ਮਹਿਲਾ ਆਈ. ਪੀ. ਐੱਲ. ਮਾਰਚ 2023 ’ਚ 4 ਹਫ਼ਤਿਆਂ ਦੀ ਵਿੰਡੋ ਨਾਲ ਹੋਵੇਗਾ ਆਰੰਭ

Saturday, Aug 13, 2022 - 04:11 PM (IST)

ਮਹਿਲਾ ਆਈ. ਪੀ. ਐੱਲ. ਮਾਰਚ 2023 ’ਚ 4 ਹਫ਼ਤਿਆਂ ਦੀ ਵਿੰਡੋ ਨਾਲ ਹੋਵੇਗਾ ਆਰੰਭ

ਨਵੀਂ ਦਿੱਲੀ– ਮਹਿਲਾਵਾਂ ਦੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ. ਐੱਲ.) ਮਾਰਚ 2023 ਵਿਚ ਇਕ ਮਹੀਨੇ ਦੀ ਵਿੰਡੋ ਵਿਚ ਸ਼ੁਰੂ ਕੀਤੀ ਜਾਵੇਗੀ ਤੇ ਪੂਰੀ ਸੰਭਾਵਨਾ ਹੈ ਕਿ ਇਸ ਵਿਚ ਪੰਜ ਟੀਮਾਂ ਖੇਡਣਗੀਆਂ। ਸ਼ੁੱਕਰਵਾਰ ਨੂੰ ਇਸਦੀ ਪੁਸ਼ਟੀ ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਕੀਤੀ। ਬੀ. ਸੀ. ਸੀ. ਆਈ. ਦੇ ਚੋਟੀ ਦੇ ਅਧਿਕਾਰੀਆਂ ਨੇ ਇਸ ਮੁੱਦੇ ’ਤੇ ਚਰਚਾ ਕੀਤੀ ਤੇ ਟੂਰਨਾਮੈਂਟ ਲਈ ਮਾਰਚ ਦੀ ਵਿੰਡੋ ਨੂੰ ਠੀਕ ਸਮਝਿਆ ਗਿਆ, ਜਿਹੜੀ ਦੱਖਣੀ ਅਫਰੀਕਾ ਵਿਚ ਮਹਿਲਾ ਟੀ-20 ਵਿਸ਼ਵ ਕੱਪ ਤੋਂ ਬਾਅਦ ਦੀ ਹੈ। 

ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਗੁਪਤਤਾ ਦੀ ਸ਼ਰਤ 'ਤੇ ਕਿਹਾ ਕਿ ਡਬਲਯੂ. ਆਈ. ਪੀ. ਐੱਲ. ਮਾਰਚ ਦੇ ਪਹਿਲੇ ਹਫ਼ਤੇ 'ਚ ਸ਼ੁਰੂ ਹੋਵੇਗਾ ਤੇ ਅਸੀਂ ਪਹਿਲੇ ਸਾਲ ਚਾਰ ਹਫ਼ਤੇ ਦੀ ਵਿੰਡੋ ਨਿਰਧਾਰਤ ਕੀਤੀ ਹੈ। ਦੱਖਣੀ ਅਫਰੀਕਾ 'ਚ ਟੀ20 ਵਿਸ਼ਵ ਕੱਪ 9 ਤੋਂ 20 ਫਰਵਰੀ ਤਕ ਆਯੋਜਿਤ ਕੀਤਾ ਜਾਵੇਗਾ ਤੇ ਸਾਡੀ ਯੋਜਨਾ ਇਸ ਤੋਂ ਤੁਰੰਤ ਬਾਅਦ ਡਬਲਯੂ. ਆਈ. ਪੀ. ਐੱਲ. ਕਰਾਉਣ ਦੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਅਸੀਂ 5 ਟੀਮਾਂ ਦੇ ਨਾਲ ਟੂਰਨਾਮੈਂਟ ਕਰਾਵਾਂਗੇ ਪਰ ਇਹ 6 ਟੀਮਾਂ ਦਾ ਹੋ ਸਕਦਾ ਹੈ ਕਿਉਂਕਿ ਸੰਭਾਵਿਤ ਨਿਵੇਸ਼ਕਾਂ ਦਰਮਿਆਨ ਇਸ ਨੂੰ ਲੈ ਕੇ ਕਾਫੀ ਦਿਲਚਸਪੀ ਹੈ। ਅੱਗੇ ਟੀਮਾਂ ਦੀ ਨਿਲਾਮੀ ਦੀ ਪ੍ਰਕਿਰਿਆ ਦਾ ਐਲਾਨ ਕੀਤਾ ਜਾਵੇਗਾ।


author

Tarsem Singh

Content Editor

Related News