ਸੰਨਿਆਸ ਤੋਂ ਬਾਅਦ ਵੀ ਭਾਰਤ ਨੂੰ ਬੁਲੰਦੀਆਂ ''ਤੇ ਲਿਜਾਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ: ਛੇਤਰੀ

Wednesday, Jul 10, 2024 - 05:01 PM (IST)

ਨਵੀਂ ਦਿੱਲੀ, (ਭਾਸ਼ਾ) ਭਾਰਤੀ ਫੁੱਟਬਾਲ ਦੇ ਮਹਾਨ ਖਿਡਾਰੀ ਸੁਨੀਲ ਛੇਤਰੀ ਨੇ ਭਾਵੇਂ ਹੀ ਆਪਣੇ ਅੰਤਰਰਾਸ਼ਟਰੀ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ ਹੈ ਪਰ ਉਹ ਟੀਮ ਨਾਲ ਜੁੜੇ ਰਹਿਣਗੇ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਨੂੰ ਉਸ ਦੀ ਮੰਜ਼ਿਲ 'ਤੇ ਪਹੁੰਚਾਉਣ ਲਈ ਉਹ ਹਰ ਸੰਭਵ ਯਤਨ ਕਰਨਗੇ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬੁੱਧਵਾਰ ਨੂੰ ਡੁਰੰਡ ਕੱਪ ਫੁੱਟਬਾਲ ਟੂਰਨਾਮੈਂਟ ਦੇ ਟਰਾਫੀ ਦੌਰੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। 

ਇਸ ਪ੍ਰੋਗਰਾਮ 'ਚ ਮੌਜੂਦ ਛੇਤਰੀ ਨੇ ਕਿਹਾ ਕਿ ਭਾਰਤ ਇਕ ਦਿਨ ਅਜਿਹੇ ਸਥਾਨ 'ਤੇ ਪਹੁੰਚੇਗਾ, ਜਿਸ ਦਾ ਦੇਸ਼ ਦੇ ਲੋਕਾਂ ਨੇ ਸੁਪਨਾ ਦੇਖਿਆ ਹੈ। ਕਈ ਰਾਸ਼ਟਰੀ ਰਿਕਾਰਡ ਤੋੜਨ ਤੋਂ ਬਾਅਦ ਪਿਛਲੇ ਮਹੀਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਵਾਲੇ ਛੇਤਰੀ ਨੇ ਕਿਹਾ, ''ਮੈਂ ਆਪਣੇ ਕਰੀਅਰ 'ਚ ਕਈ ਉਤਰਾਅ-ਚੜ੍ਹਾਅ ਦੇਖੇ ਹਨ ਪਰ ਇਕ ਗੱਲ ਕਾਇਮ ਰਹੇਗੀ ਕਿ ਇਕ ਦਿਨ ਅਸੀਂ ਉਸ ਪੱਧਰ 'ਤੇ ਪਹੁੰਚ ਜਾਵਾਂਗੇ ਜਿਸ ਦਾ ਅਸੀਂ ਸਾਰਿਆਂ ਨੇ ਸੁਪਨਾ ਦੇਖਿਆ ਹੈ।' 

