ਮਹਿਲਾ ਹਾਕੀ : ਭਾਰਤੀ ਟੀਮ ਨੂੰ ਬੈਲਜੀਅਮ ਨੇ ਮੁੜ ਹਰਾਇਆ

Monday, Jun 13, 2022 - 03:26 PM (IST)

ਮਹਿਲਾ ਹਾਕੀ : ਭਾਰਤੀ ਟੀਮ ਨੂੰ ਬੈਲਜੀਅਮ ਨੇ ਮੁੜ ਹਰਾਇਆ

ਸਪੋਰਟਸ ਡੈਸਕ- ਭਾਰਤੀ ਮਹਿਲਾ ਹਾਕੀ ਟੀਮ ਨੂੰ ਐਤਵਾਰ ਨੂੰ ਇਥੇ ਐੱਫ. ਆਈ. ਐੱਚ. ਹਾਕੀ ਪ੍ਰੋ-ਲੀਗ ਦੇ ਦੂਸਰੇ ਦੌਰ ਦੇ ਮੈਚ ਵਿੱਚ ਮੇਜ਼ਬਾਨ ਬੈਲਜੀਅਮ ਦੀ ਟੀਮ ਹੱਥੋਂ 0-5 ਨਾਲ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਮੇਜ਼ਬਾਨ ਟੀਮ ਵੱਲੋਂ ਬਾਰਬਰਾ ਨੈਲੇਨ, ਸ਼ਾਰਲਟ ਐਂਗਲਬਰਟ, ਅਬੀ ਰਾਏ, ਸਟੈਫਨੀ ਵੈਂਡੇਨ ਅਤੇ ਐਂਬਰੇ ਬਲੇਨਗਿਨ ਨੇ ਇਕ-ਇਕ ਗੋਲ ਕੀਤਾ। ਬੈਲਜੀਅਮ ਨੇ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਸ਼ੁਰੂਆਤੀ ਦੌਰ ਦੇ ਮੈਚ ਨੂੰ 2-1 ਨਾਲ ਜਿੱਤਿਆ ਸੀ।

ਮੌਜੂਦਾ ਮੈਚ ਵੀ ਪਿਛਲੇ ਮੁਕਾਬਲੇ ਵਾਂਗ ਹੀ ਸ਼ੁਰੂ ਹੋਇਆ ਜਿਸ ਵਿੱਚ ਬੈਲਜੀਅਮ ਦੀ ਖਿਡਾਰਨ ਨੈਲੇਨ ਨੇ ਗੋਲ ਕਰ ਕੇ ਖੇਡ ਦੇ ਦੂਸਰੇ ਮਿੰਟ ਵਿੱਚ ਹੀ ਮੇਜ਼ਬਾਨ ਟੀਮ ਨੂੰ ਬੜ੍ਹਤ ਦਿਵਾ ਦਿੱਤੀ। ਇਸ ਮਗਰੋਂ ਬਾਰਬਰਾ ਨੇ ਭਾਰਤੀ ਮਹਿਲਾ ਟੀਮ ਦੀ ਕਮਜ਼ੋਰ ਡਿਫੈਂਸ ਦਾ ਫਾਇਦਾ ਉਠਾਉਂਦੇ ਹੋਏ ਗੋਲਕੀਪਰ ਸਵਿਤਾ ਨੂੰ ਝਕਾਨੀ ਦਿੰਦੇ ਹੋਏ ਗੋਲ ਕਰ ਦਿੱਤਾ। ਇਸ ਤੋਂ ਦੋ ਮਿੰਟਾਂ ਬਾਅਦ ਐਂਗਲਬਰਟ ਨੇ ਗੋਲ ਕੀਤਾ ਅਤੇ ਬੈਲਜੀਅਮ ਦੀ ਟੀਮ ਨੇ ਸੱਤਵੇਂ ਮਿੰਟ ਵਿੱਚ ਤੀਸਰਾ ਗੋਲ ਦਾਗ ਦਿੱਤਾ।

ਮੈਚ ਦੌਰਾਨ ਭਾਰਤੀ ਖਿਡਾਰਨ ਸਵਿਤਾ ਦੀ ਗੋਲਕੀਪਿੰਗ ਦਮਦਾਰ ਨਜ਼ਰ ਨਹੀਂ ਆਈ। ਉਸ ਦੀ ਥਾਂ ਬਿਚੂ ਦੇਵੀ ਨੇ ਗੋਲਕੀਪਿੰਗ ਸੰਭਾਲੀ ਪਰ ਉਹ ਵੀ ਦਬਾਅ ਵਿੱਚ ਰਹੀ। ਇਸ ਮਗਰੋਂ ਬੈਲਜੀਅਮ ਦੀ ਖਿਡਾਰਨ ਅਬੀ ਰਾਏ ਨੇ ਗੋਲ ਕੀਤਾ ਤੇ ਵੈਂਡੇਨ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕਰ ਦਿੱਤਾ। ਮੈਚ ਦੇ ਆਖਰੀ ਦੌਰ ਵਿੱਚ ਬਲੇਨਗਿਨ ਦੇ ਗੋਲ ਨੇ ਸਕੋਰ ਨੂੰ 5-0 ’ਤੇ ਪਹੁੰਚਾਇਆ ਤੇ ਭਾਰਤੀ ਮਹਿਲਾ ਟੀਮ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ।


author

Tarsem Singh

Content Editor

Related News