ਟੈਨਿਸ ਖਿਡਾਰਨ ਓਨਸ ਜੇਬੁਰ ਨੇ ਵਿੰਬਲਡਨ 'ਚ ਵੀ ਇਤਿਹਾਸ ਰਚਿਆ

Wednesday, Jul 06, 2022 - 12:26 PM (IST)

ਟੈਨਿਸ ਖਿਡਾਰਨ ਓਨਸ ਜੇਬੁਰ ਨੇ ਵਿੰਬਲਡਨ 'ਚ ਵੀ ਇਤਿਹਾਸ ਰਚਿਆ

ਵਿੰਬਲਡਨ (ਏਜੰਸੀ) : ‘ਪਹਿਲੀ ਵਾਰ’ ਆਪਣੇ ਨਾਂ ਕਈ ਕਾਰਨਾਮੇ ਦਰਜ ਕਰਨ ਵਾਲੀ ਟਿਊਨੀਸ਼ੀਆ ਦੀ ਓਨਸ ਜੇਬੁਰ ਵਿੰਬਲਡਨ ਦੇ ਆਖ਼ਰੀ ਚਾਰ ਵਿੱਚ ਥਾਂ ਬਣਾ ਕੇ ਕਿਸੇ ਗ੍ਰੈਂਡ ਸਲੈਮ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਅਰਬ ਮਹਿਲਾ ਬਣ ਗਈ ਹੈ। ਪਿਛਲੇ ਸਾਲ ਵਿੰਬਲਡਨ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਵਾਲੀ ਟਿਊਨੀਸ਼ੀਆ ਦੀ ਤੀਜਾ ਦਰਜਾ ਪ੍ਰਾਪਤ ਖਿਡਾਰਨ ਨੇ ਮੰਗਲਵਾਰ ਨੂੰ ਇਕ ਕਦਮ ਅੱਗੇ ਵਧਦੇ ਹੋਏ ਸੈਂਟਰ ਕੋਰਟ ਵਿੱਚ ਮੈਰੀ ਬੋਜਕੋਵਾ ਨੂੰ 3-6, 6-1, 6-1 ਨਾਲ ਹਰਾਇਆ।

ਦੁਨੀਆ ਦੀ ਦੂਜੇ ਨੰਬਰ ਦੀ ਖਿਡਾਰਨ ਜੇਬੁਰ ਨੇ ਕਿਹਾ, 'ਇਹ ਬਹੁਤ ਮਾਇਨੇ ਰੱਖਦਾ ਹੈ। ਮੈਂ ਲੰਬੇ ਸਮੇਂ ਤੋਂ ਉਮੀਦ ਕਰ ਰਹੀ ਸੀ ਕਿ ਮੈਂ ਇੱਥੇ ਪਹੁੰਚ ਪਾਵਾਂਗੀ। ਮੈਂ (ਮੋਰੱਕੋ ਦੇ ਸਾਬਕਾ ਖਿਡਾਰੀ) ਹਿਚਾਮ ਅਰਾਜ਼ੀ ਨਾਲ ਗੱਲ ਕਰਦੀ ਸੀ ਅਤੇ ਉਹ ਮੈਨੂੰ ਕਹਿੰਦੇ ਸੀ ਕਿ ਅਰਬ ਦੇਸ਼ਾਂ ਦੇ ਖਿਡਾਰੀ ਹਮੇਸ਼ਾ ਕੁਆਰਟਰ ਫਾਈਨਲ ਵਿੱਚ ਹਾਰਦੇ ਹਨ ਅਤੇ ਅਸੀਂ ਇਸ ਤੋਂ ਤੰਗ ਆ ਚੁੱਕੇ ਹਾਂ। ਕਿਰਪਾ ਕਰਕੇ ਇਸ ਕ੍ਰਮ ਨੂੰ ਤੋੜੋ। ਮੈਂ ਕਿਹਾ ਦੋਸਤ ਮੈਂ ਅਜਿਹਾ ਕਰਨ ਦੀ ਕੋਸ਼ਿਸ਼ ਕਰਾਂਗੀ।' ਜੇਬੁਰ ਨੇ ਕੋਸ਼ਿਸ਼ ਕੀਤੀ ਅਤੇ ਉਹ ਅਜਿਹਾ ਕਰਨ ਵਿੱਚ ਸਫ਼ਲ ਰਹੀ। 

ਸੈਮੀਫਾਈਨਲ 'ਚ ਜੇਬੁਰ ਦਾ ਸਾਹਮਣਾ ਉਨ੍ਹਾਂ ਦੀ ਤਰ੍ਹਾਂ ਗਰੈਂਡ ਸਲੈਮ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪਹਿਲੀ ਵਾਰ ਜਗ੍ਹਾ ਬਣਾਉਣ ਵਾਲੀ ਜਰਮਨੀ ਦੀ ਤਾਤਿਆਨਾ ਮਾਰੀਆ ਨਾਲ ਹੋਵੇਗਾ। ਜਰਮਨੀ ਦੀ 34 ਸਾਲਾ ਖਿਡਾਰਨ ਨੇ ਆਪਣੇ ਬੱਚਿਆਂ ਦੇ ਜਨਮ ਕਾਰਨ ਟੈਨਿਸ ਤੋਂ ਦੋ ਬ੍ਰੇਕ ਲਏ ਅਤੇ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਆਖਰੀ ਚਾਰ ਵਿੱਚ ਥਾਂ ਬਣਾਉਣ ਵਾਲੀ ਓਪਨ ਯੁੱਗ ਵਿੱਚ ਸਭ ਤੋਂ ਵੱਡੀ ਉਮਰ ਦੀ ਖਿਡਾਰਨ ਬਣ ਗਈ। ਮਾਰੀਆ ਨੇ 35ਵੀਂ ਵਾਰ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ 'ਚ ਹਿੱਸਾ ਲੈਂਦੇ ਹੋਏ 22 ਸਾਲਾ ਜੂਲੇ ਨੀਮੇਰ ਨੂੰ 4-6, 6-2, 7-5 ਨਾਲ ਹਰਾਇਆ।


author

cherry

Content Editor

Related News