ਵੁਡਸ ਦੀ ਗੋਲਫ ਵਿਚ ਵਾਪਸੀ, ਫਿਨਾਓ ਮੈਮੋਰੀਅਲ ਵਿਚ ਬੜ੍ਹਤ ''ਤੇ
Saturday, Jul 18, 2020 - 12:19 AM (IST)
ਡਬਲਿਨ (ਓਹੀਓ)– ਧਾਕੜ ਗੋਲਫਰ ਟਾਈਗਰ ਵੁਡਸ ਨੇ ਪਿਛਲੇ 5 ਮਹੀਨਿਆਂ ਵਿਚ ਪਹਿਲੀ ਵਾਰ ਪੀ. ਜੀ. ਏ. ਟੂਰ ਵਿਚ ਵਾਪਸੀ ਕੀਤੀ ਤੇ ਮੈਮੋਰੀਅਲ ਗੋਲਫ ਟੂਰਨਾਮੈਂਟ ਦੇ ਪਹਿਲੇ ਦੌਰ ਵਿਚ ਇਕ ਅੰਡਰ-71 ਦਾ ਕਾਰਡ ਖੇਡਿਆ। ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਟੂਰਨਾਮੈਂਟ ਦਰਸ਼ਕਾਂ ਦੇ ਬਿਨਾਂ ਖੇਡਿਆ ਜਾ ਰਿਹਾ ਹੈ, ਜਿਹੜਾ ਵੁਡਸ ਲਈ ਨਵਾਂ ਤਜਰਬਾ ਸੀ। ਉਸ ਨੇ 10 ਫੁੱਟ ਤੋਂ ਬਰਡੀ ਲਾ ਕੇ ਸ਼ੁਰੂਆਤ ਕੀਤੀ ਤੇ 15 ਫੁੱਟ ਦੀ ਬਰਡੀ ਨਾਲ ਪਹਿਲੇ ਦੌਰ ਦਾ ਅੰਤ ਕੀਤਾ।
ਵੁਡਸ ਪਹਿਲੇ ਦੌਰ ਤੋਂ ਬਾਅਦ ਟੋਨੀ ਫਿਨਾਓ ਤੋਂ 5 ਸ਼ਾਟ ਪਿੱਛੇ ਹੈ, ਜਿਸ ਨੇ ਛੇ ਅੰਡਰ 66 ਦਾ ਸਕੋਰ ਬਣਾਇਆ। ਫਿਨਾਓ ਨੇ ਆਪਣੇ ਆਖਰੀ 10 ਹੋਲਾਂ ਵਿਚੋਂ 7 ਵਿਚ ਬਰਡੀਆਂ ਬਣਾਈਆਂ। ਉਸ ਨੇ ਰਿਆਨ ਪਾਮਰ 'ਤੇ ਇਕ ਸ਼ਾਟ ਦੀ ਬੜ੍ਹਤ ਬਣਾ ਰੱਖੀ ਹੈ। ਇਹ ਟੂਰਨਾਮੈਂਟ ਮੁਰੀਫੀਲਡ ਵਿਲੇਜ ਗੋਲਫ ਕੋਰਸ ਵਿਚ ਖੇਡਿਆ ਜਾ ਰਿਹਾ ਹੈ, ਜਿਸ 'ਤੇ ਪਿਛਲੇ ਹਫਤੇ ਵਰਕਡੇ ਚੈਰਿਟੀ ਓਪਨ ਦਾ ਆਯੋਜਨ ਹੋਇਆ ਸੀ। ਇਹ ਪੀ. ਜੀ. ਏ. ਟੂਰ ਦੇ ਪਿਛਲੇ 63 ਸਾਲਾਂ ਦੇ ਇਤਿਹਾਸ ਵਿਚ ਪਹਿਲਾ ਮੌਕਾ ਹੈ ਜਦਕਿ ਇਕ ਕੋਰਸ 'ਤੇ ਲਗਾਤਾਰ ਦੋ ਹਫਤੇ ਟੂਰਨਾਮੈਂਟ ਦਾ ਆਯੋਜਨ ਹੋ ਰਿਹਾ ਹੈ।