ਛੇਤਰੀ ਇੰਡੀਅਨ ਸੁਪਰ ਲੀਗ (ਆਈਐਸਐਲ) ਵਿੱਚ ਖੇਡਣਾ ਜਾਰੀ ਰੱਖੇਗਾ ਕਿਉਂਕਿ ਉਸ ਦਾ ਬੈਂਗਲੁਰੂ ਐਫਸੀ ਨਾਲ ਅਗਲੇ ਸਾਲ ਤੱਕ ਦਾ ਕਰਾਰ ਹੈ। ਹਾਲਾਂਕਿ ਉਸ ਨੇ ਅਜੇ ਇਹ ਤੈਅ ਨਹੀਂ ਕੀਤਾ ਹੈ ਕਿ ਉਹ ਕਦੋਂ ਤੱਕ ਘਰੇਲੂ ਫੁੱਟਬਾਲ ਖੇਡਣਾ ਜਾਰੀ ਰੱਖੇਗਾ। ਛੇਤਰੀ ਅਗਲੇ ਮਹੀਨੇ 40 ਸਾਲ ਦੇ ਹੋ ਜਾਣਗੇ। ਛੇਤਰੀ, ਜਿਸ ਨੇ ਬੰਗਲੁਰੂ ਐਫਸੀ ਨੂੰ 2022 ਵਿੱਚ ਡੁਰੰਡ ਕੱਪ ਖਿਤਾਬ ਦਿਵਾਇਆ ਸੀ, ਨੇ ਕਿਹਾ, “ਮੈਂ ਹੁਣ ਜ਼ਿਆਦਾ ਕੁਝ ਨਹੀਂ ਕਰ ਸਕਦਾ ਕਿਉਂਕਿ ਮੈਂ ਸੰਨਿਆਸ ਲੈ ਚੁੱਕਾ ਹਾਂ ਪਰ ਮੈਂ ਭਾਰਤ ਨੂੰ ਬੁਲੰਦੀ ਤੱਕ ਪਹੁੰਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ। ਇਸ ਦੇ ਲਈ ਸਾਨੂੰ ਬਹੁਤ ਮਿਹਨਤ ਕਰਨੀ ਪਵੇਗੀ, ਪਰ ਅਸੀਂ ਉਸ ਮੁਕਾਮ 'ਤੇ ਜ਼ਰੂਰ ਪਹੁੰਚਾਂਗੇ ਜਿੱਥੇ ਅਸੀਂ ਪਹੁੰਚਣਾ ਚਾਹੁੰਦੇ ਹਾਂ। 

ਛੇਤਰੀ ਦੇ 19 ਸਾਲ ਦੇ ਲੰਬੇ ਕਰੀਅਰ ਦੌਰਾਨ ਭਾਰਤ ਏਸ਼ੀਆ ਵਿੱਚ ਸਿਖਰਲੇ 20 ਵਿੱਚ ਰਿਹਾ ਪਰ ਸਿਖਰਲੇ 10 ਵਿੱਚ ਨਹੀਂ ਪਹੁੰਚ ਸਕਿਆ। ਇਸ ਸਮੇਂ ਭਾਰਤ ਏਸ਼ੀਆ ਵਿੱਚ 22ਵੇਂ ਅਤੇ ਵਿਸ਼ਵ ਵਿੱਚ 124ਵੇਂ ਸਥਾਨ ’ਤੇ ਹੈ। ਜੁਲਾਈ 2023 ਵਿੱਚ, ਭਾਰਤੀ ਟੀਮ ਫੀਫਾ ਰੈਂਕਿੰਗ ਵਿੱਚ ਸਿਖਰਲੇ 100 ਵਿੱਚ ਪਹੁੰਚ ਗਈ ਸੀ। ਡੁਰੰਡ ਕੱਪ ਬਾਰੇ ਗੱਲ ਕਰਦੇ ਹੋਏ ਛੇਤਰੀ ਨੇ ਕਿਹਾ, ''ਮੈਨੂੰ ਉਦੋਂ ਪਛਾਣ ਮਿਲੀ ਜਦੋਂ ਮੈਂ ਦਿੱਲੀ ਕਲੱਬ ਲਈ ਖੇਡਿਆ। ਇਹ ਸਿਰਫ ਕੋਈ ਟੂਰਨਾਮੈਂਟ ਨਹੀਂ ਹੈ, ਸਗੋਂ ਇਸ ਨਾਲ ਭਾਰਤੀ ਫੁੱਟਬਾਲ ਦਾ ਇਤਿਹਾਸ ਅਤੇ ਪਰੰਪਰਾ ਜੁੜੀ ਹੋਈ ਹੈ।


Tarsem Singh

Content Editor

Related News