ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ; ਰਾਊਂਡ 6 : ਨੈਪੋ ਨੂੰ ਹਰਾ ਕੇ ਡਿੰਗ ਨੇ ਫਿਰ ਕੀਤਾ ਸਕੋਰ ਬਰਾਬਰ
Monday, Apr 17, 2023 - 02:06 PM (IST)
ਅਸਤਾਨਾ (ਕਜ਼ਾਕਿਸਤਾਨ)– ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ 2023 ਇਸ ਸਦੀ ਦੀ ਸਭ ਤੋਂ ਵੱਧ ਨਤੀਜੇ ਦੇਣ ਵਾਲੀ ਤੇ ਸਭ ਤੋਂ ਨੇੜਲੇ ਮੁਕਾਬਲਿਆਂ ਵਾਲੀ ਚੈਂਪੀਅਨਸ਼ਿਪ ਬਣਦੀ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਹੋਈਆਂ ਵਿਸ਼ਵ ਚੈਂਪੀਅਨਸ਼ਿਪਾਂ ਵਿਚ ਜ਼ਿਆਦਾਤਰ ਮੁਕਾਬਲੇ ਡਰਾਅ ਹੁੰਦੇ ਸਨ ਤੇ ਬਹੁਤ ਹੀ ਮੁਸ਼ਕਿਲ ਨਾਲ ਕੋਈ ਇਕ ਖਿਡਾਰੀ ਜਿੱਤ ਦਰਜ ਕਰਦਾ ਸੀ।
ਇਸ ਵਾਰ ਹੁਣ ਤਕ ਹੋਏ 6 ਰਾਊਂਡਾਂ ਵਿਚੋਂ 4 ਮੈਚਾਂ ਦਾ ਨਤੀਜਾ ਸਾਹਮਣਾ ਆ ਚੁੱਕਾ ਹੈ। 6ਵੇਂ ਰਾਊਂਡ ਵਿਚ ਇਕ ਅੰਕ ਪਿੱਛੇ ਚੱਲ ਰਹੇ ਚੀਨ ਦੇ ਡਿੰਗ ਲੀਰੇਨ ਨੇ ਇਕ ਵਾਰ ਫਿਰ ਵਾਪਸੀ ਕੀਤੀ ਤੇ ਰੂਸ ਦੇ ਯਾਨ ਨੈਪੋਮਨਿਆਚੀ ਨੂੰ ਸਫੈਦ ਮੋਹਰਿਆਂ ਨਾਲ ਹਰਾਉਂਦੇ ਹੋਏ ਸਕੋਰ 3-3 ਕਰ ਦਿੱਤਾ ਹੈ। 14 ਰਾਊਂਡਾਂ ਦੀ ਵਿਸ਼ਵ ਚੈਂਪੀਅਨਸ਼ਿਪ ’ਚ ਹੁਣ 8 ਰਾਊਂਡ ਹੋਰ ਖੇਡੇ ਜਾਣੇ ਬਾਕੀ ਹਨ।
ਸਫੈਦ ਮੋਹਰਿਆਂ ਨਾਲ ਲੰਡਨ ਸਿਸਟਮ ਓਪਨਿੰਗ ਖੇਡ ਕੇ ਡਿੰਗ ਨੇ ਅੱਜ ਮਾਹਿਰਾਂ ਨੂੰ ਵੀ ਹੈਰਾਨ ਕਰ ਦਿੱਤਾ। ਹਾਲਾਂਕਿ ਨੈਪੋਮਨਿਆਚੀ ਨੇ 20ਵੀਂ ਚਾਲ ਤਕ ਖੇਡ ਦਾ ਸੰਤੁਲਨ ਬਣਾਈ ਰੱਖਿਆ ਪਰ ਪਹਿਲਾਂ ਉਸ ਨੇ ਇਸ ਚਾਲ ਵਿਚ ਵਜੀਰ ਦੀ ਅਦਲਾ-ਬਦਲੀ ਨਾ ਕਰਨ ਦਾ ਫੈਸਲਾ ਕੀਤਾ ਤੇ ਫਿਰ 22ਵੀਂ ਚਾਲ ਵਿਚ ਪਿਆਦੇ ਦੀ ਗਲਤ ਚਾਲ ਨਾਲ ਡਿੰਗ ਨੂੰ ਹਮਲਾਵਰ ਖੇਡਣ ਦਾ ਮੌਕਾ ਦੇ ਦਿੱਤਾ। ਰਾਜਾ ਦੀ ਕਮਜ਼ੋਰ ਸਥਿਤੀ ਦੇ ਕਾਰਨ ਡਿੰਗ ਨੇ 44 ਚਾਲਾਂ ਵਿਚ ਜਿੱਤ ਦਰਜ ਕੀਤੀ। ਅਗਲਾ ਰਾਊਂਡ ਹੁਣ ਇਕ ਦਿਨ ਦੇ ਆਰਾਮ ਤੋਂ ਬਾਅਦ ਖੇਡਿਆ ਜਾਵੇਗਾ।