗੁਕੇਸ਼ ਨੇ ਮੰਗਲਵਾਰ ਨੂੰ ਇੱਥੇ ਬਿਹਤਰ ਸਥਿਤੀ ਵਿਚ ਹੋਣ ਦੇ ਬਾਵਜੂਦ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੀ 7ਵੀਂ ਬਾਜ਼ੀ ਵਿਚ ਸਾਬਕਾ ਚੈਂਪੀਅਨ ਚੀਨ ਦੇ ਡਿੰਗ ਲਿਰੇਨ ਨਾਲ ਲਗਾਤਾਰ ਚੌਥਾ ਡਰਾਅ ਖੇਡਿਆ। 5 ਘੰਟੇ ਤੇ 22 ਮਿੰਟ ਤੱਕ ਚੱਲੀ ਇਸ ਬਾਜ਼ੀ ਤੋਂ ਬਾਅਦ ਦੋਵੇਂ ਖਿਡਾਰੀਆਂ ਦੇ ਬਰਬਾਰ 3.5 ਅੰਕ ਹਨ ਤੇ ਅਜੇ ਵੀ ਚੈਂਪੀਅਨਸ਼ਿਪ ਜਿੱਤਣ ਲਈ 4 ਅੰਕ ਦੂਰ ਹਨ। ਜਿਹੜਾ ਖਿਡਾਰੀ 14 ਬਾਜ਼ੀਆਂ ਦੇ ਮੁਕਾਬਲੇ ਵਿਚ ਪਹਿਲਾਂ 7.5 ਅੰਕ ਹਾਸਲ ਕਰ ਲਵੇਗਾ, ਉਹ ਚੈਂਪੀਅਨ ਬਣੇਗਾ।
ਦੋਵੇਂ ਖਿਡਾਰੀ 72 ਚਾਲਾਂ ਤੋਂ ਬਾਅਦ ਬਾਜ਼ੀ ਨੂੰ ਡਰਾਅ ਕਰਵਾਉਣ ਨੂੰ ਰਾਜ਼ੀ ਹੋ ਗਏ। ਇਹ ਇਸ ਮੁਕਾਬਲੇ ਦਾ ਪੰਜਵਾਂ ਡਰਾਅ ਹੈ। ਚੀਨ ਦੇ 32 ਸਾਲਾ ਲਿਰੇਨ ਨੇ ਪਹਿਲੀ ਬਾਜ਼ੀ ਜਿੱਤੀ ਸੀ ਜਦਕਿ 18 ਸਾਲਾ ਗੁਕੇਸ਼ ਨੇ ਤੀਜੀ ਬਾਜ਼ੀ ਆਪਣੇ ਨਾਂ ਕੀਤੀ ਸੀ। ਦੋਵੇਂ ਖਿਡਾਰੀਆਂ ਵਿਚਾਲੇ ਦੂਜੀ, ਚੌਥੀ, ਪੰਜਵੀਂ ਤੇ ਛੇਵੀਂ ਬਾਜ਼ੀ ਵੀ ਡਰਾਅ ਰਹੀ ਸੀ।