ਮਹਿਲਾ ਵਿਸ਼ਵ ਚੈਂਪੀਅਨਸ਼ਿਪ : ਮੈਰੀਕਾਮ ਤੇ ਨੌਜਵਾਨ ਮੁੱਕੇਬਾਜ਼ਾਂ ਤੋਂ ਤਮਗੇ ਦੀ ਉਮੀਦ

10/03/2019 3:19:13 AM

ਉਲਾਨ ਉਦੇ (ਰੂਸ)— 6 ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ ਆਪਣੇ ਤਜਰਬੇ ਦੀ ਬਦੌਲਤ ਵੀਰਵਾਰ ਤੋਂ ਇੱਥੇ ਸ਼ੁਰੂ ਹੋ ਰਹੀ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਇਕ ਵਾਰ ਫਿਰ ਤਮਗੇ ਦੀ ਦਾਅਵੇਦਾਰ ਹੋਵੇਗੀ ਜਦਕਿ ਭਾਰਤ ਨੂੰ ਨੌਜਵਾਨ ਖਿਡਾਰੀਆਂ ਤੋਂ ਵੀ ਤਮਗੇ ਦੀ ਉਮੀਦ ਹੋਵੇਗੀ।
ਮਣੀਪੁਰ ਦੀ 36 ਸਾਲਾ ਮੈਰੀਕਾਮ ਦਾ ਕਰੀਅਰ ਸ਼ਾਨਦਾਰ ਰਿਹਾ ਹੈ ਪਰ ਉਹ 51 ਕਿ. ਗ੍ਰਾ. ਭਾਰ ਵਰਗ ਵਿਚ ਵਿਸ਼ਵ ਖਿਤਾਬ ਨਹੀਂ ਜਿੱਤ ਸਕੀ ਹੈ ਤੇ ਰੂਸ ਦੇ ਸ਼ਹਿਰ ਵਿਚ ਉਹ ਇਸ ਖਿਤਾਬ ਨੂੰ ਵੀ ਆਪਣੀ ਝੋਲੀ ਵਿਚ ਪਾਉਣਾ ਚਾਹੇਗੀ। ਮੈਰੀਕਾਮ ਨੇ 51 ਕਿ. ਗ੍ਰਾ. ਭਾਰ ਵਰਗ ਵਿਚ ਸਖਤ ਮੁਕਾਬਲੇਬਾਜ਼ੀ ਦੇ ਬਾਵਜੂਦ ਓਲੰਪਿਕ ਕਾਂਸੀ ਤਮਗਾ ਤੇ ਏਸ਼ੀਆਈ ਖੇਡਾਂ ਦਾ ਸੋਨ ਤਮਗਾ ਜਿੱਤਿਆ ਹੈ।
ਸਾਬਕਾ ਚੈਂਪੀਅਨ ਐੱਲ. ਸਰਿਤਾ ਦੇਵੀ (60 ਕਿ. ਗ੍ਰਾ.) 'ਤੇ ਵੀ ਸਾਰਿਆਂ ਦੀਆਂ ਨਜ਼ਰਾਂ ਹੋਣਗੀਆਂ। ਉਸ ਨੇ ਟ੍ਰਾਇਲ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਿਛਲੀ ਵਾਰ ਦੀ ਕਾਂਸੀ ਤਮਗਾ ਜੇਤੂ ਤੇ ਆਪਣੇ ਤੋਂ ਕਿਤੇ ਵੱਧ ਨੌਜਵਾਨ ਸਿਮਰਨਜੀਤ ਕੌਰ ਨੂੰ ਹਰਾਇਆ।  ਏਸ਼ੀਆਈ ਚੈਂਪੀਅਨਸ਼ਿਪ ਦੀ 8 ਵਾਰ ਦੀ ਤਮਗਾ ਜੇਤੂ ਨਾਲ ਹੀ ਕੌਮਾਂਤਰੀ ਮੁੱਕੇਬਾਜ਼ੀ ਸੰਘ (ਏ. ਆਈ. ਬੀ.ਏ .) ਦੇ ਪਹਿਲੇ ਐਥਲੀਟ ਕਮਿਸ਼ਨ ਦੀ ਮੈਂਬਰ ਬਣਨ ਦੀ ਦੌੜ ਵਿਚ ਵੀ ਸ਼ਾਮਲ ਹੈ। ਇਸ ਦੇ ਲਈ ਵੋਟਿੰਗ ਇਸ ਵੱਕਾਰੀ ਪ੍ਰਤੀਯੋਗਿਤਾ ਦੌਰਾਨ ਹੀ ਹੋਵੇਗੀ। ਉਸ ਦੇ ਕਮਿਸ਼ਨ ਵਿਚ ਜਗ੍ਹਾ ਬਣਾਉਣ ਦੀ ਪੂਰੀ ਉਮੀਦ ਹੈ ਕਿਉਂਕਿ ਏਸ਼ੀਆ ਤੋਂ ਕੋਈ ਹੋਰ ਨਾਮਜ਼ਦਗੀ ਨਹੀਂ ਹੈ।
