ਬੀਬੀਆਂ ਦਾ ਟੀ-20 ਚੈਲੰਜ : ਵੇਲੋਸਿਟੀ ਨੇ ਸੁਪਰਨੋਵਸ ਨੂੰ 5 ਵਿਕਟਾਂ ਨਾਲ ਹਰਾਇਆ
Wednesday, Nov 04, 2020 - 10:53 PM (IST)
ਸ਼ਾਰਜਾਹ: ਬੀਬੀਆਂ ਦੇ ਟੀ-20 ਚੈਲੰਜ 2020 ਟੂਰਨਾਮੈਂਟ ਦਾ ਪਹਿਲਾਂ ਮੈਚ ਅੱਜ ਸੁਪਰਨੋਵਸ ਤੇ ਵੇਲੋਸਿਟੀ ਵਿਚਾਲੇ ਸ਼ਾਰਜਾਹ ਕ੍ਰਿਕਟ ਸਟੇਡੀਅਮ 'ਚ ਖੇਡਿਆ ਗਿਆ, ਜਿਸ 'ਚ ਵੇਲੋਸਿਟੀ ਨੇ ਸੁਪਰਨੋਵਸ ਨੂੰ 5 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਤੋਂ ਪਹਿਲਾਂ ਵੇਲੋਸਿਟੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਅਤੇ ਮੈਦਾਨ 'ਚ ਪਹਿਲਾਂ ਬੱਲੇਬਾਜ਼ੀ ਕਰਨ ਲਈ ਸੁਪਰਨੋਵਸ ਦੀ ਟੀਮ ਉਤਰੀ, ਜਿਸ ਨੇ ਵੇਲੋਸਿਟੀ ਸਾਹਮਣੇ 126 ਦੌੜਾਂ ਦਾ ਟੀਚਾ ਰੱਖਿਆ ਸੀ।
ਸੁਪਰਨੋਵਸ ਵਲੋਂ ਓਪਨਿੰਗ 'ਤੇ ਆਈ ਪ੍ਰਿਆ ਪੁਨੀਆ 11 ਦੌੜਾਂ ਬਣਾ ਕੇ ਆਊਟ ਹੋ ਗਈ ਹਾਲਾਂਕਿ ਉਨ੍ਹਾਂ ਨਾਲ ਦੂਜੇ ਨੰਬਰ 'ਤੇ ਚਾਮਰੀ ਨੇ ਵਧੀਆ ਪਾਰੀ ਖੇਡਦੇ ਹੋਏ 39 ਗੇਂਦਾਂ 'ਚ 44 ਦੌੜਾਂ ਬਣਾਈਆਂ। ਚਾਮਰੀ ਜਹਾਨਾਰਾ ਆਲਮ ਦੀ ਗੇਂਦ 'ਤੇ ਕੈਚ ਆਊਟ ਹੋ ਗਈ। ਇਨ੍ਹਾਂ ਤੋਂ ਇਲਾਵਾ ਸੁਪਰਨੋਵਸ ਦੀ ਕੈਪਟਨ ਹਰਮਨਪ੍ਰੀਤ ਕੌਰ ਨੇ ਟੀਮ ਦਾ ਸਕੋਰ ਵਧਾਉਂਦਿਆਂ 27 ਗੇਂਦਾਂ 'ਚ 31 ਦੌੜਾਂ ਬਣਾਈਆਂ ਅਤੇ ਆਊਟ ਹ ਗਈ। ਇਸ ਤੋਂ ਇਲਾਵਾ ਬਾਕੀ ਖਿਡਾਰਨਾਂ ਕੁੱਝ ਖਾਸ ਨਹੀਂ ਕਰ ਸਕੀਆਂ ਅਤੇ ਜਲਦ ਹੀ ਆਊਟ ਹੋ ਗਈਆਂ। ਇਸ ਦੇ ਨਾਲ ਹੀ ਸੁਪਰਨੋਵਸ ਨੇ ਵੇਲੋਸਿਟੀ ਸਾਹਮਣੇ 127 ਦੌੜਾਂ ਦਾ ਟੀਚਾ ਰੱਖ ਦਿੱਤਾ ਸੀ।
