ਭਾਰਤ ਖ਼ਿਲਾਫ਼ ਟੀ-20 ਸੀਰੀਜ਼ 'ਚ ਨਹੀਂ ਖੇਡਣਗੇ ਵਿਲੀਅਮਸਨ, ਟੈਸਟ ਮੈਚਾਂ 'ਤੇ ਕਰ ਰਹੇ ਫੋਕਸ
Tuesday, Nov 16, 2021 - 11:53 AM (IST)
ਜੈਪੁਰ (ਭਾਸ਼ਾ)- ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਭਾਰਤ ਦੇ ਖ਼ਿਲਾਫ਼ ਬੁੱਧਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੀ ਤਿੰਨ ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ 'ਚ ਨਹੀਂ ਖੇਡਣਗੇ, ਕਿਉਂਕਿ ਉਹ 25 ਨਵੰਬਰ ਤੋਂ ਕਾਨਪੁਰ 'ਚ ਸ਼ੁਰੂ ਹੋਣ ਵਾਲੀ 2 ਟੈਸਟ ਮੈਚਾਂ ਦੀ ਸੀਰੀਜ਼ 'ਤੇ ਧਿਆਨ ਦੇਣਾ ਚਾਹੁੰਦੇ ਹਨ। ਨਿਊਜ਼ੀਲੈਂਡ ਕ੍ਰਿਕੇਟ (NZC) ਨੇ ਇੱਥੇ ਇਕ ਰਿਲੀਜ਼ ਵਿਚ ਕਿਹਾ ਕਿ ਤੇਜ਼ ਗੇਂਦਬਾਜ਼ ਟਿਮ ਸਾਊਥੀ ਸੀਮਤ ਓਵਰਾਂ ਦੀ ਸੀਰੀਜ਼ ਵਿਚ ਟੀਮ ਦੀ ਅਗਵਾਈ ਕਰਨਗੇ।
NZC ਨੇ ਕਿਹਾ, 'ਬੁੱਧਵਾਰ ਸ਼ਾਮ ਨੂੰ ਹੋਣ ਵਾਲੇ ਟੀ-20 ਸੀਰੀਜ਼ ਦੇ ਪਹਿਲੇ ਮੈਚ ਅਤੇ ਸ਼ੁੱਕਰਵਾਰ ਅਤੇ ਐਤਵਾਰ ਦੀ ਰਾਤ ਨੂੰ ਹੋਣ ਵਾਲੇ ਮੈਚਾਂ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਗਿਆ ਹੈ ਕਿ ਵਿਲੀਅਮਸਨ ਉਨ੍ਹਾਂ ਟੈਸਟ ਮਾਹਿਰਾਂ 'ਚ ਸ਼ਾਮਲ ਹੋਣਗੇ, ਜੋ ਜੈਪੁਰ 'ਚ ਹੀ ਅਭਿਆਸ ਕਰ ਰਹੇ ਹਨ।'
ਰਿਲੀਜ਼ 'ਚ ਕਿਹਾ ਗਿਆ ਹੈ, 'ਟਿਮ ਸਾਊਦੀ ਬੁੱਧਵਾਰ ਨੂੰ ਪਹਿਲੇ ਟੀ-20 ਮੈਚ 'ਚ ਟੀਮ ਦੀ ਅਗਵਾਈ ਕਰਨਗੇ, ਜਦਕਿ ਕਾਈਲ ਜੈਮੀਸਨ, ਡੇਰਿਲ ਮਿਸ਼ੇਲ, ਗਲੇਨ ਫਿਲੀਪਸ ਅਤੇ ਮਿਸ਼ੇਲ ਸੈਂਟਨਰ ਦੋਵੇਂ ਸੀਰੀਜ਼ ਲਈ ਉਪਲਬਧ ਰਹਿਅਗੇ।' ਸੱਜੇ ਪੈਰ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਤੋਂ ਪਰੇਸ਼ਾਨ ਰਹੇ ਤੇਜ਼ ਗੇਂਦਬਾਜ਼ ਲਾਕੀ ਫਰਗੂਸਨ ਦੀ ਪ੍ਰਗਤੀ ਚੰਗੀ ਹੈ ਅਤੇ ਉਨ੍ਹਾਂ ਦੇ ਟੀ-20 ਸੀਰੀਜ਼ ਲਈ ਉਪਲਬਧ ਰਹਿਣ ਦੀ ਸੰਭਾਵਨਾ ਹੈ। ਤਿੰਨ ਟੀ-20 ਅੰਤਰਰਾਸ਼ਟਰੀ ਮੈਚ ਜੈਪੁਰ (17 ਨਵੰਬਰ), ਰਾਂਚੀ (19 ਨਵੰਬਰ) ਅਤੇ ਕੋਲਕਾਤਾ (21 ਨਵੰਬਰ) ਵਿਚ ਖੇਡੇ ਜਾਣਗੇ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।