ਰਿਕਾਰਡ ਹਾਜ਼ਰੀ ਦੇ ਬਾਵਜੂਦ ਵਿੰਬਲਡਨ ਦੀ ਪ੍ਰੀ-ਟੂਰਨਾਮੈਂਟ ਟਿਕਟ ਵਿਕਰੀ ''ਚ ਦੇਖੀ ਗਈ ਕਮੀ

07/13/2022 5:48:57 PM

ਸਪੋਰਟਸ ਡੈਸਕ- ਗ੍ਰੈਂਡ ਸਲੈਮ ਵਿੰਬਲਡਨ ਦੇ ਆਯੋਜਨ 'ਚ 14 ਦਿਨਾਂ ਦੀ ਰਿਕਾਰਡ ਹਾਜ਼ਰੀ ਦੇ ਬਾਵਜੂਦ ਪ੍ਰੀ-ਟੂਰਨਾਮੈਂਟ ਟਿਕਟ ਵਿਕਰੀ 'ਚ ਪਹਿਲੀ ਵਾਰ ਕਰੀਬ 25,000 ਦੀ ਕਮੀ ਦਰਜ ਕੀਤੀ ਗਈ ਹੈ। ਆਲ ਇੰਗਲੈਂਡ ਕਲੱਬ ਦੇ 2022 ਆਯੋਜਨ 'ਚ 5,15,164 ਲੋਕ ਪ੍ਰਤੀਯੋਗਿਤਾ ਦੇਖਣ ਆਏ। ਇਹ ਵਿੰਬਲਡਨ ਦੇ 145 ਸਾਲ ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਹਾਜ਼ਰੀ ਹੈ। ਇਸ ਤੋਂ ਪਹਿਲਾਂ 2009 'ਚ 5,11,043 ਤੇ 2019 'ਚ 5,00,397 ਲੋਕ ਆਯੋਜਨ 'ਚ ਹਾਜ਼ਰ ਰਹੇ ਸਨ।

ਇਸ ਸਾਲ ਦੇ ਆਯੋਜਨ 'ਚ 'ਮੱਧ ਐਤਵਾਰ' ਨੂੰ ਹੋਣ ਵਾਲੇ ਮੈਚਾਂ ਦੇ ਕਾਰਨ ਜ਼ਿਆਦਾ ਲੋਕਾਂ ਦੇ ਆਉਣ ਦੀ ਉਮੀਦ ਸੀ। ਆਲ ਇੰਗਲੈਂਡ ਕਲੱਬ ਦੇ ਅੰਦਾਜ਼ੇ ਮੁਤਾਬਕ ਕਰੀਬ 5,40,000 ਲੋਕ ਵਿੰਬਲਡਨ 2022 ਦੇਖਣ ਆ ਸਕਦੇ ਸਨ, ਪਰ ਗਰਾਊਂਡ ਪਾਸ ਉਸ ਤਰ੍ਹਾਂ ਨਹੀਂ ਵਿਕੇ ਜਿਸ ਤਰ੍ਹਾਂ ਦੀ ਉਮੀਦ ਕੀਤੀ ਗਈ ਸੀ। ਇਸ ਤੋਂ ਬਾਅਦ ਇੰਗਲੈਂਡ ਕਲੱਬ ਨੇ 'ਟਿਕਟਾਂ ਦੀ ਸਮੀਖਿਆ' ਸ਼ੁਰੂ ਕੀਤੀ, ਤਾਂ ਜੋ ਟੂਰਨਾਮੈਂਟ ਦੇ ਸ਼ੁਰੂਆਤੀ ਪੰਜ ਦਿਨਾਂ 'ਚ ਲਗਭਗ 20,000 ਲੋਕਾਂ ਦੀ ਕਮੀ 'ਤੇ ਵਿਚਾਰ ਕੀਤਾ ਜਾ ਸਕੇ।

ਜ਼ਿਕਰਯੋਗ ਹੈ ਕਿ ਵਿੰਬਲਡਨ ਦੇ ਸਭ ਤੋਂ ਮਹਿੰਗੇ ਟਿਕਟਾਂ ਦੀ ਵਿਕਰੀ ਸਫਲਤਾਪੂਰਵਕ ਕੀਤੀ ਗਈ, ਤੇ 23 ਲੱਖ ਸਟ੍ਰਾਬੇਰੀ ਦਾ ਵੀ ਸੇਵਨ ਕੀਤਾ ਗਿਆ, ਇਸ ਲਈ ਕਲੱਬ ਨੂੰ ਨਹੀਂ ਲਗਦਾ ਕਿ ਟਿਕਟਾਂ ਦੀ ਕੀਮਤ ਤੇ ਲੋਕਾਂ ਦੀ ਖ਼ਤਮ ਹੁੰਦੀ ਦਿਲਚਸਪੀ ਗ਼ੈਰ ਹਾਜ਼ਰੀ ਦਾ ਕਾਰਨ ਹੈ। ਨਾਲ ਹੀ ਕਲੱਬ ਨੇ ਡਿਜੀਟਲ ਮਾਧਿਅਮ 'ਤੇ ਵਧਦੇ ਹੋਏ ਦਰਸ਼ਕਾਂ 'ਤੇ ਵੀ ਨਜ਼ਰ ਬਣਾਈ ਹੋਈ ਹੈ।


Tarsem Singh

Content Editor

Related News