ਇੰਡੀਆ ਓਪਨ ਦੀ ਸੋਨ ਤਮਗਾ ਜੇਤੂ ਨੀਰਜ (57 ਕਿ. ਗ੍ਰਾ.) ਤੇ ਜਮੁਨਾ ਬੋਰੋ (54 ਕਿ. ਗ੍ਰਾ.) ਉਸ ਦੇ ਪੰਜ ਮੱੁੱਕੇਬਾਜ਼ਾਂ ਵਿਚ ਸ਼ਾਮਲ ਹਨ, ਜਿਹੜੀਆਂ ਇਸ ਪ੍ਰਤੀਯੋਗਿਤਾ ਵਿਚ ਡੈਬਿਊ ਕਰਨਗੀਆਂ ਤੇ ਉਲਟਫੇਰ ਕਰਨ ਵਿਚ ਸਮਰਥ ਹਨ। ਇਸ ਦੇ ਇਲਾਵਾ 75 ਕਿ.ਗ੍ਰਾ. ਭਾਰ ਵਰਗ ਵਿਚ ਸਾਬਕਾ ਏਸ਼ੀਆਈ ਚੈਂਪੀਅਨ ਸਵੀਟੀ ਬੂਰਾ 'ਤੇ ਵੀ ਨਜ਼ਰਾਂ ਰਹਿਣਗੀਆਂ। ਉਸ ਨੇ 2014 ਵਿਚ ਇਸ ਪ੍ਰਤੀਯੋਗਿਤਾ ਵਿਚ ਚਾਂਦੀ ਤਮਗਾ ਜਿੱਤਿਆ ਸੀ। ਰਾਸ਼ਟਰੀ ਕੋਚ ਮੁਹੰਮਦ ਅਲੀ ਕੁਮਾਰ ਨੇ ਕਿਹਾ, ''ਟੀਮ ਵਿਚ ਚੰਗਾ ਮਿਸ਼ਰਣ ਹੈ। ਪਿਛਲੀ ਵਾਰ ਅਸੀਂ ਚਾਰ ਤਮਗੇ ਜਿੱਤੇ ਸਨ, ਦੇਖਦੇ ਹਾਂ ਡੈਬਿਊ ਕਰਨ ਵਾਲੀਆਂ ਮੁੱਕੇਬਾਜ਼ ਇਸ ਵਾਰ ਚੁਣੌਤੀ ਨੂੰ ਲੈ ਕੇ ਕਿਹੋ ਜਿਹੀ ਪ੍ਰਤੀਕਿਰਿਆ ਦਿੰਦੀਆਂ ਹਨ।''
ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਇਸ ਤਰ੍ਹਾਂ ਹੈ—
ਮੰਜੂ ਰਾਣੀ (48 ਕਿ. ਗ੍ਰਾ.), ਐੱਮ. ਸੀ. ਮੈਰੀਕਾਮ (51 ਕਿ. ਗ੍ਰਾ.), ਜਮੁਨਾ ਬੋਰੋ (54 ਕਿ. ਗ੍ਰਾ.), ਨੀਰਜ (57 ਕਿ. ਗ੍ਰਾ.), ਸਰਿਤਾ ਦੇਵੀ (60 ਕਿ. ਗ੍ਰਾ.), ਮੰਜੂ ਬੋਮਬੋਰੀਆ (64 ਕਿ.ਗ੍ਰਾ.), ਲਵਲੀਨਾ ਬੋਰਗੋਹੇਨ (69 ਕਿ. ਗ੍ਰਾ.) ਸਵੀਟੀ ਬੂਰਾ (75 ਕਿ. ਗ੍ਰਾ.), ਨੰਦਨੀ (81 ਕਿ. ਗ੍ਰਾ.) ਅਤੇ ਕਵਿਤਾ ਚਾਹਲ (81 ਕਿ. ਗ੍ਰਾ. ਤੋਂ ਵੱਧ)।
 


Gurdeep Singh

Content Editor

Related News