ਮਹਿਲਾ ਵਿਸ਼ਵ ਕੱਪ : ਆਸਟਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ
Saturday, Mar 19, 2022 - 02:41 PM (IST)
 
            
            ਸਪੋਰਟਸ ਡੈਸਕ- ਮਹਿਲਾ ਵਿਸ਼ਵ ਕੱਪ ਦੇ 18ਵੇਂ ਮੈਚ 'ਚ ਅੱਜ ਆਸਟਟਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਇੱਥੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 277 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਇਸ ਤਰ੍ਹਾਂ ਭਾਰਤ ਨੇ ਆਸਟਰੇਲੀਆ ਨੂੰ ਜਿੱਤ ਲਈ 278 ਦੌੜਾਂ ਦਾ ਟੀਚਾ ਦਿੱਤਾ। ਟੀਮ ਲਈ ਕਪਤਾਨ ਮਿਤਾਲੀ ਰਾਜ, ਯਸਤਿਕਾ ਭਾਟੀਆ ਅਤੇ ਹਰਮਨਪ੍ਰੀਤ ਨੇ ਸ਼ਾਨਦਾਰ ਅਰਧ ਸੈਂਕੜੇ ਲਗਾਏ।
ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਚੁਣੀ ਗੇਂਦਬਾਜ਼ੀ
ਮੈਚ 'ਚ ਆਸਟਰੇਲੀਆਈ ਟੀਮ ਨੇ ਭਾਰਤੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਆਸਟਰੇਲੀਆਈ ਕਪਤਾਨ ਦਾ ਇਹ ਫੈਸਲਾ ਸਹੀ ਸਾਬਤ ਹੋਇਆ ਅਤੇ ਭਾਰਤੀ ਟੀਮ ਨੇ ਪਹਿਲੇ 6 ਓਵਰਾਂ 'ਚ 28 ਦੌੜਾਂ ਦੇ ਅੰਦਰ ਹੀ ਆਪਣੇ ਦੋਵੇਂ ਸਲਾਮੀ ਬੱਲੇਬਾਜ਼ਾਂ ਦੀਆਂ ਵਿਕਟਾਂ ਗੁਆ ਦਿੱਤੀਆਂ। ਸਮ੍ਰਿਤੀ ਮੰਧਾਨਾ (10) ਅਤੇ ਸ਼ੈਫਾਲੀ ਵਰਮਾ (12) ਜਲਦੀ ਹੀ ਆਊਟ ਹੋ ਗਈਆਂ। ਇੱਥੋਂ ਕਪਤਾਨ ਮਿਤਾਲੀ ਰਾਜ (68) ਅਤੇ ਯਸਤਿਕਾ ਭਾਟੀਆ (59) ਨੇ 130 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤੀ ਟੀਮ ਨੂੰ ਵਾਪਸੀ ਦਿਵਾਈ। ਇਨ੍ਹਾਂ ਦੋਵਾਂ ਖਿਡਾਰੀਆਂ ਦੇ ਆਊਟ ਹੋਣ ਤੋਂ ਬਾਅਦ ਹਰਮਨਪ੍ਰੀਤ ਨੇ ਬੜ੍ਹਤ ਸੰਭਾਲੀ ਅਤੇ 47 ਗੇਂਦਾਂ 'ਤੇ ਅਜੇਤੂ 57 ਦੌੜਾਂ ਬਣਾਈਆਂ। ਉਹ ਇੱਕ ਸਿਰੇ 'ਤੇ ਰੁਕੇ। ਦੂਜੇ ਸਿਰੇ ਤੋਂ ਰਿਚਾ ਘੋਸ਼ (8) ਅਤੇ ਸਨੇਹ ਰਾਣਾ (0) ਸਸਤੇ ਵਿੱਚ ਪੈਵੇਲੀਅਨ ਪਰਤ ਗਏ। ਹਾਲਾਂਕਿ 9ਵੇਂ ਕ੍ਰਮ 'ਤੇ ਬੱਲੇਬਾਜ਼ੀ ਕਰਨ ਆਈ ਪੂਜਾ ਵਸਤਰਕਾਰ ਨੇ ਰਨ ਆਊਟ ਹੋਣ ਤੋਂ ਪਹਿਲਾਂ ਹਰਮਨਪ੍ਰੀਤ ਦਾ ਚੰਗਾ ਸਾਥ ਦਿੱਤਾ। ਉਸ ਨੇ 28 ਗੇਂਦਾਂ 'ਤੇ 34 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। 
ਆਸਟਰੇਲੀਆ ਨੇ ਜਿੱਤਿਆ ਮੈਚ
ਜਵਾਬ 'ਚ ਆਸਟਰੇਲੀਆ ਨੇ 4 ਵਿਕਟਾਂ ਦੇ ਨੁਕਸਾਨ 'ਤੇ 280 ਦੌੜਾਂ ਬਣਾ ਕੇ ਇਹ ਮੈਚ 6 ਵਿਕਟਾਂ ਨਾਲ ਜਿੱਤ ਲਿਆ। ਆਸਟਰੇਲੀਆ ਲਈ ਮੇਗ ਲੈਨਿੰਗ ਨੇ 97 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਹਾਲਾਂਕਿ ਉਹ ਨਵਰਸ 90 ਦਾ ਸ਼ਿਕਾਰ ਹੋ ਗਈ ਤੇ ਆਪਣੇ ਸੰਕੜੇ ਤੋਂ ਖੁੰਝ ਗਈ। ਮੇਗ ਲੈਨਿੰਗ ਤੋਂ ਇਲਾਵਾ ਐਲਿਸਾ ਹਿਲੀ ਨੇ 72, ਰਾਚੇਲ ਹੇਂਸ ਨੇ 43, ਬੇਥ ਮੂਨੀ ਨੇ 30 ਤੇ ਐਲਿਸਾ ਪੇਰੀ 28 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤ ਲਈ ਮੇਘਨਾ ਸਿੰਘ 1, ਪੂਜਾ  ਵਸਤਰਾਕਰ ਨੇ 2 ਤੇ ਸਨੇਹ ਰਾਣਾ ਨੇ ਇਕ ਵਿਕਟ ਲਈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            