ਇਸ ਤੋਂ ਬਾਅਦ ਜਵਾਬ 'ਚ ਖੇਡਣ ਉਤਰੀ ਵੇਲੋਸਿਟੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਪਹਿਲੇ ਹੀ ਓਵਰ 'ਚ ਇੰਗਲੈਂਡ ਦੀ ਧਾਕੜ ਆਲਰਾਊਂਡਰ ਡੇਨੀਅਲ ਵਿਆਟ ਖਾਕਾ ਦੀ ਗੇਂਦ 'ਤੇ ਤਾਨੀਆ ਭਾਟੀਆ ਨੂੰ ਕੈਚ ਫੜਾ ਬੈਠੀ। ਡੇਨੀਅਲ ਖਾਤਾ ਵੀ ਨਹੀਂ ਖੋਲ ਸਕੀ ਸੀ। ਇਸ ਦੌਰਾਨ ਸ਼ੈਫਾਲੀ ਵਰਮਾ ਨੇ ਜ਼ਰੂਰ ਹੱਥ ਖੋਲ੍ਹੇ। ਸ਼ੈਫਾਲੀ ਨੇ ਸ਼ਾਰਜਹਾ ਦੀ ਛੋਟੀ ਬਾਊਂਡਰੀ ਦਾ ਫਾਇਦਾ ਚੁੱਕਦੇ ਹੋਏ ਤਾਬੜਤੋੜ ਚਾਰ ਚੌਕੇ ਲਗਾਏ ਪਰ ਤੀਜੇ ਹੀ ਓਵਰ 'ਚ ਉਨ੍ਹਾਂ ਨੂੰ ਖਾਕਾ ਨੇ ਸੇਲਮਨ ਦੇ ਹੱਥੋਂ ਕੈਚ ਆਊਟ ਕਰਵਾ ਦਿੱਤਾ ਤੇ ਸ਼ੈਫਾਲੀ 17 ਦੌੜਾਂ ਹੀ ਬਣਾ ਸਕੀ। ਕਪਤਾਨ ਮਿਤਾਲੀ ਰਾਜ ਵੀ ਕੁੱਝ ਖਾਸ ਨਹੀਂ ਕਰ ਸਕੀ। ਉਨ੍ਹਾਂ ਨੇ 19 ਗੇਂਦਾਂ 'ਚ ਸਿਰਫ 7 ਦੌੜਾਂ ਬਣਾਈਆਂ ਅਤੇ ਸ਼੍ਰੀਵਰਧਨੇ ਦੀ ਗੇਂਦ 'ਤੇ ਸੇਲਮਨ ਨੂੰ ਕੈਚ ਫੜਾ ਕੇ ਪਵੇਲੀਅਨ ਵਾਪਸ ਪਰਤ ਗਈ। ਇਸ ਦੇ ਬਾਅਦ ਕ੍ਰਿਸ਼ਨਾਮੂਰਤੀ ਤੇ ਸੁਸ਼ਮਾ ਵਰਮਾ ਨੇ ਪਾਰੀ ਨੂੰ ਸੰਭਾਲਿਆ। 12 ਓਵਰ ਹੋਣ ਤਕ ਵੇਲੋਸਿਟੀ ਟੀਮ ਦਾ ਸਕੋਰ 60 ਦੌੜਾਂ ਹੀ ਹੋਈਆਂ ਸਨ। ਵੇਦਾ ਨੇ 28 ਗੇਂਦਾਂ 'ਚ 29 ਦੌੜਾਂ ਬਣਾਈਆਂ। ਉਨ੍ਹਾਂ ਨੂੰ ਰਾਧਾ ਯਾਦਵ ਨੇ ਅੱਟਾਪੱਟ ਦੇ ਹੱਥੋਂ ਆਊਟ ਕਰਵਾਇਆ।
ਸੁਸ਼ਮਾ ਵਰਮਾ ਨੇ ਬਾਅਦ 'ਚ ਟੀਮ ਨੂੰ ਸੰਭਾਲਿਆ। ਉਨ੍ਹਾਂ ਨੇ ਸੂਨ ਲੂਸ ਦੇ ਨਾਲ ਮਿਲ ਕੇ ਤੇਜ਼ ਤਰਾਰ ਪਾਰਟਨਰਸ਼ਿਪ ਕੀਤੀ। ਲੁਸ ਨੇ ਇਸ ਦੌਰਾਨ 150 ਦੀ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕੀਤੀ। ਉਥੇ ਹੀ ਸੁਸ਼ਮਾ ਨੇ ਉਸ ਦਾ ਸਾਥ ਦਿੱਤਾ। ਸੁਸ਼ਮਾ ਜਦ 34 ਦੌੜਾਂ ਬਣਾ ਕੇ ਖੇਡ ਰਹੀ ਸੀ ਤਾਂ ਉਹ ਪੂਨਮ ਯਾਦਵ ਦੀ ਗੇਂਦ 'ਤੇ ਆਊਟ ਹੋ ਗਈ ਪਰ ਇਸ ਦੇ ਬਾਅਦ ਸੁਨ ਇੱਕਲੇ ਹੀ ਟੀਮ ਨੂੰ ਜਿੱਤ ਵੱਲ ਲੈ ਗਈ। ਸੁਨ ਨੇ 21 ਗੇਂਦਾਂ 'ਚ ਚਾਰ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 37 ਦੌੜਾਂ ਬਣਾਈਆਂ ਅਤੇ ਟੀਮ ਨੂੰ ਸ਼ਾਨਦਾਰ ਜਿੱਤ ਹਾਸਲ ਕਰਵਾਈ।