...ਜਦੋਂ ਵਿੰਡੀਜ਼ ਗੇਂਦਬਾਜ਼ ਰਾਏ ਗਿਲਕ੍ਰਿਸਟ ਦੇ ਕਾਰਣ ਸਿੱਖ ਕ੍ਰਿਕਟਰ ਦੀ ਉਤਰ ਗਈ ਸੀ ਪਗੜੀ
Sunday, Jun 28, 2020 - 11:59 AM (IST)
ਨਵੀਂ ਦਿੱਲੀ : ਜਮੈਕਾ ਵਿਚ ਜਨਮੇ ਤੇਜ਼ ਗੇਂਦਬਾਜ਼ ਰਾਏ ਗਿਲਕ੍ਰਿਸਟ ਨੂੰ ਕ੍ਰਿਕਟ ਜਗਤ ਦੇ ਸਭ ਤੋਂ ਝਗੜਾਲੂ ਖਿਡਾਰੀਅਾਂ ਵਿਚੋਂ ਇਕ ਮੰਨਿਅਾ ਜਾਂਦਾ ਹੈ। ਵੈਸਟਇੰਡੀਜ਼ ਟੀਮ ਜਦੋਂ 1958-59 ਦੇ ਦੌਰੇ ’ਤੇ ਭਾਰਤ ਅਾਈ ਸੀ ਤਾਂ ਗਿਲਕ੍ਰਿਸਟ ਅਾਪਣੇ ਗਲਤ ਅੈਕਸ਼ਨ ਨੂੰ ਲੈ ਕੇ ਇੰਨਾ ਵਿਵਾਦ ਵਿਚ ਫਸ ਗਿਅਾ ਸੀ ਕਿ ਉਸਦੀ ਖੁਦ ਦੀ ਟੀਮ ਦੇ ਕਪਤਾਨ ਨੇ ਉਸ ਨੂੰ ਫੀਲਡ ਵਿਚੋਂ ਬਾਹਰ ਭੇਜ ਦਿੱਤਾ ਸੀ। ਉਕਤ ਘਟਨਾ ਨਾਗਪੁਰ ਵਿਚ ਖੇਡੇ ਗਏ ਚੌਥੇ ਟੈਸਟ ਦੀ ਹੈ। ਗਿਲਕ੍ਰਿਸਟ ਦੇ ਸਾਹਮਣੇ ਭਾਰਤੀ ਸਿੱਖ ਬੱਲੇਬਾਜ਼ ਏ. ਜੀ. ਕਿਰਪਾਲ ਸਿੰਘ ਸੀ। ਗੇਂਦਬਾਜ਼ ਨੇ ਲਗਾਤਾਰ ਓਵਰਸਟੈਪ ਕਰਦੇ ਹੋਏ ਗੇਂਦਬਾਜ਼ੀ ਕੀਤੀ। 24 ਯਾਰਡ ਦੀ ਪਿੱਚ ’ਤੇ ਉਹ 18 ਯਾਰਡ ਤਕ ਗੇਂਦ ਸੁੱਟ ਰਿਹਾ ਸੀ। ਉਸਦੀਅਾਂ ਲਗਾਤਾਰ 3 ਗੇਂਦਾਂ ਕਿਰਪਾਲ ਦੇ ਸਰੀਰ ’ਤੇ ਲੱਗੀਅਾਂ। ਫਿਰ ਇਕ ਬਾਊਂਸਰ ਜਿਹੜਾ ਕਿ ਗੇਂਦਬਾਜ਼ੀ ਕ੍ਰੀਜ਼ ਤੋਂ ਤਕਰੀਬਨ 6 ਮੀਟਰ ਅੱਗੇ ਜਾ ਕੇ ਸੁੱਟਿਅਾ ਗਿਅਾ ਸੀ, ਸਿੱਧਾ ਕਿਰਪਾਲ ਦੀ ਪਗੜੀ ’ਤੇ ਜਾ ਲੱਗਾ। ਪਗੜੀ ਉਤਰਨ ’ਤੇ ਕਾਫੀ ਵਿਵਾਦ ਹੋਇਅਾ। ਖਾਸ ਤੌਰ ’ਤੇ ਵੈਸਟਇੰਡੀਜ਼ ਦੇ ਕਪਤਾਨ ਅਲੈਗਜ਼ੈਂਡਰ ਨੇ ਅਾਪਣੇ ਗੇਂਦਬਾਜ਼ ਵਲੋਂ ਅਜਿਹਾ ਕਰਨ ’ਤੇ ਸਖਤ ਪ੍ਰਤੀਕਿਰਿਅਾ ਦਿੱਤੀ।
ਇਸ ਨਾਲ ਅਗਲਾ ਮੈਚ ਨਾਰਥ ਜੋਨ ਦੇ ਵਿਰੁੱਧ ਸੀ। ਤਦ ਬੱਲੇਬਾਜ਼ੀ ਕਰ ਰਿਹਾ ਸੀ ਸਰਵਣਜੀਤ ਸਿੰਘ। ਇੱਥੇ ਵੀ ਗਿਲਕ੍ਰਿਸਟ ਨੇ ਬੀਮਰਸ ਮਾਰਨੇ ਸ਼ੁਰੂ ਕਰ ਦਿੱਤੇ। ਅਾਖਿਰ ਵੈਸਟਇੰਡੀਜ਼ ਦੇ ਕਪਤਾਨ ਅਲੈਗਜ਼ੈਂਡਰ ਨੇ ਗਿਲਕ੍ਰਿਸਟ ਨੂੰ ਮੈਦਾਨ ਵਿਚੋਂ ਬਾਹਰ ਭੇਜ ਦਿੱਤਾ ਤੇ ਉਸ ਨੂੰ ਕਿਹਾ ਕਿ ਤੂੰ ਅਗਲੀ ਫਲਾਈਟ ਰਾਹੀਂ ਵਾਪਸ ਜਾ ਸਕਦਾ ਹੈ। ਕਿਹਾ ਜਾਂਦਾ ਹੈ ਕਿ ਪੈਵੇਲੀਅਨ ਵਿਚ ਵੀ ਗਿਲਕ੍ਰਿਸਟ ਤੇ ਅਲੈਗਜ਼ੈਂਡਰ ਵਿਚਾਲੇ ਵਿਵਾਦ ਹੋਇਅਾ। ਗਿਲਕ੍ਰਿਸਟ ਅਾਪਣੇ ਕਪਤਾਨ ਨੂੰ ਚਾਕੂ ਮਾਰਨ ਲਈ ਵੀ ਦੌੜਿਅਾ ਸੀ। ਇਸ ਤੋਂ ਬਾਅਦ ਗਿਲਕ੍ਰਿਸਟ ਟੈਸਟ ਕ੍ਰਿਕਟ ਨਹੀਂ ਖੇਡ ਸਕਿਅਾ। 1967 ਵਿਚ ਉਸ ਨੂੰ 3 ਮਹੀਨਿਅਾਂ ਦੀ ਜੇਲ ਹੋਈ। ਉਸ ’ਤੇ ਪਤਨੀ ਦੀ ਕੁੱਟਮਾਰ ਦਾ ਦੋਸ਼ ਲੱਗਾ ਸੀ। ਉਕਤ ਕ੍ਰਿਕਟਰ ਦੇ ਵਤੀਰੇ ’ਤੇ ਤਦ ਜੱਜ ਨੇ ਕਿਹਾ ਸੀ ਕਿ ਇਸ ਤੋਂ ਪਹਿਲਾਂ ਉਸ ਨੂੰ ਚੰਗਾ ਕ੍ਰਿਕਟਰ ਹੋਣ ਦੇ ਕਾਰਣ ਰਿਅਾਇਤ ਮਿਲ ਰਹੀ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ।