ਤ੍ਰਿਕੋਣੀ ਮਹਿਲਾ ਵਨਡੇ ਲੜੀ : ਸ਼੍ਰੀਲੰਕਾ ਨੇ ਭਾਰਤ ਨੂੰ 3 ਵਿਕਟਾਂ ਨਾਲ ਹਰਾਇਆ

Monday, May 05, 2025 - 11:06 AM (IST)

ਤ੍ਰਿਕੋਣੀ ਮਹਿਲਾ ਵਨਡੇ ਲੜੀ : ਸ਼੍ਰੀਲੰਕਾ ਨੇ ਭਾਰਤ ਨੂੰ 3 ਵਿਕਟਾਂ ਨਾਲ ਹਰਾਇਆ

ਕੋਲੰਬੋ- ਤਜਰਬੇਕਾਰ ਆਲਰਾਊਂਡਰ ਨੀਲਕਸ਼ਿਕਾ ਸਿਲਵਾ ਦੇ ਤਾਬੜਤੋੜ ਅਰਧ-ਸੈਂਕੜਾ ਨਾਲ ਸ਼੍ਰੀਲੰਕਾ ਤ੍ਰਿਕੋਣੀ ਮਹਿਲਾ ਵਨਡੇ ਲੜੀ ’ਚ ਐਤਵਾਰ ਨੂੰ ਇਥੇ ਭਾਰਤ ਨੂੰ 3 ਵਿਕਟਾਂ ਨਾਲ ਹਰਾ ਕੇ ਉਸ ਖਿਲਾਫ 7 ਸਾਲ ’ਚ ਪਹਿਲੀ ਜਿੱਤ ਦਰਜ ਕੀਤੀ। ਸ਼੍ਰੀਲੰਕਾ ਦੀ ਇਹ ਟੂਰਨਾਮੈਂਟ ’ਚ ਦੂਸਰੀ ਜਿੱਤ ਹੈ, ਜਿਸ ਨਾਲ ਉਹ ਫਾਈਨਲ ’ਚ ਜਗ੍ਹਾ ਬਣਾਉਣ ਦੇ ਨੇੜੇ ਪਹੁੰਚ ਗਈ ਹੈ। ਇਹ ਟੂਰਨਾਮੈਂਟ ’ਚ ਭਾਰਤ ਦੀ ਪਹਿਲੀ ਹਾਰ ਹੈ ਪਰ ਪਹਿਲੇ 2 ਮੈਚਾਂ ’ਚ ਮਿਲੀ ਜਿੱਤ ਦੀ ਬਦੌਲਤ ਹੁਣ ਵੀ ਟੀਮ ਫਾਈਨਲ ’ਚ ਜਗ੍ਹਾ ਬਣਾਉਣ ਦੀ ਮਜ਼ਬੂਤ ਦਾਅਵੇਦਾਰ ਹੈ।

ਵਿਕਟਕੀਪਰ ਬੱਲੇਬਾਜ਼ ਰੀਚਾ ਘੋਸ਼ ਦੀ 48 ਗੇਂਦਾਂ ’ਚ 58 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਭਾਰਤ ਨੇ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ 9 ਵਿਕਟਾਂ ’ਤੇ 275 ਦੌੜਾਂ ਬਣਾਈਆਂ। ਸ਼੍ਰੀਲੰਕਾ ਨੇ ਇਸ ਦੇ ਜਵਾਬ ’ਚ ਨੀਲਕਸ਼ਿਕਾ ਦੀਆਂ 33 ਗੇਂਦਾਂ ’ਚ 3 ਛੱਕਿਆਂ ਅਤੇ 5 ਚੌਕਿਆਂ ਨਾਲ 56 ਦੌੜਾਂ ਦੀ ਪਾਰੀ ਦੀ ਬਦੌਲਤ 49.1 ਓਵਰ ’ਚ 7 ਵਿਕਟਾਂ ’ਤੇ 278 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਨੀਲਕਸ਼ਿਕਾ ਦੇ ਆਊਟ ਹੋਣ ਤੋਂ ਬਾਅਦ ਅਨੁਸ਼ਕਾ ਸੰਜੀਵਨੀ (28 ਗੇਂਦਾਂ ’ਚ ਅਜੇਤੂ 23) ਅਤੇ ਸੁਗੰਧਿਕਾ ਕੁਮਾਰੀ (20 ਗੇਂਦਾਂ ’ਚ ਅਜੇਤੂ 19) ਨੇ 8ਵੀਂ ਵਿਕਟ ਲਈ 39 ਗੇਂਦਾਂ ’ਚ 40 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰ ਕੇ ਸ਼੍ਰੀਲੰਕਾ ਨੂੰ ਜਿੱਤ ਦੁਆਈ।

ਟੀਚੇ ਦਾ ਪਿੱਛਾ ਕਰਦੇ ਹੋਏ ਹਸਿਨੀ ਪਰੇਰਾ (27 ਗੇਂਦਾਂ ’ਚ 22 ਦੌੜਾਂ) ਨੇ ਚੰਗੀ ਸ਼ੁਰੂਆਤ ਕੀਤੀ ਪਰ ਦੀਪਤੀ ਸ਼ਰਮਾ ਦੇ ਸ਼ਾਨਦਾਰ ਥ੍ਰੋਅ ’ਤੇ ਆਊਟ ਹੋ ਗਈ। ਹਰਸ਼ਿਤਾ ਸ੍ਰਮਵਿਕਰਮ (53) ਨੇ ਵਿਸ਼ਮੀ ਗੁਣਾਰਤਨੇ (58 ਗੇਂਦਾਂ ’ਤੇ 33 ਦੌੜਾਂ) ਨਾਲ ਦੂਸਰੀ ਵਿਕਟ ਲਈ 78 ਦੌੜਾਂ ਜੋੜ ਕੇ ਸ਼੍ਰੀਲੰਕਾ ਦੀ ਪਾਰੀ ਨੂੰ ਸੰਭਾਲਿਆ। ਕਪਤਾਨ ਚਾਮਰੀ ਅੱਟਾਪੱਟੂ (23) ਅਤੇ ਕਵਿਸ਼ਾ ਦਿਲਹਾਰੀ (35) ਨੇ ਲੋੜੀਂਦਾ ਯੋਗਦਾਨ ਦਿੱਤਾ ਪਰ ਦੋਨਾਂ ਨੂੰ ਸਨੇਹਾ ਰਾਣਾ (45 ਦੌੜਾਂ ’ਤੇ 3 ਵਿਕਟਾਂ) ਨੇ ਪਵੇਲੀਅਨ ਭੇਜ ਕੇ ਭਾਰਤ ਨੂੰ ਵਾਪਸੀ ਦੁਆਉਣ ਦੀ ਕੋਸ਼ਿਸ਼ ਕੀਤੀ।

ਇਸ ਤੋਂ ਪਹਿਲਾਂ ਰੀਚਾ ਨੇ ਆਪਣੀ ਪਾਰੀ ’ਚ 5 ਚੌਕੇ ਅਤੇ 3 ਛੱਕੇ ਜੜੇ ਅਤੇ ਉਹ ਭਾਰਤ ਵੱਲੋਂ ਟਾਪ ਸਕੋਰਰ ਰਹੀ। ਕਪਤਾਨ ਹਰਮਨਪ੍ਰੀਤ ਕੌਰ (45 ਗੇਂਦਾਂ ’ਤੇ 30 ਦੌੜਾਂ) ਅਤੇ ਹਰਲੀਨ ਦਿਓਲ (35 ਗੇਂਦਾਂ ’ਤੇ 29 ਦੌੜਾਂ) ਨੇ ਚੰਗੀ ਸ਼ੁਰੂਆਤ ਕੀਤੀ ਪਰ ਉਹ ਇਸ ਨੂੰ ਵੱਡੇ ਸਕੋਰ ’ਚ ਨਹੀਂ ਬਦਲ ਸਕੀ।


author

Tarsem Singh

Content Editor

Related News